December 14, 2011 admin

ਸ਼ਹੀਦੀ ਜੋੜ ਮੇਲ ਵਿੱਚ ਪਵਿੱਤਰਤਾ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਾਬੰਦੀਆਂ ਦੇ ਹੁਕਮ ਜਾਰੀ।

ਫਤਹਿਗੜ੍ਹ ਸਾਹਿਬ, 14 ਦਸੰਬਰ: ਸ਼ਹੀਦੀ ਜ਼ੋੜ ਮੇਲ ਦੀ ਇਤਿਹਾਸਕ ਮਹੱਤਤਾ ਅਤੇ ਪਵਿੱਤਰਤਾ ਦੀ ਮਰਿਆਦਾ ਨੂੰ ਕਾਇਮ ਰੱਖਣ ਅਤੇ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਅਤੇ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਵਾਸਤੇ  ਜ਼ਿਲ੍ਹਾ ਮੈਜਿਸਟਰੇਟ ਸ੍ਰੀ ਯਸ਼ਵੀਰ ਮਹਾਜਨ ਨੇ ਫਤਹਿਗੜ੍ਹ ਸਾਹਿਬ ਵਿਖੇ 26 ਦਸੰਬਰ ਤੋਂ 28 ਦਸੰਬਰ ਤੱਕ ਲੱਗਣ ਵਾਲੇ ਸ਼ਹੀਦੀ ਜ਼ੋੜ ਮੇਲ ਵਿੱਚ ਫੌਜਦਾਰੀ ਜਾਬਤਾ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਹਰੇਕ ਕਿਸਮ ਦੀਆਂ  ਸਰਕਸਾਂ, ਝੂਲੇ, ਜਿੰਦਾ ਡਾਂਸ ਅਤੇ ਹਰ ਤਰ੍ਹਾਂ ਦੇ ਮਨੋਰੰਜਨ ਦੀਆਂ ਖੇਡਾਂ ਤੇ 20 ਦਸੰਬਰ ਤੋਂ 31 ਦਸੰਬਰ 2011  ਤੱਕ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸੇ ਧਾਰਾ ਅਧੀਨ ਸ਼ਹੀਦੀ ਜੋੜ ਮੇਲ ਦੇ ਏਰੀਏ ਵਿੱਚ ਅੰਡੇ, ਮਾਸ, ਮਛਲੀ, ਤੰਬਾਕੂ, ਬੀੜੀ, ਸਿਗਰਟ ਵੇਚਣ ਤੇ 23 ਦਸੰਬਰ ਤੋਂ 30 ਦਸੰਬਰ ਤੱਕ ਪੂਰਨ ਤੌਰ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
                        ਇਸ ਤੋਂ ਇਲਾਵਾ ਧਾਰਾ 144 ਅਧੀਨ ਸ਼ਹੀਦੀ ਜ਼ੋੜ ਮੇਲ ਫਤਹਿਗੜ੍ਹ ਸਾਹਿਬ ਦੇ ਏਰੀਏ ਵਿੱਚ ਅਗਨ ਸ਼ਾਸ਼ਤਰ, ਅਸਲਾ, ਵਿਸਫੋਟਕ, ਜਲਣਸ਼ੀਲ ਚੀਜਾਂ ਅਤੇ ਤੇਜ਼ ਹਥਿਆਰ ਜਿਵੇਂ ਕਿ ਟਾਕੂਏ,ਬਰਛੇ ਤੇ ਤਰਸ਼ੂਲ ਲੈ ਕੇ ਚੱਲਣ ਤੇ 26 ਦਸੰਬਰ ਤੋਂ 29 ਦਸੰਬਰ ਤੱਕ ਮੁਕੰਮਲ ਪਾਬੰਦੀ ਹੋਵੇਗੀ। ਇਹ ਹੁਕਮ ਆਰਮੀ ਪਰਸੋਨਲ, ਪੈਰਾ ਮਿਲਟਰੀ ਫੋਰਸਿਜ਼, ਬਾਵਰਦੀ ਪੁਲਿਸ ਕਰਮਚਾਰੀਆਂ ਅਤੇ ਜਿਹਨਾਂ ਨੂੰ ਧਾਰਮਿਕ ਤੌਰ ਤੇ ਜਾਂ ਕਾਨੂੰਨੀ ਤੌਰ ਤੇ ਰੀਤੀ ਰਿਵਾਜਾਂ ਕਾਰਨ ਹਥਿਆਰ ਚੁੱਕਣ ਦੇ ਅਧਿਕਾਰ ਹਨ, ਅਸਲਾ ਲਾਈਸੰਸ ਨੂੰ ਨਵਿਆਉਣ ਲਈ ਦਫਤਰ ਆਉਣ ਵਾਲਿਆਂ ਤੇ ਲਾਗੂ ਨਹੀਂ ਹੋਵੇਗਾ।
