ਕੇਸਰ ਦੀ ਐਚ.ਐਫ. ਕਰਾਸ ਗਾਂ ਨੇ 43.646 ਲੀਟਰ ਦੁੱਧ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ
ਫਤਹਿਗੜ੍ਹ ਸਾਹਿਬ 13 ਦਸੰਬਰ : ਖੇਤਰੀ ਪਸ਼ੂਧਨ ਚੈਂਪੀਅਨਸ਼ਿਪ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੇ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਈ ਹੈ ਕਿਉਂਕਿ ਇਸ ਮੇਲੇ ਵਿੱਚ ਉੱਤਮ ਨਸਲ ਦੇ ਪਸ਼ੂ ਲੈ ਕੇ ਆਉਣ ਵਾਲੇ ਪਸ਼ੂ ਪਾਲਕਾਂ ਵਿੱਚ ਹੋਰ ਵੀ ਵਧੇਰੇ ਮੁਕਾਬਲੇ ਦੀ ਭਾਵਨਾ ਪੈਦਾ ਹੋਣ ਨਾਲ ਪਸ਼ੂਆਂ ਦੀ ਨਸਲ ਸੁਧਾਰ ਅਤੇ ਪਸ਼ੂ ਪਾਲਣ ਦੇ ਧੰਦੇ ਨੂੰ ਹੋਰ ਵਧੇਰੇ ਪ੍ਰਫੂਲਿਤ ਕਰਨ ਵਿੱਚ ਸਹਾਈ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸਰਹਿੰਦ ਸ੍ਰ: ਦੀਦਾਰ ਸਿੰਘ ਭੱਟੀ ਨੇ ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲ੍ਹੇ ਦੇ ਪਿੰਡ ਮਹਾਦੀਆਂ ਵਿਖੇ ਆਯੋਜਤ ਕੀਤੇ ਤਿੰਨ ਰੋਜਾ ਖੇਤਰੀ ਪਸ਼ੂਧਨ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ ਇਨਾਮ ਵੰਡਣ ਸਮੇ ਵੱਡੀ ਗਿਣਤੀ ਵਿੱਚ ਇਕੱਤਰ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਅਜਿਹੇ ਖੇਤਰੀ ਪਸ਼ੂਧਨ ਦੇ ਮੁਕਾਬਲਿਆਂ ਨਾਲ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਦੀਆਂ ਆਧੁਨਿਕ ਤਕਨੀਕਾਂ ਦੀ ਪਸ਼ੂ ਪਾਲਣ ਵਿਭਾਗ ਦੇ ਮਾਹਿਰਾਂ ਤੋਂ ਵੱਢਮੁੱਲੀ ਜਾਣਕਾਰੀ ਹਾਸਲ ਹੁੰਦੀ ਹੈ। ਉਨ੍ਹਾਂ ਪਸੂ ਪਾਲਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਦੇ ਧੰਦੇ ਨੂੰ ਪ੍ਰੋਤਸਾਹਿਤ ਕਰਨ ਲਈ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਦੁਧਾਰੂ ਪਸ਼ੂ ਜਿੱਥੇ ਸਾਨੂੰ ਵੱਡੀ ਪੱਧਰ ‘ਤੇ ਦੁੱਧ ਮੁਹੱਈਆ ਕਰਵਾਉਂਦੇ ਹਨ ਉੱਥੇ ਪਸ਼ੂਆਂ ਦਾ ਮਲਮੂਤਰ ਅਤੇ ਗੋਬਰ ਵਧੀਆ ਕਿਸਮ ਦੀ ਖਾਦ ਮੁਹੱਈਆ ਕਰਕੇ ਧਰਤੀ ਦੀ ਉਪਜਾਉ ਸ਼ਕਤੀ ਵਧਾਉਣ ਵਿੱਚ ਵੀ ਸਹਿਯੋਗੀ ਹੁੰਦੇ ਹਨ।
ਸ. ਭੱਟੀ ਨੇ ਆਖਿਆ ਕਿ ਵਧੀਆਂ ਨਸਲ ਦੀਆਂ ਮੱਝਾਂ ਤੇ ਗਾਵਾਂ ਪਾਲਣ ਦਾ ਧੰਦਾ ਬੇਰੋਜ਼ਗਾਰ ਨੌਜਵਾਨਾਂ ਲਈ ਇੱਕ ਵਰਦਾਨ ਸਾਬਤ ਹੋ ਰਿਹਾ ਹੈ। ਉਨ੍ਹਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੀਮਤੀ ਸਮਾਂ ਪਸੂ ਪਾਲਣ ਜਾਂ ਹੋਰ ਮੱਛੀ ਪਾਲਣ,ਮੁਰਗੀ ਪਾਲਣ ਵਰਗੇ ਸਹਾਇਕ ਧੰਦੇ ਅਪਣਾ ਕੇ ਰੋਜਗਾਰ ਪੈਦਾ ਕਰਨ ਵੱਲ ਲਗਾਉਣ ਕਿਉਂਕਿ ਵਿਹਲਾ ਸਮਾਂ ਨੋਜਵਾਨਾਂ ਵਿੱਚ ਨਸੇ ਦੀਆਂ ਆਦਤਾਂ ਅਤੇ ਹੋਰ ਬੁਰਾਈਆਂ ਪੈਦਾ ਕਰਦਾ ਹੈ। ਉਨਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਇਨ੍ਹਾਂ ਮੇਲਿਆਂ ਵਿੱਚ ਵੱਧ ਚੜ੍ਹਕੇ ਭਾਗ ਲੈ ਕੇ ਲੋੜੀਂਦੀ ਜਾਣਕਾਰੀ ਹਾਸਲ ਕਰਨ ਕਿਉਂਕਿ ਪਸ਼ੂ ਪਾਲਣ ਦਾ ਧੰਦਾ ਉਨ੍ਹਾਂ ਲਈ ਸਵੈ ਰੋਜ਼ਗਾਰ ਦਾ ਇਕ ਉੱਤਮ ਜਰੀਆ ਹੈ ਕਿਉਂਕਿ ਪਸ਼ੂ ਧੰਨ ਪੰਜਾਬ ਦੀ ਖੁਸ਼ਹਾਲੀ ਵਿੱਚ ਵਿਸ਼ੇਸ ਯੋਗਦਾਨ ਪਾ ਰਿਹਾ ਹੈ।
ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸ੍ਰੀ ਐਚ.ਐਸ. ਸੰਧਾ ਨੇ ਦੱਸਿਆ ਕਿ ਇਸ ਪਸ਼ੂ ਮੇਲੇ ਵਿੱਚ 1800 ਦੇ ਕਰੀਬ ਪਸ਼ੂ ਪਾਲਕਾਂ ਦੇ ਵੱਖ-ਵੱਖ ਖੇਤਰਾਂ ਵਿੱਚ 47 ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਦੁੱਧ ਚੁਆਈ ਮੁਕਾਬਲਿਆਂ ਵਿੱਚ ਪਟਿਆਲਾ ਜ਼ਿਲ੍ਹੇ ਦੇ ਪਿੰਡ ਲਾਹੌਰਾ ਦੇ ਪਸ਼ੂ ਪਾਲਕ ਸ਼੍ਰੀ ਕੇਸਰ ਸਿੰਘ ਦੀ ਐਚ.ਐਫ. ਕਰਾਸ ਗਾਂ ਨੇ 43 ਲੀਟਰ 646 ਮਿਲੀਲੀਟਰ ਦੁੱਧ ਦੇ ਕੇ ਪਹਿਲਾ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਘੁਮੰਡਗੜ ਦੇ ਸ਼੍ਰੀ ਹਰਜੀਤ ਸਿੰਘ ਦੀ ਗਾਂ ਐਚ.ਐਫ ਕਰਾਸ ਨੇ 41 ਲੀਟਰ 336 ਮਿਲੀਲੀਟਰ ਦੁੱਧ ਦੇ ਕੇ ਦੂਜਾ ਸਥਾਨ ਹਾਸਲ ਕੀਤਾ। ਐਸ.ਏ.ਐਸ. ਨਗਰ (ਮੋਹਾਲੀ) ਦੇ ਕਮਲਜੀਤ ਡੇਅਰੀ ਫਾਰਮ ਗੜਾਂਗਾਂ ਦੀ ਜਰਸੀ ਕਰਾਸ ਗਾਂ ਨੇ 24 ਲੀਟਰ 017 ਮਿਲੀਲੀਟਰ ਦੁੱਧ ਦੇ ਕੇ ਪਹਿਲਾ ਸਥਾਨ ਅਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੀਮਨਾ ਦੇ ਸ਼੍ਰੀ ਅਮਰਜੀਤ ਸਿੰਘ ਦੀ ਜਰਸੀ ਕਰਾਸ ਗਾਂ ਨੇ 22 ਲੀਟਰ 06 ਮਿਲੀਲੀਟਰ ਦੁੱਧ ਦੇ ਕੇ ਦੂਜਾ ਇਨਾਮ ਪ੍ਰਾਪਤ ਕੀਤਾ । ਇਸੇ ਤਰ੍ਹਾਂ ਮੱਝਾਂ ਮੁਰੱਹਾ ‘ਚ ਸ੍ਰ: ਬਲਵਿੰਦਰ ਸਿੰਘ ਰੁੜਕੀ (ਫਤਹਿਗੜ੍ਹ ਸਾਹਿਬ) ਦੀ ਮੱਝ ਨੇ 21 ਲੀਟਰ ਦੁੱਧ ਦੇ ਕੇ ਪਹਿਲਾ ਸਥਾਨ ਅਤੇ ਬਲਵਿੰਦਰ ਸਿੰਘ ਰੁੜਕੀ ਦੀ ਹੀ ਮੱਝ ਨੇ 20 ਲੀਟਰ 65 ਮਿਲੀਲੀਟਰ ਦੁੱਧ ਦੇ ਕੇ ਦੂਜਾ ਸਥਾਨ ਹਾਸਲ ਕੀਤਾ । ਮੱਝ ਨੀਲੀ ਰਾਵੀ ਨਸਲ ਵਿੱਚ ਸ੍ਰ: ਕੁਲਦੀਪ ਸਿੰਘ ਭਾਦਸੋਂ ਦੀ ਮੱਝ ਨੇ 16 ਲੀਟਰ 440 ਮਿਲੀਲੀਟਰ ਦੁੱਧ ਦੇ ਕੇ ਪਹਿਲਾ ਸਥਾਨ ਅਤੇ ਸ੍ਰ: ਗੁਰਜੰਟ ਸਿੰਘ ਪਿੰਡ ਪਲਾਸੋਰ (ਸੰਗਰੂਰ) ਨੇ 11.363 ਲੀਟਰ ਦੇ ਕੇ ਦੂਜਾ ਸਥਾਨ ਹਾਸਲ ਕੀਤਾ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਸੁਖਦੇਵ ਸਿੰਘ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਸ਼੍ਰੀ ਐਚ.ਐਸ. ਚੱਠਾ, ਸਾਬਕਾ ਮੰਤਰੀ ਤੇ ਐਸ.ਜੀ.ਪੀ.ਸੀ. ਮੈਂਬਰ ਸ਼੍ਰੀ ਰਣਧੀਰ ਸਿੰਘ ਚੀਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਸ਼ੂ ਪਾਲਕ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।