December 14, 2011 admin

ਈ.ਜੀ.ਐਸ. ਯੂਨੀਅਨ ਦੇ ਦੋਹਾਂ ਧੜਿਆਂ ‘ਚ ਏਕਤਾ

ਬਠਿੰਡਾ, 14 ਦਸੰਬਰ
ਈ.ਜੀ.ਐਸ. ਅਧਿਆਪਕ ਯੂਨੀਅਨ ਪੰਜਾਬ ਦੇ ਦੋ ਧੜਿਆਂ ‘ਚ ਅੱਜ ਇਥੇ ਹੋਈ ਮੀਟਿੰਗ ਤੋਂ ਬਾਅਦ ਏਕਤਾ ਹੋ ਗਈ ਤੇ ਦੋਹਾਂ ਗਰੁੱਪਾਂ ਨੇ ਇਕੱਠਿਆਂ ਮਿਲ ਕੇ ਪੰਜਾਬ ਸਰਕਾਰ ਨੂੰ ਘੇਰਨ ਦਾ ਅਹਿਦ ਲਿਆ। ਦੋਹਾਂ ਗਰੁੱਪਾਂ ਦੇ ਪ੍ਰਧਾਨਾਂ ਪ੍ਰਿਤਪਾਲ ਸਿੰਘ ਤੇ ਕੁਲਵੰਤ ਕੁਮਾਰੀ ਨੇ ਸਾਂਝੇ ਰੂਪ ‘ਚ ਇਕ ਤਾਲਮੇਲ ਕਮੇਟੀ ਦਾ ਗਠਨ ਕਰਕੇ ਦੋਹਾਂ ਗਰੁੱਪਾਂ ‘ਚ ਏਕਤਾ ਹੋਣ ਦਾ ਅੱਜ ਇਥੇ ਐਲਾਨ ਕੀਤਾ। ਈ.ਜੀ.ਐਸ. ਅਧਿਆਪਕ ਯੂਨੀਅਨ ਦੇ ਇਸ ਏਕੇ ਨਾਲ ਪੰਜਾਬ ਸਰਕਾਰ ਨੂੰ ਹੋਰ ਵੀ ਔਖਿਆਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਵੱਖ-ਵੱਖ ਗਰੁੱਪਾਂ ਦੇ ਇਕ ਹੋਣ ਨਾਲ ਵੱਡੇ ਐਕਸ਼ਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
                        ਹਾਸਲ ਕੀਤੀ ਜਾਣਕਾਰੀ ਅਨੁਸਾਰ ਈ.ਜੀ.ਐਸ. ਅਧਿਆਪਕ ਯੂਨੀਅਨ ਦੇ ਦੋ ਧੜੇ ਵੱਖਰੇ-ਵੱਖਰੇ ਤੌਰ ‘ਤੇ ਨੌਕਰੀ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਸਨ। ਇਕ ਧੜਾ ਕੁਲਵੰਤ ਕੁਮਾਰੀ ਦੀ ਅਗਵਾਈ ‘ਚ ਸਰਗਰਮ ਸੀ ਤੇ ਦੂਸਰਾ ਪ੍ਰਿਤਪਾਲ ਸਿੰਘ ਦੀ ਅਗਵਾਈ ‘ਚ। ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਦੋਹਾਂ ਧੜਿਆਂ ਦੀ ਹੋਈ ਇਕ ਮੀਟਿੰਗ ‘ਚ ਦੋਹਾਂ ‘ਚ ਏਕਤਾ ਹੋ ਗਈ।
                       ਥੱਪੜ ਕਾਂਢ ਤੋਂ ਬਾਅਦ ਸਰਕਾਰ ਖਿਲਾਫ ਤਿੱਖੇ ਕੀਤੇ ਸੰਘਰਸ਼ ਦੇ ਨਤੀਜੇ ਵਜੋਂ ਮੁੱਖ ਮੰਤਰੀ ਨਾਲ ਚੰਡੀਗੜ• ‘ਚ ਹੋਈ ਮੀਟਿੰਗ ਬੇਨਤੀਜਾ ਰਹਿਣ ਪਿੱਛੋਂ ਦੋਹਾਂ ਧੜਿਆਂ ਨੇ ਰਲ ਕੇ ਚੱਲਣ ਦਾ ਫੈਸਲਾ ਲਿਆ ਹੈ ਤਾਂ ਜੋ ਪੰਜਾਬ ਸਰਕਾਰ ਤੇ ਵਧੇਰੇ ਦਬਾਅ ਬਣਾਇਆ ਜਾ ਸਕੇ। ਕੁਲਵੰਤ ਕੁਮਾਰੀ ਪ੍ਰਧਾਨ ਤੇ ਜਨਰਲ ਸਕੱਤਰ ਕੁਲਵੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਦੋਵੇਂ ਯੂਨੀਅਨਾਂ ਇਕ ਹੋ ਗਈਆਂ ਹਨ ਤੇ ਹੁਣ ਪੰਜਾਬ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਉਨ•ਾਂ ਕਿਹਾ ਕਿ ਜਿਥੇ ਉਹ ਥੱਪੜ ਦੇ ਮਾਮਲੇ ‘ਚ ਇਨਸਾਫ ਮੰਗ ਰਹੇ ਹਨ, ਉਥੇ ਈ.ਜੀ.ਐਸ. ਅਧਿਆਪਕਾਂ ਨੂੰ ਪੱਕੀ ਨੌਕਰੀ ਦਿਵਾਉਣ ਲਈ ਉਹ ਆਪਣਾ ਤਾਣ ਲਗਾ ਦੇਣਗੇ। ਉਨ•ਾਂ ਕਿਹਾ ਕਿ ਕੱਲ• ਨੂੰ ਦਸ ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਅਗਲਾ ਐਕਸ਼ਨ ਉਲੀਕ ਦਿੱਤਾ ਜਾਵੇਗਾ। ਕੁਲਵੀਰ ਸਿੰਘ ਅਬੋਹਰ ਤੇ ਬਾਕੀ ਸਾਥੀਆਂ ਨੇ ਕੁਲਵੰਤ ਕੁਮਾਰੀ ਦੇ ਹਾਰ ਪਾ ਕੇ ਉਨ•ਾਂ ਨੂੰ ਵਧਾਈ ਦਿੱਤੀ ਜਦ ਕਿ ਮਿਠਾਈ ਵੰਡ ਕੇ ਯੂਨੀਅਨ ‘ਚ ਏਕਤਾ ਹੋਣ ‘ਤੇ ਖੁਸ਼ੀ ਮਨਾਈ ਗਈ। ਜ਼ਿਕਰਯੋਗ ਹੈ ਕਿ ਗੁਰਵਿੰਦਰ ਸਿੰਘ ਚਹਿਲ ਤੇ ਹਰਪ੍ਰੀਤ ਕੌਰ ਫਤਿਹਗੜ• ਸਾਹਿਬ, ਗੁਰਦੀਪ ਸਿੰਘ ਕਪੂਰਥਲਾ, ਮਲਕੀਤ ਰਾਮ ਨਵਾਂ ਸ਼ਹਿਰ ਦੇ ਸਾਂਝੇ ਯਤਨਾਂ ਸਦਕਾ ਦੋਹਾਂ ਗਰੁੱਪਾਂ ‘ਚ ਏਕਤਾ ਹੋ ਸਕੀ ਹੈ।
             ਦਸ ਮੈਂਬਰੀ ਕਮੇਟੀ ‘ਚ ਸੁਖਚੈਨ ਸਿੰਘ ਮਾਨਸਾ, ਕੁਲਵੀਰ ਸਿੰਘ ਅਬੋਹਰ, ਸੰਸਾਰ ਸਿੰਘ ਸੰਗਰੂਰ ,ਜਰਨੈਲ ਸਿੰਘ ਜਲੰਧਰੀ, ਮੰਗਾ ਸਿੰਘ ਫਿਰੋਜ਼ਪੁਰ, ਦਰਸ਼ਨ ਸਿੰਘ ਮਾਨਸਾ, ਆਸ਼ਾ ਰਾਣੀ ਫਰੀਦਕੋਟ, ਮਧੂ ਆਰੀਆ ਲੁਧਿਆਣਾ, ਕੁਲਵਿੰਦਰ ਕੌਰ ਬਠਿੰਡਾ ਤੇ ਗੁਰਤੇਜ ਸਿੰਘ ਅਬੋਹਰ ਸ਼ਾਮਿਲ ਹਨ। ਇਸ ਮੌਕੇ ਸੁਖਚੈਨ ਸਿੰਘ ਬਠਿੰਡਾ, ਰਾਜ ਦਿਉਣ, ਸੁਖਵੰਤ ਕੌਰ, ਹਰਦੀਪ ਕੌਰ ਤਲਵੰਡੀ, ਪਰਮਜੀਤ ਕੌਰ ਦਾਨ ਸਿੰਘ ਵਾਲਾ, ਸਤਨਾਮ ਸਿੰਘ ਫਿਰੋਜ਼ਪੁਰ, ਕੁਲਵਿੰਦਰ ਕੌਰ ਬਠਿੰਡਾ, ਨਛੱਤਰ ਸਿੰਘ ਲੁਧਿਆਣਾ, ਬਲਵੀਰ ਕੌਰ ਮੋਗਾ, ਲਖਵਿੰਦਰ ਸਿੰਘ ਭੁੱਟੀਵਾਲਾ, ਹਰਮੀਤ ਕੌਰ ਪਟਿਆਲਾ, ਸਰਬਜੀਤ ਕੌਰ ਫਰੀਦਕੋਟ ਆਦਿ ਹਾਜ਼ਰ ਸਨ।

Translate »