ਚੰਡੀਗੜ੍ਹ, 14 ਦਸੰਬਰ: ਪੰਜਾਬ ਸਰਕਾਰ ਨੇ ਸੁਤੰਤਰਤਾ ਸੰਗਰਾਮੀਆਂ, ਉਨ੍ਹਾਂ ਦੀਆਂ ਵਿਧਵਾਵਾਂ, ਅਣਵਿਆਹੀਆਂ ਤੇ ਬੇਰੁਜ਼ਗਾਰ ਲੜਕੀਆਂ ਵਾਂਗ ਆਜ਼ਾਦੀ ਘੁਲਾਟੀਆ ਦੀਆਂ ਪਤਨੀਆਂ ਨੂੰ ਵੀ ਇੰਡੋਰ ਇਲਾਜ ‘ਤੇ ਆਏ ਖਰਚੇ ਦੀ ਪੂਰਤੀ ਦੀ ਸਹੂਲਤ ਦੇ ਦਿੱਤੀ ਹੈ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਜ਼ਾਦੀ ਘੁਲਾਟੀਆ ਦੀਆਂ ਪਤਨੀਆਂ ਨੂੰ ਵੀ ਹੁਣ ਸੁਤੰਤਰਤਾ ਸੰਗਰਾਮੀਆਂ ਵਾਂਗ ਰਾਜ ਭਰ ਦੇ ਹਸਪਤਾਲਾਂ ਅਤੇ ਡਿਸਪੈਂਸਰੀਆਂ ਮੁਫਤ ਮੈਡੀਕਲ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਮਰੀਜ਼ ਦਾ ਇਲਾਜ ਹਸਪਤਾਲ ਦਾਖਲ ਹੋ ਕੇ ਹੋ ਰਿਹਾ ਹੋਵੇ ਤਾਂ ਉਸ ਦੇ ਇਲਾਜ ਵਾਸਤੇ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਜੇਕਰ ਹਸਪਤਾਲ ਜਾਂ ਡਿਸਪੈਂਸਰੀ ਵਿੱਚ ਉਪਲੱਬਧ ਨਹੀਂ ਤਾਂ ਉਹ ਦਵਾਈਆਂ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਬਜ਼ਾਰ ਤੋਂ ਖਰੀਦ ਕੇ ਮਰੀਜ਼ ਨੂੰ ਮੁਫਤ ਮੁਹੱਈਆ ਕਰਵਾਈਆ ਜਾਣਗੀਆਂ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇੰਡੋਰ ਇਲਾਜ ਸਮੇਂ ਦਵਾਈ ਹਸਪਤਾਲ ਜਾਂ ਡਿਸਪੈਂਸਰੀ ਵਿੱਚ ਨਾ ਹੋਣ ਦੀ ਸੂਰਤ ਵਿੱਚ ਜੇਕਰ ਮਰੀਜ਼ ਖੁਦ ਦਵਾਈ ਖਰੀਦਦਾ ਹੈ ਤਾਂ ਖਰੀਦੀ ਗਈ ਦਵਾਈ ਦੀ ਕੀਮਤ ਦੀ ਪੂਰਤੀ ਸਰਕਾਰ ਵੱਲੋਂ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਹੁਣ ਪੰਜਾਬ ਸਰਕਾਰ ਨੇ ਸੁਤੰਤਰਤਾ ਸੰਗਰਾਮੀਆਂ, ਉਨ੍ਹਾਂ ਦੀਆਂ ਵਿਧਵਾਵਾਂ, ਅਣਵਿਆਹੀਆਂ ਤੇ ਬੇਰੁਜ਼ਗਾਰ ਲੜਕੀਆਂ ਵਾਂਗ ਆਜ਼ਾਦੀ ਘੁਲਾਟੀਆਂ ਦੀਆਂ ਪਤਨੀਆਂ ਨੂੰ ਵੀ ਪੰਜਾਬ ਰਾਜ ਦੇ ਪੈਨਸ਼ਨਰਾਂ ਵਾਂਗ ਏਮਜ਼ ਨਵੀਂ ਦਿੱਲੀ, ਪੀ.ਜੀ.ਆਈ. ਚੰਡੀਗੜ੍ਹ ਅਤੇ ਪੰਜਾਬ ਰਾਜ ਦੇ ਅੰਦਰ ਤੇ ਬਾਹਰ ਸਥਿਤ (ਜਿਸ ਵਿੱਚ ਪੈਨਸ਼ਨਰਾਂ ਨੂੰ ਇਲਾਜ ਕਰਵਾਉਣ ਦੀ ਸਹੂਲਤ ਪ੍ਰਾਪਤ ਹੈ) ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਸੰਸਥਾਵਾਂ ਵਿੱਚ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।