ਚਵਿੰਡਾ ਦੇਵੀ (ਅੰਮ੍ਰਿਤਸਰ), 14 ਦਸੰਬਰ, 2011 : ਵਿਦਿਆ ਪ੍ਰਸਾਰ ਦੇ ਆਪਣੇ ਕਦਮ ਪੇਂਡੂ ਖੇਤਰ ਵੱਲ ਵਧਾਉਂਦਿਆਂ, ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਅੱਜ ਖਾਲਸਾ ਕਾਲਜ ਚਵਿੰਡਾ ਦੇਵੀ ਦੀ ਨਵ-ਨਿਰਮਾਣਤ ਖੂਬਸੂਰਤ ਇਮਾਰਤ ਲੋਕਾਂ ਨੂੰ ਸਮਰਪਿਤ ਕੀਤੀ। ਸਾਬਕਾ ਮੰਤਰੀ ਅਤੇ ਵਿਧਾਇਕ, ਸ. ਬਿਕਰਮ ਸਿੰਘ ਮਜੀਠੀਆ ਨੇ ਕਾਲਜ ਦੀ ਇਮਾਰਤ ਦਾ ਉਦਘਾਟਨ ਕਰਦਿਆਂ ਕਿਹਾ ਕਿ ਉਚੇਰੀ ਸਿੱਖਿਆ ਦੀ ਇਸ ਸੰਸਥਾ ਦੇ ਹੋਂਦ ਵਿੱਚ ਆਉਣ ਨਾਲ ਇਲਾਕੇ ਦੀ 30 ਸਾਲਾ ਪੁਰਾਣੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਕਾਲਜ ਨਾਲ ਸੈਂਕੜੇ ਪਿੰਡਾਂ ਨੂੰ ਲਾਭ ਹੋਵੇਗਾ ਅਤੇ ਜਿੰਨ੍ਹਾਂ ਬੱਚਿਆਂ ਨੂੰ ਦੂਰ-ਦੁਰਾਡੇ ਖੇਤਰਾਂ ਵਿੱਚ ਜਾ ਕੇ ਵਿੱਦਿਆ ਹਾਸਲ ਕਰਨੀ ਪੈਂਦੀ ਸੀ, ਉਨ੍ਹਾਂ ਨੂੰ ਇਹ ਸਹੂਲਤ ਹੁਣ ਆਪਣੇ ਇਲਾਕੇ ਵਿੱਚ ਪ੍ਰਾਪਤ ਹੋ ਗਈ ਹੈ।
ਇਹ ਕਾਲਜ 11 ਕਰੋੜ ਦੀ ਲਾਗਤ ਨਾਲ ਤਿਆਰ ਹੋਵੇਗਾ, ਜਿੱਸ ਵਿੱਚੋਂ ਕਾਫੀ ਸਾਰਾ ਪੈਸਾ ਖਰਚ ਹੋ ਚੁੱਕਾ ਹੈ। ਕਾਲਜ ਵਿੱਚ ਸਾਰੇ ਦੇ ਸਾਰੇ ਵਿਸ਼ਿਆਂ ਤੋਂ ਇਲਾਵਾ ਪ੍ਰੋਫੈਸ਼ਨਲ ਕੋਰਸਾਂ ਨੂੰ ਵੀ ਜਲਦੀ ਹੀ ਅਰੰਭ ਕਰਨ ਦੀ ਯੋਜਨਾ ਹੈ। ਮਜੀਠੀਆ ਨੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ, ਸ. ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਮੀਤ ਪ੍ਰਧਾਨ, ਸ. ਚਰਨਜੀਤ ਸਿੰਘ ਚੱਢਾ ਦੀ ਹਾਜ਼ਰੀ ਵਿੱਚ ਕਿਹਾ ਕਿ ਜਦੋਂ ਤੋਂ ਉਹ ਵਿਧਾਇਕ ਬਣੇ ਹਨ, ਉਦੋਂ ਤੋਂ ਹੀ ਲੋਕਾਂ ਦੀ ਇਹ ਮੰਗ ਸੀ ਕਿ ਬੱਚਿਆਂ, ਵਿਸ਼ੇਸ਼ ਕਰਕੇ ਲੜਕੀਆਂ ਨੂੰ, ਨੇੜਲੇ ਸ਼ਹਿਰਾਂ- ਬਟਾਲਾ ਜਾਂ ਅੰਮ੍ਰਿਤਸਰ ਪੜ੍ਹਾਈ ਵਾਸਤੇ ਜਾਣਾ ਪੈਂਦਾ ਸੀ, ਹੁਣ ਬੱਚੇ ਉਚੇਰੀ ਸਿੱਖਿਆ ਆਪਣੇ ਘਰ ਦੇ ਨੇੜੇ ਹੀ ਪ੍ਰਾਪਤ ਕਰ ਸਕਦੇ ਹਨ।
