December 13, 2011 admin

ਮੁੱਖ ਮੰਤਰੀ ਦੇ ਵਿਸ਼ੇਸ ਸਹਿਯੋਗ ਸਦਕਾ ਹੀ ਹਲਕਾ ਸੁਲਤਾਨਪੁਰ ਲੋਧੀ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੋਹ ਸਕਿਆ- ਡਾ. ਉਪਿੰਦਰਜੀਤ ਕੌਰ

ਕਪੂਰਥਲਾ, ੧੩ ਦਸੰਬਰ: ਮੁੱਖ ਮੰਤਰੀ ਪੰਜਾਬ, ਸ੍ਰ. ਪਰਕਾਸ਼ ਸਿੰਘ ਬਾਦਲ ਦੇ ਵਿਸ਼ੇਸ ਸਹਿਯੋਗ ਸਦਕਾ ਹੀ ਹਲਕਾ  ਸੁਲਤਾਨਪੁਰ ਲੋਧੀ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੋਹ ਸਕਿਆ ਹੈ, ਇਸ ਗੱਲ ਦਾ ਪ੍ਰਗਟਾਵਾ ਅੱਜ ਵਿੱਤ ਮੰਤਰੀ ਪੰਜਾਬ, ਡਾ. ਉਪਿੰਦਰਜੀਤ ਕੌਰ ਨੇ ਪੱਤਰਕਾਰਾਂ ਨਾਲ ਗੈਰ ਰਸਮੀਂ ਗੱਲਬਾਤ ਕਰਦਿਆਂ ਕੀਤਾ।
         ਉਨ੍ਹਾਂ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜ ਕਾਲ ਦੌਰਾਨ ਮੁੱਖ ਮੰਤਰੀ ਦੀ ਉੱਚੀ ਧਾਰਮਿਕ ਸੋਚ ਸਦਕਾ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਨਗਰ ਦਾ ਦਰਜਾ ਦਿੱਤਾ ਗਿਆ ਅਤੇ ਇਸ ਪਵਿੱਤਰ ਨਗਰ ਦੇ ਵਿਕਾਸ ਲਈ ਸੁਲਤਾਨਪੁਰ ਲੋਧੀ ਵਿਕਾਸ ਬੋਰਡ ਦਾ ਗਠਨ ਕੀਤਾ, ਜਿਸ ਦੇ ਮੁੱਖ ਮੰਤਰੀ ਆਪ ਚੇਅਰਮੈਨ ਹਨ।
         ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵਾਟਰ ਸਪਲਾਈ, ਸੀਵਰੇਜ ਅਤੇ ਬਿਜਲੀ ਸਿਸਟਮ ਨੂੰ ਬਿਹਤਰ ਬਣਾਉਣ ਲਈ 3.5 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਸ਼ਹਿਰ ਦੇ ਸੁੰਦਰੀਕਰਨ ਲਈ ਸੜ੍ਹਕਾਂ ਅਤੇ ਪਾਰਕਾਂ ਦੇ ਨਿਰਮਾਣ ਵਾਸਤੇ  ਵਿਸ਼ੇਸ ਗ੍ਰਾਂਟਾਂ ਦਿੱਤੀਆਂ ਗਈਆਂ ਹਨ।
ਡਾ. ਉਪਿੰਦਰਜੀਤ ਕੌਰ ਨੇ ਦੱਸਿਆ ਕਿ ਹਲਕੇ ਦੇ ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰ ਸਹੂਲਤ ਦੇਣ ਲਈ ਧੁਸੀ ਬੰਨ੍ਹ ‘ਤੇ ਸੜ੍ਹਕਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਹਲਕੇ ਵਿੱਚ ਵੇਈਂ ਨਦੀ ਉੱਪਰ, ਨਾਨਕਪੁਰ, ਡਡਵਿੰਡੀ ਅਤੇ ਪਿੰਡ ਮੰਡ ਬਾਊਪੁਰ ਵਿਖੇ ਚਾਰ ਵੱਡੇ ਪੁਲਾਂ ਦੀ ਉਸਾਰੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਹਲਕੇ ਦੇ ਲੋਕਾਂ ਨੂੰ ਉੱਚ-ਵਿਦਿਅਕ ਸਹੂਲਤਾਂ ਦੇਣ ਲਈ ਕਸਬਾ ਫੱਤੂਢੀਗਾਂ ਵਿੱਚ ਗੁਰੁ ਨਾਨਕ ਦੇਵ ਯੂਨੀਵਰਸਿਟੀ ਦਾ ਰਿਜ਼ਨਲ ਕੈਂਪਸ ਖੋਲ੍ਹਿਆਂ ਗਿਆ ਹੈ ਅਤੇ ਪਿੰਡ ਮਿੱਠੜਾ ਵਿਖੇ ਪੋਸਟ ਗਰੇਜੂਏਟ ਕਾਲਜ ਬਣਾਇਆ ਗਿਆ ਹੈ ਅਤੇ ਪਿਛਲੇ ਡੇਢ ਸਾਲ ਤੋਂ ਕਲਾਸਾਂ ਲੱਗ ਰਹੀਆਂ ਹਨ, ਜਿਸ ਵਿੱਚ 400 ਬੱਚੇ ਪੜ੍ਹ ਰਹੇ ਹਨ ਅਤੇ ਜਿਨ੍ਹਾਂ ਵਿੱਚੋ 80 ਫੀਸਦੀ ਇਸ ਹਲਕੇ ਦੀਆਂ ਲੜ੍ਹਕੀਆਂ ਹਨ ਅਤੇ ਹਲਕੇ ਦੇ ਬੱਚਿਆਂ ਨੂੰ ਉਚੇਰੀ ਵਿੱਦਿਆ ਦੇਣ ਲਈ ਪਿੰਡ ਜੱਬੋਵਾਲ ਵਿਖੇ 35 ਕਰੋੜ ਰੁਪਏ ਦੀ ਲਾਗਤ ਨਾਲ ਮਲਟੀ-ਡਸਿਪਲਨ ਅਕੈਡਮੀ ਦੀ ਸਥਾਪਨਾ ਕੀਤੀ ਗਈ ਹੈ ਅਤੇ ਇਸ ਵਿੱਚ ਹੋਰਨਾਂ ਕੋਰਸਾਂ ਤੋਂ ਇਲਾਵਾ ਹੁਣ ਹੋਸਪਟਿਲੀਟੀ ਮੇਨੈਜਮੈਂਟ ਇੰਸਟੀਚਿਊਟ ਅਤੇ ਫੂਡ ਕਰਾਫਟ ਇੰਸਟੀਚਿਊਟ ਦੀ ਵੀ ਸਥਾਪਨਾ ਕੀਤੀ ਗਈ ਹੈ। ਡਾ. ਉਪੰਦਰਜੀਤ ਕੌਰ ਨੇ ਦੱਸਿਆ ਕਿ ਹਲਕੇ ਦੇ ਕਿਸਾਨਾਂ ਸਹੂਲਤ ਲਈ ਸੁਲਤਾਨਪੁਰ ਲੋਧੀ ਵਿਖੇ 50 ਏਕੜ ਵਿੱਚ ਅਤਿ-ਆਧੁਨਿਕ ਮੰਡੀ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਸੁਲਤਾਨਪੁਰ ਲੋਧੀ ਵਿਖੇ ਅਰਬਨ ਅਸਟੇਟ ਦੀ ਸਥਾਪਨਾ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਗੜ੍ਹਿਆਂ ਦੀ ਮਾਰ ਨਾਲ ਫਸਲਾਂ ਦੀ ਬਰਬਾਦੀ ਹੋਣ ਕਰਕੇ ਸੁਲਤਾਨਪੁਰ ਲੋਧੀ ਹਲਕੇ ਦੇ ਕਿਸਾਨਾਂ ਨੂੰ 1 ਕਰੋੜ 20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ ਅਤੇ 11 ਕਰੋੜ ਰੁਪਏ ਹਲਕੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਦਿੱਤੇ ਗਏ ਹਨ ਅਤੇ ਹਲਕੇ ਦੇ ਡੇਰਿਆਂ ਨੂੰ ਜਾਣ ਵਾਲੇ ਰਸਤਿਆਂ ਨੂੰ ਪੱਕਾ ਕਰਨ ਲਈ 1 ਕਰੋੜ 75 ਲੱਖ ਰੁਪਏ ਦੀ ਵਿਸ਼ੇਸ ਗ੍ਰਾਂਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੁੱਚੇ ਸੂਬੇ ਵਿੱਚ  ਵਿਕਾਸ ਦੀ ਲਹਿਰ ਨੂੰ ਆਰੰਭਿਆ ਹੈ ਅਤੇ ਵਿਕਾਸ ਦੀ ਇਹ ਲਹਿਰ ਨਿਰੰਤਰ ਜਾਰੀ ਰਹੇਗੀ।

Translate »