ਪਟਿਆਲਾ, 13 ਦਸੰਬਰ :ਭਾਰਤੀ ਫੌਜ ਵਿੱਚ ਹਵਲਦਾਰ ਸਰਵੇਅਰ ਆਟੋਮੇਟਡ ਕਾਰਟੋਗ੍ਰਾਫਰ ਦੀ ਭਰਤੀ ਲਈ ਹੈਡਕੁਆਟਰਜ਼ ਭਰਤੀ ਜ਼ੋਨ, ਜਲੰਧਰ ਕੈਂਟ ਦੁਆਰਾ ਪੰਜਾਬ ਦੇ ਉਮੀਦਵਾਰਾਂ ਕੋਲੋਂ 24 ਦਸੰਬਰ ਤੱਕ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਭਰਤੀ ਕਰਨਲ ਸੰਜੇ ਕਪੂਰ ਨੇ ਦੱਸਿਆ ਹੈ ਕਿ ਹਵਲਦਾਰ ਸਰਵੇਅਰ ਆਟੋਮੇਟਡ ਕਾਰਟੋਗ੍ਰਾਫਰ ਦੀ ਅਸਾਮੀ ਲਈ ਬਿਨੈ-ਪੱਤਰ ਦੇਣ ਵਾਲੇ ਉਮੀਦਵਾਰ ਦੀ ਉਮਰ 23 ਜਨਵਰੀ 2012 ਨੂੰ 20 ਸਾਲ ਤੋਂ ਘੱਟ ਅਤੇ 25 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ।
ਕਰਨਲ ਸੰਜੇ ਕਪੂਰ ਨੇ ਦੱਸਿਆ ਕਿ ਉਮੀਦਵਾਰ ਗਣਿਤ ਵਿਸ਼ੇ ਨਾਲ ਬੀ.ਏ/ਬੀ.ਐਸ.ਸੀ. 12ਵੀਂ ਪਾਸ ਜਾਂ ਕਿਸੇ ਪ੍ਰਮਾਣਿਤ ਬੋਰਡ/ਯੂਨੀਵਰਸਿਟੀ ਤੋਂ ਸਾਇੰਸ ਅਤੇ ਗਣਿਤ ਮੁੱਖ ਵਿਸ਼ਿਆਂ ਸਮੇਤ ਇਸ ਦੇ ਬਰਾਬਰ ਦੀ ਯੋਗਤਾ ਰੱਖਦਾ ਹੋਵੇ । ਉਨ੍ਹਾਂ ਦੱਸਿਆ ਕਿ ਇਨ੍ਹਾਂ ਉਮੀਦਵਾਰਾਂ ਲਈ ਸੋਲਜਰ ਜਨਰਲ ਡਿਊਟੀ ਵਰਗ ਦੇ ਸਰੀਰਕ ਮਾਪਦੰਡ ਨਿਰਧਾਰਿਤ ਹੋਣਗੇ । ਡਾਇਰੈਕਟਰ ਭਰਤੀ ਨੇ ਕਿਹਾ ਕਿ ਉਮੀਦਵਾਰਾਂ ਦੀ ਮੁੱਢਲੀ ਸਕਰੀਨਿੰਗ ਅਤੇ ਮੈਡੀਕਲ ਪ੍ਰੀਖਿਆ 23 ਤੋਂ 25 ਜਨਵਰੀ 2012 ਤੱਕ ਹੈਡਕੁਆਟਰ ਭਰਤੀ ਜ਼ੋਨ, ਜਲੰਧਰ ਕੈਂਟ ਵਿਖੇ ਹੋਵੇਗੀ । ਉਨ੍ਹਾਂ ਦੱਸਿਆ ਕਿ ਸਿਰਫ ਮੈਡੀਕਲ ਤੌਰ ‘ਤੇ ਫਿੱਟ ਰਹਿਣ ਵਾਲੇ ਉਮੀਦਵਾਰਾਂ ਦੀ ਹੀ 26 ਫਰਵਰੀ 2012 ਨੂੰ ਜਲੰਧਰ ਕੈਂਟ ਵਿਖੇ ਲਿਖਤੀ ਪ੍ਰੀਖਿਆ ਹੋਵੇਗੀ । ਕਰਨਲ ਕਪੂਰ ਨੇ ਦੱਸਿਆ ਕਿ ਉਮੀਦਵਾਰਾਂ ਵੱਲੋਂ ਬਿਨੈ-ਪੱਤਰ ਹੈਡਕੁਆਟਰਜ਼ ਭਰਤੀ ਜ਼ੋਨ (ਪੰਜਾਬ ਅਤੇ ਜੰਮੂ-ਕਸ਼ਮੀਰ), ਜਲੰਧਰ ਕੈਂਟ-144005 ਦੇ ਨਾਂ ‘ਤੇ ਭੇਜੇ ਜਾਣ । ਇਸ ਤੋਂ ਇਲਾਵਾ ਉਮੀਦਵਾਰ ਪਟਿਆਲਾ ਵਿਖੇ ਫੌਜ ਦੇ ਭਰਤੀ ਦਫ਼ਤਰ ਦੇ ਹੈਲਪਲਾਈਨ ਨੰਬਰ 0175-5023222 ਵਿਖੇ ਸੰਪਰਕ ਕਰਕੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।