*25 ਬਿੱਘੇ ਜ਼ਮੀਨ ਵਿੱਚ ਬੇਘਰਿਆਂ ਨੂੰ ਮਕਾਨ ਬਣਾਉਣ ਲਈ ਮੁਫਤ ਪਲਾਟ ਦਿੱਤੇ ਜਾਣਗੇ
ਪਟਿਆਲਾ: 14 ਦਸੰਬਰ :ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ੍ਰ: ਸੁਰਜੀਤ ਸਿੰਘ ਰੱਖੜਾ ਨੇ ਅੱਜ ਪਟਿਆਲਾ ਨੇੜਲੇ ਪਿੰਡ ਭਾਨਰੀ ਵਿਖੇ ਨਹਿਰੀ ਪਾਣੀ ਦੀ ਸਿੰਚਾਈ ਲਈ 18.50 ਲੱਖ ਰੁਪਏ ਦੀ ਲਾਗਤ ਵਾਲੇ ਜ਼ਮੀਨ ਦੋਜ ਨਾਲੀਆਂ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਅਤੇ ਬੇਘਰੇ ਪਰਿਵਾਰਾਂ ਨੂੰ ਪਲਾਟ ਦੇਣ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰ: ਰੱਖੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਅੰਦਰ ਵਿਕਾਸ ਕਾਰਜਾਂ ਦੀ ਹਨੇਰੀ ਚਲਾ ਦਿੱਤੀ ਹੈ ਜਿਸ ਨੂੰ ਵੇਖ ਕੇ ਵਿਰੋਧੀ ਵੀ ਬੋਖਲਾ ਗਏ ਹਨ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਵੱਲੋਂ ਜੋ ਵਿਕਾਸ ਕਾਰਜ ਆਪਣੇ ਕਾਰਜਕਾਲ ਦੌਰਾਨ ਕੀਤੇ ਹਨ ਉਹ ਵਿਰੋਧੀ ਪਾਰਟੀ 65 ਸਾਲਾਂ ਵਿੱਚ ਵੀ ਨਹੀਂ ਕਰਵਾ ਸਕੀ । ਸ੍ਰ: ਰੱਖੜਾ ਨੇ ਕਿਹਾ ਕਿ ਪੰਜਾਬ ਅੰਦਰ ਚੱਲ ਰਹੀ ਵਿਕਾਸ ਕੰਮਾਂ ਦੀ ਹਨੇਰੀ ਇਸੇ ਤਰ੍ਹਾਂ ਚਲਦੀ ਰਹੇਗੀ ਅਤੇ ਪੰਜਾਬ ਨੂੰ ਵਿਕਾਸ ਪੱਖੋਂ ਦੇਸ਼ ਦਾ ਨੰਬਰ ਇੱਕ ਸੂਬਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਤਹੱਈਆ ਕੀਤਾ ਹੋਇਆ ਹੈ ਕਿ ਪੰਜਾਬ ਦਾ ਕੋਈ ਵੀ ਪਿੰਡ ਜਾਂ ਸ਼ਹਿਰ ਵਿਕਾਸ ਪੱਖੋਂ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਵਿਦੇਸ਼ਾਂ ਦੀ ਤਰਜ਼ ‘ਤੇ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ।
ਸ੍ਰ: ਰੱਖੜਾ ਨੇ ਕਿਹਾ ਕਿ ਅੱਜ ਜਿਸ ਜ਼ਮੀਨ ਦੋਜ ਨਾਲੀਆਂ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਹੈ ਉਸ ‘ਤੇ 18.50 ਲੱਖ ਰੁਪਏ ਖਰਚ ਆਏ ਹਨ ਅਤੇ ਇਸ ਨਾਲ ਤਕਰੀਬਨ 174 ਕਿਸਾਨਾਂ ਸਿੱਧਾ ਨਹਿਰੀ ਪਾਣੀ ਮਿਲੇਗਾ। ਇਸ ਤੋਂ ਇਲਾਵਾ 25 ਬਿੱਘੇ ਜ਼ਮੀਨ ਵਿੱਚ ਲਗਭਗ 100 ਗਰੀਬ ਪਰਿਵਾਰਾਂ ਨੂੰ ਮੁਫਤ ਪਲਾਟ ਦਿੱਤੇ ਜਾਣਗੇ। ਉਨ੍ਹਾਂ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬੀ.ਪੀ.ਐਲ. ਪਰਿਵਾਰਾਂ ਦਾ ਜੋ ਸਰਵੇ ਹੋ ਰਿਹਾ ਹੈ ਉਸ ਵਿੱਚ ਆਪਣੇ ਨਾਮ ਦਰਜ਼ ਕਰਵਾਉਣ ਤਾਂ ਜੋ ਉਹਨਾਂ ਨੂੰ ਸਰਕਾਰੀ ਸਕੀਮਾਂ ਦਾ ਫਾਇਦਾ ਪੁੱਜ ਸਕੇ । ਇਸ ਮੌਕੇ ਡਕਾਲਾ ਹਲਕੇ ਤੋਂ ਆਜ਼ਾਦ ਤੌਰ ‘ਤੇ ਐਸ.ਜੀ.ਪੀ.ਸੀ. ਚੋਣਾਂ ਲੜਨ ਵਾਲੇ ਸ੍ਰ: ਗੁਰਧਿਆਨ ਸਿੰਘ ਭਾਨਰੀ ਅਤੇ ਸ੍ਰ: ਗੁਰਵਿੰਦਰ ਸਿੰਘ ਦੂਧੜ ਜੋ ਕਿ ਸ਼੍ਰੋਮਣੀ ਅਕਾਲੀ ਦਲ (ਮਾਨ) ਦੀ ਟਿਕਟ ‘ਤੇ ਐਸ.ਜੀ.ਪੀ.ਸੀ. ਚੋਣ ਲੜੇ ਸਨ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਸ੍ਰ: ਰੱਖੜਾ ਨੇ ਦੋਵਾਂ ਨੂੰ ਸਿਰੋਪਾਓ ਭੇਂਟ ਕਰਕੇ ਸਵਾਗਤ ਕੀਤਾ । ਇਸ ਮੌਕੇ ਸ੍ਰ: ਰੱਖੜਾ ਨੇ ਪਿੰਡ ਦੀ ਧਰਮਸ਼ਾਲਾ ਲਈ 50 ਹਜ਼ਾਰ ਰੁਪਏ, ਸਮਸ਼ਾਨਘਾਟ ਲਈ ਇੱਕ ਲੱਖ ਰੁਪਏ ਅਤੇ ਗਲੀਆਂ ਨਾਲੀਆਂ ਪੱਕੀਆਂ ਕਰਨ ਲਈ 1 ਲੱਖ ਰੁਪਏ ਦੀ ਗ੍ਰਾਂਟ ਦੇ ਚੈਕ ਵੀ ਦਿੱਤੇ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਹੋਰ ਮੰਗਾਂ ਨੂੰ ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕਰਕੇ ਛੇਤੀ ਹੀ ਪੂਰਾ ਕਰ ਦਿੱਤਾ ਜਾਵੇਗੀ।
ਇਸ ਮੌਕੇ ਉਨ੍ਹਾਂ ਦੇ ਨਾਲ ਬਾਬਾ ਭੁਪਿੰਦਰ ਸਿੰਘ, ਮਾਸਟਰ ਗੁਰਮੇਲ ਸਿੰਘ, ਸ੍ਰ: ਪ੍ਰਤਾਪ ਸਿੰਘ, ਪਿੰਡ ਦੇ ਸਰਪੰਚ ਸ੍ਰ: ਅਵਤਾਰ ਸਿੰਘ ਮੰਨੀ, ਜਗਜੀਤ ਸਿੰਘ ਸੋਨੀ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਸ੍ਰ: ਮਨਜੀਤ ਸਿੰਘ ਮੱਦੋਮਾਜਰਾ, ਪਿੰਡ ਮੈਣ ਦੀ ਸਰਪੰਚ ਸ਼੍ਰੀਮਤੀ ਜਸਵਿੰਦਰ ਕੌਰ, ਸ੍ਰ: ਪ੍ਰਭਦਵਿੰਦਰ ਸਿੰਘ ਬਾਜਵਾ ਮੰਡਲ ਭੂਮੀ ਰੱਖਿਆ ਅਫਸਰ, ਸ੍ਰ: ਰਵਿੰਦਰ ਸਿੰਘ ਗਿੱਲ ਉਪ ਮੰਡਲ ਭੂਮੀ ਰੱਖਿਆ ਅਫਸਰ, ਸ੍ਰ: ਗੁਰਜੀਤ ਸਿੰਘ ਉਪ ਭੂਮੀ ਮੰਡਲ ਰੱਖਿਆ ਅਫਸਰ, ਸ਼੍ਰੀ ਤਰਸੇਮ ਲਾਲ ਸਰਵੇਅਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਇਲਾਕੇ ਦੇ ਪੰਚ-ਸਰਪੰਚ ਵੀ ਹਾਜ਼ਰ ਸਨ ।