December 13, 2011 admin

ਪੰਜਾਬ ਸਰਕਾਰ ਵੱਲੋਂ ਅਨਾਜ ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਵੱਡੀ ਰਾਹਤ

ਖਰੀਦ ਰੁੱਤ ਦੌਰਾਨ ਫਸਲਾਂ ਦੀ ਸਫਾਈ ਲਈ ਖਪਤ ਹੁੰਦੇ ਡੀਜ਼ਲ ਅਤੇ ਬਿਜਲੀ ਦਾ ਖਰਚਾ ਪੰਜਾਬ ਮੰਡੀ ਬੋਰਡ ਅਤੇ ਆੜ੍ਹਤੀਆਂ ਵੱਲੋਂ ਸਾਂਝੇ ਤੌਰ ‘ਤੇ ਸਹਿਣ ਕੀਤਾ ਜਾਵੇਗਾ
ਅੰਮ੍ਰਿਤਸਰ, 13 ਦਸੰਬਰ-ਪੰਜਾਬ ਸਰਕਾਰ ਨੇ ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਅਹਿਮ ਫੈਸਲਾ ਲੈਂਦਿਆਂ ਫਸਲਾਂ ਦੇ ਖਰੀਦ ਸੀਜ਼ਨ ਦੌਰਾਨ ਫਸਲਾਂ ਦੀ ਸਫਾਈ ਲਈ ਖਪਤ ਹੁੰਦੀ ਬਿਜਲੀ ਅਤੇ ਡੀਜ਼ਲ ਦਾ ਖਰਚਾ ਮਜ਼ਦੂਰਾਂ ਤੋਂ ਲੈਣ ਦੀ ਬਜਾਏ ਹੁਣ ਪੰਜਾਬ ਰਾਜ ਮੰਡੀ ਬੋਰਡ ਅਤੇ ਆੜ੍ਹਤੀਆਂ ਵੱਲੋਂ ਸਾਂਝੇ ਰੂਪ ਵਿੱਚ ਸਹਿਣ ਕੀਤਾ ਜਾਵੇਗਾ।
     ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਸਰਕਟ ਹਾਊਸ ਵਿੱਚ ਅਨਾਜ ਮੰਡੀ ਮਜ਼ਦੂਰ ਸੰਘ, ਪੰਜਾਬ ਦੇ ਪ੍ਰਧਾਨ ਸ੍ਰੀ ਧਰਮਪਾਲ ਡਾਬਲਾ ਦੀ ਅਗਵਾਈ ਵਿੱਚ ਮਿਲੇ ਇਕ ਵਫ਼ਦ ਵੱਲੋਂ ਉਠਾਈ ਮੰਗ ਮਗਰੋਂ ਲਿਆ।
     Êਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਮੰਡੀ ਬੋਰਡ ਦੇ ਉਪ ਚੇਅਰਮੈਨ ਸ੍ਰੀ ਰਵਿੰਦਰ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਇਸ ਰਕਮ ਦੀ ਵਸੂਲੀ ਮਜ਼ਦੂਰ ਕੋਲੋਂ ਕਰਨ ਕਾਰਨ ਇਸ ਵਰਗ ਨੂੰ ਆਪਣੇ ਰੋਜ਼ਮੱਰਾ ਦੇ ਖਰਚਿਆਂ ਨੂੰ ਚਲਾਉਣ ਵਿੱਚ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਫ਼ਦ ਨੇ ਮੁੱਖ ਮੰਤਰੀ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਇਸ ਸਮੱਸਿਆ ਦਾ ਤੁਰੰਤ ਨਿਪਟਾਰਾ ਕਰਨ ਤਾਂ ਜੋ ਮਜ਼ਦੂਰਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਕੁਝ ਰਾਹਤ ਦਿੱਤੀ ਜਾ ਸਕੇ।
     ਮਜ਼ਦੂਰਾਂ ਵੱਲੋਂ ਉਠਾਈ ਇਸ ਮੰਗ ‘ਤੇ ਹੁੰਗਾਰਾ ਭਰਦਿਆਂ, ਸ. ਬਾਦਲ ਨੇ ਕਿਹਾ ਕਿ ਭਵਿੱਖ ਵਿੱਚ ਉਕਤ ਖਰਚ ਦਾ 33 ਫੀਸਦੀ ਹਿੱਸਾ ਪੰਜਾਬ ਰਾਜ ਮੰਡੀ ਬੋਰਡ ਵੱਲੋਂ ਅਤੇ ਬਾਕੀ ਰਹਿੰਦਾ 67 ਫੀਸਦੀ ਸਬੰਧਤ ਮੰਡੀਆਂ ਦੇ ਆੜ੍ਹਤੀਆਂ ਵੱਲੋਂ ਅਦਾ ਕੀਤਾ ਜਾਵੇਗਾ। ਇਸੇ ਤਰ੍ਹਾਂ ਵਫ਼ਦ ਦੀ ਇਕ ਹੋਰ ਮੰਗ ਨੂੰ ਮੰਨਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਭਰ ਦੇ ਮੁੱਖ ਯਾਰਡਾਂ ਵਿੱਚ ਇਨ੍ਹਾਂ ਮਜ਼ਦੂਰਾਂ ਲਈ ਆਰਾਮ ਘਰ ਬਣਾਏ ਜਾਣਗੇ ਤਾਂ ਜੋ ਸਖ਼ਤ ਮੁਸ਼ੱਕਤ ਤੋਂ ਬਾਅਦ ਮਜ਼ਦੂਰ ਇਨ੍ਹਾਂ ਵਿੱਚ ਆਰਾਮ ਕਰ ਸਕਣ।
     ਸ. ਬਾਦਲ ਨੇ ਪੰਜਾਬ ਰਾਜ ਮੰਡੀ ਬੋਰਡ ਦੇ ਸਕੱਤਰ ਡਾ. ਕਰਮਜੀਤ ਸਿੰਘ ਸਰਾਂ ਨੂੰ ਹਦਾਇਤ ਦਿੱਤੀ ਕਿ ਇਨ੍ਹਾਂ ਉਕਤ ਫੈਸਲਿਆਂ ਨੂੰ ਲਾਗੂ ਕਰਵਾਉਣ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ।
     ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਵਿਅਕਤੀਆਂ ਵਿੱਚ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕਾਹਨ ਸਿੰਘ ਪਨੂੰ ਅਤੇ ਪੇਡਾ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਵੀ ਹਾਜ਼ਰ ਸਨ।

Translate »