December 14, 2011 admin

ਭਾਰਤੀ ਚੋਣ ਕਮਿਸ਼ਨ ਵਲੋਂ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਹਤਿਆਤੀ ਕਦਮ ਚੁੱਕਣ ਦੇ ਹੁਕਮ

ਚੰਡੀਗੜ੍ਹ, 14 ਦਸੰਬਰ: ਭਾਰਤੀ ਚੋਣ ਕਮਿਸ਼ਨ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਵਾਲੇ ਰਾਜਾਂ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਤੇ ਆਜਾਦ ਦੇ ਨਿਰਪੱਖ ਚੋਣਾਂ ਲਈ ਇਹਤਿਆਤੀ  ਕਦਮ ਚੁੱਕਣ ਦੇ ਹੁਕਮ ਦਿੱਤੇ ਗਏ ਹਨ।
       ਪੰਜਾਬ ਦੀ ਮੁੱਖ ਚੋਣ ਅਧਿਕਾਰੀ ਕੁਸਮਜੀਤ ਸਿੱਧੂ ਨੇ ਕਿਹਾ ਕਿ ਸੂਬੇ ‘ਚ ਸਾਰੇ ਜਿਲ੍ਹਾ ਮੈਜਿਸਟ੍ਰੇਟਾਂ ਨੂੰ ਕਿਹਾ ਗਿਆ ਹੈ, ਕਿ ਚੋਣਾਂ ਦੇ ਐਲਾਨ ਤੋਂ ਤੁਰੰਤ ਬਾਅਦ ਉਹ ਕਾਨੂੰਨ ਵਿਵਸਥਾ ਦਾ ਜਾਇਜ਼ਾ ਲੈਣ ਤੇ ਲਾਇਸੈਂਸੀ ਹਥਿਆਰਾਂ ਵਾਲੇ ਵਿਅਕਤੀਆਂ ਕੋਲੋਂ ਹਥਿਆਰ ਜਮ੍ਹਾਂ ਕਰਵਾਉਣ ਤਾਂ ਜੋ ਚੋਣਾਂ ਆਜਾਦ ਤੇ ਨਿਰਪੱਖ ਹੋ ਸਕਣ।
       ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਜੁਰਮ ਤੇ ਪੈਸੇ ਦੀ ਦੁਰਵਰਤੋਂ ਕਰਨ ਵਾਲੇ ਵਿਅਕਤੀਆਂ ਨੂੰ ਰੋਕਣ ਲਈ ਚੋਣ ਕਮਿਸ਼ਨ ਵਲੋਂ ਬਹੁਤ ਗੰਭੀਰ ਤੇ ਸਖਤ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤਹਿਤ ਚੋਣਾਂ ਦੌਰਾਨ ਰਾਜ ਦੀ ਸੁਰੱਖਿਆ ਵਿਵਸਥਾ ਬਣਾਈ ਰੱਖਣ ਲਈ ਸੂਬੇ ਦੀ ਕਾਨੂੰਨ ਤੇ ਵਿਵਸਥਾ ਲਈ ਜਿੰਮੇਵਾਰ ਮਸ਼ੀਨਰੀ ਦੀ ਸਹਾਇਤਾ ਲਈ ਕੇਂਦਰੀ ਪੁਲਿਸ ਬਲ ਲਾਏ ਜਾਣਾ ਸ਼ਾਮਿਲ ਹੈ ਤਾਂ ਜੋ ਚੋਣਾਂ ਤੋਂ ਪਹਿਲਾਂ, ਚੋਣਾਂ ਦੌਰਾਨ ਜਾਂ ਚੋਣਾਂ ਪਿੱਛੋਂ ਕਿਸੇ ਕਿਸਮ ਦੀ ਹਿੰਸਾ ਨਾ ਹੋਵੇ ਤੇ ਆਮ ਵੋਟਰਾਂ ‘ਚ ਚੋਣ ਪ੍ਰਕ੍ਰਿਆ ਨੂੰ ਲੈ ਕੇ ਵਿਸ਼ਵਾਸ ਬਣਿਆ ਰਹੇ। ਇਸ ਤੋਂ ਇਲਾਵਾ ਚੋਣ ਪ੍ਰਕ੍ਰਿਆ ਦੌਰਾਨ ਸ਼ਰਾਬ ਦੀ ਵਿਕਰੀ ਰੋਕਣਾ, ਨਜਾਇਜ਼ ਸ਼ਰਾਬ ਤੇ ਹਥਿਆਰਾਂ ਨੂੰ ਬਰਾਮਦ ਕਰਨਾ ਵੀ ਇਨ੍ਹਾਂ ਕਦਮਾਂ ‘ਚ ਸ਼ਾਮਿਲ ਹੈ।  ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਚੁੱਕੇ ਜਾਣ ਵਾਲੇ ਇਨ੍ਹਾਂ ਵਾਧੂ ਕਦਮਾਂ ਨਾਲ ਆਮ ਕਾਨੂੰਨ  ਵਿਵਸਥਾ ਨੂੰ ਕੋਈ ਫਰਕ ਨਹੀਂ ਪਵੇਗਾ।
         ਉਨ੍ਹਾਂ ਕਿਹਾ ਕਿ ਉਨ੍ਹਾਂ ਵਿਅਕਤੀਆਂ ਦੀਆਂ ਥਾਣਾ ਪੱਧਰ ‘ਤੇ ਸੂਚੀਆਂ ਬਣਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ ਜੋ ਕਿ ਪਿਛਲੀਆਂ ਦੋ ਚੋਣਾਂ ਦੌਰਾਨ ਕਿਸੇ ਵੀ ਬੂਥ ‘ਤੇ ਕਬਜ਼ਾ ਕਰਨ ‘ਚ ਸ਼ਾਮਿਲ ਰਹੇ ਹੋਣ। ਉਨ੍ਹਾਂ ਕਿਹਾ ਕਿ ਇਹ ਸੂਚੀ ਹਲਕਾਵਾਰ ਬਣੇਗੀ ਤੇ ਸਬੰਧਿਤ ਸੰਸਦੀ ਤੇ ਵਿਧਾਨ ਸਭਾ ਹਲਕੇ ਦੇ ਜਿਲ੍ਹਾ ਚੋਣ ਅਫਸਰ ਤੇ ਰਿਟਰਨਿੰਗ ਅਫਸਰ ਨੂੰ  ਮੁਹੱਈਆ ਕਰਵਾਈ ਜਾਵੇਗੀ ਜੋ ਕਿ ਕਮਿਸ਼ਨ ਵਲੋਂ ਮੰਗੇ ਜਾਣ ‘ਤੇ ਇਸਨੂੰ ਪੇਸ਼ ਕਰੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਗੌੜਿਆਂ, ਪੇਸ਼ੇਵਰ ਮੁਜਰਮਾਂ ਦੀ ਵੀ ਅਜਿਹੀ ਸੂਚੀ ਬਣਾਈ ਜਾਵੇਗੀ ਜੋ ਜਿਲ੍ਹਾ ਚੋਣ ਅਫਸਰ ਤੇ ਰਿਟਰਨਿੰਗ ਅਫਸਰ ਕਮਿਸ਼ਨ ਵਲੋਂ ਮੰਗੇ ਜਾਣ ‘ਤੇ ਇਸਨੂੰ ਪੇਸ਼ ਕਰੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਕਿਸੇ ਵੀ ਕਿਸਮ ਦੀ ਚੋਣ ਨਿਯਮ ਉਲੰਘਣਾ ਲਈ ਨਾਮਜਦ ਵਿਅਕਤੀਆਂ ਦੀ ਹਰੇਕ ਸੰਸਦੀ ਤੇ ਵਿਧਾਨ ਸਭਾ ਹਲਕਾਵਾਰ ਥਾਣਾ ਪੱਧਰ ‘ਤੇ ਵਿਸ਼ੇਸ਼ ਜਾਂਚ  ਮੁਹਿੰਮ ਚਲਾਈ ਜਾਵੇਗੀ ਤੇ ਇਸ ਸਬੰਧ ਰਿਪੋਰਟ ਹਰ ਪੰਦਰਵਾੜੇ ਬਾਅਦ ਸਬੰਧਿਤ ਜਿਲÎ੍ਹਾ ਚੋਣ ਅਫਸਰ ਤੇ ਰਿਟਰਨਿੰਗ ਅਫਸਰ ਨੂੰ ਦਿੱਤੀ ਜਾਵੇਗੀ ਜੋ ਕਿ ਕਮਿਸ਼ਨ ਵਲੋਂ ਮੰਗੇ ਜਾਣ ‘ਤੇ ਇਸ ਨੂੰ  ਪੇਸ਼ ਕਰੇਗਾ।
ਨਾਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ‘ਤੇ ਜ਼ੋਰ ਦਿੰਦਿਆਂ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਨਾਜਾਇਜ਼ ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਬੰਦ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਆਰੰਭੀ ਜਾਵੇਗੀ ਤੇ ਬਰਾਮਦ ਨਾਜਾਇਜ਼ ਸ਼ਰਾਬ ਸਬੰਧੀ ਸੂਚਨਾ ਸਬੰਧਿਤ ਜਿਲ੍ਹਾ ਚੋਣ ਅਫਸਰ ਤੇ ਰਿਟਰਨਿੰਗ ਅਫਸਰ ਨੂੰ ਦਿੱਤੀ ਜਾਵੇਗੀ।
       ਉਨ੍ਹਾਂ ਕਿਹਾ ਕਿ ਚੋਣਾਂ ਦੇ ਐਲਾਨ ਦੇ ਦਿਨ ਤੋਂ ਹਥਿਆਰਾਂ ਲਈ ਲਾਇਸੈਂਸ ਜਾਰੀ ਕਰਨ ‘ਤੇ ਪੂਰੀ ਤਰ੍ਹਾਂ ਰੋਕ ਰਹੇਗੀ ਤੇ ਚੋਣ ਪ੍ਰਕ੍ਰਿਆ ਪੂਰੀ ਹੋਣ ਸਬੰਧੀ ਨੋਟੀਫੀਕੇਸ਼ਨ ਜਾਰੀ ਹੋਣ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਹਥਿਆਰਾਂ ਤੇ ਗੋਲੀ ਸਿੱਕੇ ਨੂੰ ਰੋਕਣ ਲਈ ਵੀ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ ਤੇ ਅੰਤਰਰਾਜੀ ਤੇ ਰਾਜ ਅੰਦਰ ਚੱਲਣ ਵਾਲੇ ਟਰੱਕਾਂ  ਤੇ ਵਪਾਰਕ ਵਾਹਨਾਂ ਦੀ ਵਿਸ਼ੇਸ਼ ਤੌਰ ‘ਤੇ ਤਲਾਸ਼ੀ ਲਈ ਜਾਵੇਗੀ ਤਾਂ ਜੋ ਹਥਿਆਰਾਂ ਤੇ ਗੋਲੀ ਸਿੱਕੇ ਦੀ ਤਸਕਰੀ ਰੋਕੀ ਜਾ ਸਕੇ ਤੇ ਗੈਰ ਸਮਾਜੀ ਤੱਤਾਂ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਣਅਧਿਕਾਰਤ ਅਸਲਾ ਫੈਕਟਰੀਆਂ ‘ਤੇ ਲਗਾਤਾਰ ਛਾਪਾਮਾਰੀ ਕੀਤੀ ਜਾਵੇਗੀ।  

Translate »