ਮਜੀਠੀਆ ਨੇ ਜਿੱਥੇ ਕਾਲਜ ਮੈਨੇਜਮੈਂਟ ਨੂੰ ਵਧਾਈ ਦਿੱਤੀ, ਉੱਥੇ ਇਸ ਖੇਤਰ ਵਿੱਚ ਇਹ ਸੰਸਥਾ ਖੋਲ੍ਹਣ ‘ਤੇ ਧੰਨਵਾਦ ਵੀ ਕੀਤਾ। ਇਸ ਕਾਲਜ ਲਈ 10 ਏਕੜ ਦੀ ਜ਼ਮੀਨ ਪਿੰਡ ਦੀ ਪੰਚਾਇਤ ਵੱਲੋਂ ਦਿੱਤੀ ਗਈ ਹੈ। ਛੀਨਾ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ ਉਹ ਵਿਦਿਆ ਦੇ ਪ੍ਰਸਾਰ ਅਤੇ ਵਿਸ਼ੇਸ਼ ਕਰਕੇ ਪੇਂਡੂ ਪੱਧਰ ਦੇ ਬੱਚਿਆਂ ਵਾਸਤੇ ਹੋਰ ਵੀ ਜਿਆਦਾ ਸਕੂਲ ਜਾਂ ਕਾਲਜ ਖੋਲ੍ਹ ਸਕਣ ਤਾਂ ਕਿ ਉਨ੍ਹਾਂ ਦੀ ਵਿਦਿਆ ਪ੍ਰਤੀ ਵਚਨਬੱਧਤਾ ਹੋਰ ਮਜ਼ਬੂਤ ਹੋਵੇ।
ਛੀਨਾ ਨੇ ਮਜੀਠੀਆ ਦਾ ਧੰਨਵਾਦ ਕੀਤਾ, ਜਿੰਨਾਂ ਦੀ ਮਿਹਨਤ ਸਦਕਾ ਹੀ ਚਵਿੰਡਾ ਦੇਵੀ ਦੀ ਪੰਚਾਇਤ ਨੇ ਜ਼ਮੀਨ ਕਾਲਜ ਵਾਸਤੇ ਪ੍ਰਦਾਨ ਕੀਤੀ। ਕਾਲਜ ਪ੍ਰਿੰਸੀਪਲ, ਡਾ. ਪਰਮਜੀਤ ਸਿੰਘ ਦੂਆ ਨੇ ਕਿਹਾ ਕਿ 86 ਤੋਂ ਜਿਆਦਾ ਵਿਦਿਆਰਥੀ ਪਹਿਲਾਂ ਹੀ ਕਾਲਜ ਵਿੱਚ ਦਾਖਲਾ ਲੈ ਚੁੱਕੇ ਹਨ ਅਤੇ ਅਗਲੇ ਅਕਾਦਮਿਕ ਵਰ੍ਹੇ ਤੋਂ ਉਹ ਸਾਰੇ ਨਵਂੇ ਕੋਰਸ ਅਤੇ ਵਿਸ਼ੇ ਕਾਲਜ ‘ਚ ਪੜ੍ਹਾਏ ਜਾਣਗੇ, ਜਿਨ੍ਹਾਂ ਦੀ ਅੱਜ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹੁਣ ਬੱਚਿਆਂ ਨੂੰ ਵਿਦਿਆ ਪ੍ਰਾਪਤੀ ਲਈ ਦੂਰ-ਦੁਰਾਡੇ ਦੇ ਨੇੜਲੇ ਖੇਤਰ ਜਿਵੇਂ ਬਟਾਲਾ ਜਾਂ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਇਹ ਕਾਲਜ ਉਨ੍ਹਾਂ ਦੇ ਬੂਹੇ ਆ ਖੜ੍ਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਜਿੱਥੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਧੀਆਂ ਖੇਡ ਮੈਦਾਨਾਂ ਅਤੇ ਅਥਲੈਟਿਕ ਟਰੈਕ ਉਪਲਬੱਧ ਹੋਣਗੇ, ਉੱਥੇ ਸਰੀਰਕ ਸਿੱਖਿਆ ਦੇ ਵਿਸ਼ੇ ਨੂੰ ਵੀ ਕਾਲਜ ਵਿੱਚ ਪੜ੍ਹਾਇਆ ਜਾਵੇਗਾ।
ਇਸ ਮੌਕੇ ‘ਤੇ ਗਵਰਨਿੰਗ ਕੌਂਸਲ ਦੇ ਜਾਇੰਟ ਸਕੱਤਰ, ਸ. ਅਜਮੇਰ ਸਿੰਘ ਹੇਅਰ, ਸ. ਸਰਦੂਲ ਸਿੰਘ ਮੰਮਨ ਅਤੇ ਮੈਂਬਰ ਸ. ਸੁਖਦੇਵ ਸਿੰਘ ਅਬਦਾਲ ਆਦਿ ਹਾਜ਼ਰ ਸਨ।