            ਇਸੇ ਤਰ੍ਹਾਂ  ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ  ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ , ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਦੀ ਹਦੂਦ ਦੇ 3 ਕਿਲੋਮੀਟਰ ਦੇ ਏਰੀਏ ਅੰਦਰ ਆਉਂਦੇ ਹਰ ਕਿਸਮ ਦੇ ਸ਼ਰਾਬ ਦੇ ਠੇਕੇ / ਅਹਾਤੇ , ਸ਼ਰਾਬ ਦੇ ਭੰਡਾਰ ਰੱਖਣ, ਹੋਟਲਾਂ ਆਦਿ  ਜਿਥੇ ਕਾਨੂੰਨੀ ਤੌਰ ਸ਼ਰਾਬ ਦੀ ਵਰਤੋਂ  ਦੀ ਇਜਾਜਤ ਹੈ , ਵਿੱਚ ਸ਼ਰਾਬ ਦੀ ਵਰਤੋਂ ਕਰਨ, ਸ਼ਰਾਬ ਦੀ ਵਰਤੋਂ ਕਰਕੇ ਸ਼ਹੀਦੀ ਜੋੜ ਮੇਲ ਦੇ ਏਰੀਏ ਅੰਦਰ  ਦਾਖਲ ਹੋਣ ਤੇ  26 ਦਸੰਬਰ  ਤੋਂ 28 ਦਸੰਬਰ  ਨੂੰ ਬਾਅਦ ਦੁਪਹਿਰ 2.00 ਵਜੇ ਤੱਕ  ਪੂਰਨ ਤੌਰ ਤੇ ਪਾਬੰਦੀ  ਹੋਵੇਗੀ।
                        ਇਸੇ ਤਰ੍ਹਾਂ 26 ਤੋਂ 28 ਦਸੰਬਰ ਤੱਕ ਸ਼ਹੀਦੀ ਜੋੜ ਮੇਲ ਦੌਰਾਨ ਸ਼ਰਧਾਲੂਆਂ ਦੀ ਸਹੂਲਤ, ਪੁਰ ਅਮਨ ਮਾਹੌਲ ਕਾਇਮ ਰੱਖਣ ਲਈ ਫੌਜਦਾਰੀ ਦੰਡ ਸੰਘਤਾ 1973 (2ਆਫ 1974) ਦੀ ਧਾਰਾ 144 ਅਧੀਨ ਸ਼ਹੀਦੀ ਜੋੜ ਮੇਲ ਦੌਰਾਨ ਰੋਜਾ ਸ਼ਰੀਫ ਤੋਂ ਗੁਰਦੁਆਰਾ ਸ਼੍ਰੀ ਜਯੋਤੀ ਸਰੂਪ ਤੱਕ ਸੜਕ ਦੇ ਦੋਨੋ ਪਾਸੇ ਦੁਕਾਨਾਂ, ਸਟਾਲ ਅਤੇ ਲੰਗਰ ਲਗਾਉਣ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਮੋੜ ਤੋਂ ਚੂੰਗੀ ਨੰਬਰ 4 ਤੱਕ ਸੜਕ ਦੇ ਆਲੇ ਦੁਆਲੇ ਸੜਕ ਤੇ ਸਥਿਤ ਦੁਕਾਨਦਾਰਾਂ ਵੱਲੋਂ ਆਪਣੀ ਦੁਕਾਨ ਦੇ ਅੱਗੇ ਜਗ੍ਹਾ ਤੇ ਆਰਜੀ ਤੌਰ ਤੇ ਦੁਕਾਨਾਂ ਅਤੇ ਸਟਾਲ ਲਗਾਉਣ ਤੇ ਵੀ ਪਾਬੰਦੀ ਹੋਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਦਸੇ ਹੋਣ ਦੀ ਸੰਭਾਵਨਾ ਤੋਂ ਬਚਿਆ ਜਾ ਸਕੇ। ਇਹ ਹੁਕਮ 23 ਦਸੰਬਰ ਤੋਂ 29 ਦਸੰਬਰ ਤੱਕ ਲਾਗੂ ਰਹਿਣਗੇ। ਇਸੇ ਤਰ੍ਹਾਂ ਫੌਜਦਾਰੀ  ਦੰਡ ਸੰਘਤਾ 1973 (2ਆਫ 1974) ਦੀ ਧਾਰਾ 144 ਅਧੀਨ ਜੋੜ ਮੇਲ ਦੌਰਾਨ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ 3 ਕਿਲੋਮੀਟਰ ਦੀ ਹਦੂਦ ਅੰਦਰ ਲਾਊਡ ਸਪੀਕਰ, ਟੇਪ ਰਿਕਾਰਡਰ ਆਦਿ ਚਲਾਉਣ ਤੇ ਵੀ 20 ਤੋਂ 31 ਦਸੰਬਰ ਤੱਕ ਪਾਬੰਦੀ ਲਗਾਈ  ਗਈ ਹੈ। ਇਹ ਹੁਕਮ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਜਯੋਤੀ ਸਰੂਪ ਸਾਹਿਬ ਤੇ ਲਾਗੂ ਨਹੀਂ ਹੋਣਗੇ।

Translate »