December 14, 2011 admin

ਮੈਰਿਜ਼ ਪੈਲਸਾਂ ‘ਚ ਅਸਲਾ ਤੇ ਹਥਿਆਰ ਲੈ ਕੇ ਜਾਣ ‘ਤੇ ਪਾਬੰਦੀ

– 29 ਫਰਵਰੀ 2012 ਤੱਕ ਲਾਗੂ ਰਹਿਣਗੇ ਹੁਕਮ- ਆਸ਼ੀਸ਼ ਚੌਧਰੀ
ਲੁਧਿਆਣਾ, 14 ਦਸੰਬਰ:  ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਆਸ਼ੀਸ਼ ਚੌਧਰੀ ਨੇ ਕਾਨੂੰਨ ਅਨੁਸਾਰ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਖੇਤਰ ‘ਚ ਪੈਂਦੇ ਸਮੂਹ ਮੈਰਿਜ਼ ਪੈਲਸਾਂ ਅੰਦਰ ਅਸਲਾ ਅਤੇ ਹਥਿਆਰ ਲੈ ਕੇ ਜਾਣ ‘ਤੇ ਪੂਰਣ ਪਾਬੰਦੀ ਲਗਾ ਦਿੱਤੀ ਹੈ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ ਵਿਅਕਤੀ ਅਸਲਾ ਜਾਂ ਹਥਿਆਰ ਲੈ ਕੇ ਮੈਰਿਜ ਪੈਲਸ ‘ਚ ਦਾਖਲ ਹੁੰਦਾ ਹੈ ਤਾਂ ਮੈਰਿਜ ਪੈਲਸ ਦਾ ਮਾਲਕ ਸਬੰਧਤ ਥਾਣੇ ਨੂੰ ਸੂਚਿਤ ਕਰਨ ਦਾ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਮੈਰਿਜ ਪੈਲਸ ‘ਚ ਕਿਸੇ ਵਿਅਕਤੀ ਵੱਲੋਂ ਆਪਣੇ ਨਿੱਜੀ ਅਸਲੇ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਤਾਂ ਸਬੰਧਤ ਵਿਅਕਤੀ ਅਤੇ ਮੈਰਿਜ ਪੈਲਸ ਦੇ ਮਾਲਕ ਖਿਲਾਫ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
               ਇਹ ਹੁਕਮ ਲਾਗੂ ਕਰਨ ਪਿਛਲੇ ਮੰਤਵ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਚੌਧਰੀ ਨੇ ਕਿਹਾ ਕਿ ਮੈਰਿਜ ਪੈਲਸਾਂ ‘ਚ ਵਿਆਹਾਂ-ਸ਼ਾਦੀਆਂ ਮੌਕੇ ਆਮ ਵਿਅਕਤੀ ਅਸਲਾ ਲੈ ਕੇ ਖੁੱਲ੍ਹੇ ਆਮ ਘੁੰਮਦੇ ਹਨ ਅਤੇ ਕਈ ਵਾਰ ਨਸ਼ੇ ਦੀ ਹਾਲਤ ‘ਚ ਅਸਲੇ ਦੀ ਨਾਜਾਇਜ਼ ਦੁਰਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਹੋਰਨਾਂ ਦੀ ਜਾਨ-ਮਾਲ ਦਾ ਖਤਰਾ ਹੋ ਸਕਦਾ ਹੈ। ਇਸ ਲਈ ਜਨਤਾ ਦੀ ਜਾਨ-ਮਾਲ ਨੂੰ ਸੁਰੱਖਿਅਤ ਬਣਾਉਣ ਲਈ, ਅਮਨ-ਸ਼ਾਂਤੀ ਦੀ ਸਥਿਤੀ ਕਾਇਮ ਰੱਖਣ ਲਈ ਤੇ ਕੋਈ ਅਣਸੁਖਾਵੀਂ ਘਟਨਾ ਰੋਕਣ ਲਈ ਉਪਰੋਕਤ ਹੁਕਮ 14 ਦਸੰਬਰ 2011 ਤੋਂ 29 ਫਰਵਰੀ 2012 ਤੱਕ ਲਾਗੂ ਰਹਿਣਗੇ।

Translate »