-17 ਤੋਂ 19 ਦਸੰਬਰ ਤੱਕ ਮੁਕਤਸਰ ਸਾਹਿਬ ਵਿਖੇ ਹੋਵੇਗੀ ਕੌਮੀ ਚੈਂਪੀਅਨਸਿਪ
ਅੰਮ੍ਰਿਤਸਰ, 14 ਦਸੰਬਰ: ਜਿਲ੍ਹੇ ਅਮ੍ਰਿਤਸਰ ਦੇ ਇਤਿਹਾਸਕ ਪਿੰਡ ਵੱਲ੍ਹਾ ਵਿਖੇ ਪਸ਼ੂ ਪਾਲਣ ਵਿਭਾਗ ਵੱਲੋਂ ਖੇਤਰੀ ਪਸ਼ੂ ਧਨ ਚੈਂਪੀਅਨਸ਼ਿਪ ਦੀ ਅੱਜ ਰਸਮੀ ਸ਼ੁਰੂਆਤ ਹੋ ਗਈ। ਸ. ਬਿਕਰਮ ਸਿੰਘ ਮਜੀਠੀਆ, ਸਾਬਕਾ ਕੈਬਨਿਟ ਮੰਤਰੀ ਨੇ ਸ਼ਮਾ ਰੋਸ਼ਨ ਕਰਕੇ ਇਸ ਖੇਤਰੀ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪਸ਼ੂ ਪਾਲਣ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਹਾਜ਼ਰੀ ਭਰੀ। ਇਸ ਖੇਤੀ ਪਸ਼ੂ ਧਨ ਚੈਂਪੀਅਨਸ਼ਿਪ ਵਿੱਚ ਅੰਮ੍ਰਿਤਸਰ ਤੋਂ ਇਲਾਵਾ ਤਰਨਤਾਰਨ,ਪਠਾਨਕੋਟ, ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚੋਂ 2500 ਦੇ ਕਰੀਬ ਚੋਣਵੇਂ ਅਤੇ ਵਧੀਆ ਨਸਲ ਦੇ ਪਸ਼ੂ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪਹੁੰਚੇ। ਇਹ ਚੈਂਪੀਅਨਸ਼ਿਪ 16 ਦਸੰਬਰ ਤੱਕ ਜਾਰੀ ਰਹੇਗੀ ਅਤੇ ਇਸ ਵਿਚ ਵੱਖ-ਵੱਖ ਸ਼੍ਰੇਣੀਆਂ ‘ਚ ਮੱਝਾਂ, ਗਾਵਾਂ, ਘੋੜੀਆਂ, ਭੇਡਾਂ, ਬੱਕਰੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਜੇਤੂਆਂ ਨੂੰ ਲੱਖਾਂ ਰੁਪਏ ਦੀ ਨਗਦ ਰਾਸ਼ੀ ਵੀ ਦਿੱਤੀ ਜਾਵੇਗੀ।
ਸ੍ਰ ਮਜੀਠੀਆ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਇਹ ਪਸ਼ੂ ਧਨ ਮੇਲੇ, ਪ੍ਰਦਰਸ਼ਨੀਆਂ ਕਿਸਾਨਾਂ ਨੂੰ ਪਸ਼ੂ ਪਾਲਣ ਧੰਦੇ ਵੱਲ ਪ੍ਰੇਰਤ ਕਰਨ ਲਈ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਹਨ, ਕਿਉਂਕਿ ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਕਾਰੋਬਾਰੀ ਲੋਕ ਇੱਥੇ ਸਨਅਤ ‘ਚ ਪੈਸਾ ਨਹੀਂ ਲਗਾਉਂਦੇ। ਇਸ ਸਥਿਤੀ ‘ਚ ਡੇਅਰੀ ਦਾ ਧੰਦਾ ਕਿਸਾਨਾਂ ਲਈ ਵਧੀਆ ਆਮਦਨ ਦਾ ਸਾਧਨ ਬਣ ਸਕਦਾ ਹੈ ਅਤੇ ਪੰਜਾਬ ਸਰਕਾਰ ਇਸ ਲਈ ਵਿਸ਼ੇਸ਼ ਉਪਰਾਲੇ ਵੀ ਕਰ ਰਹੀ ਹੈ। ਉਨ੍ਹਾਂ ਡੇਅਰੀ ਵਿਭਾਗ ਵੱਲੋਂ ਸ਼ੁਰੂ ਕੀਤੀਆਂ ਵੱਖ-ਵੱਖ ਸਕੀਮਾਂ ਦਾ ਜ਼ਿਕਰ ਕਰਦੇ ਕਿਹਾ ਕਿ ਜਿਸ ਵਿਭਾਗ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਨੇ ਅਣਗੌਲੇ ਕਰੀ ਰੱਖਿਆ ਸੀ, ਉਸ ਵਿਭਾਗ ‘ਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਨੇ ਨਵੀਂ ਜਾਨ ਪਾ ਦਿੱਤੀ ਹੈ, ਜਿਸ ਸਦਕਾ ਇਹ ਪੰਜਾਬ ਦੇ ਕਿਸਾਨਾਂ ਦੀ ਸੇਵਾ ਕਰ ਰਿਹਾ ਹੈ ਅਤੇ ਕਿਸਾਨ ਵੀ ਇਸ ਡੇਅਰੀ ਦੇ ਧੰਦੇ ਤੋਂ ਚੰਗੀ ਕਮਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦ ਪੰਜਾਬ ਹਰੀ ਕ੍ਰਾਂਤੀ ਵਾਂਗ ਆਉਣ ਵਾਲੀ ਚਿੱਤੀ ਕ੍ਰਾਂਤੀ ‘ਚ ਵੀ ਦੇਸ਼ ਦੀ ਅਗਵਾਈ ਕਰੇਗਾ। ਸ੍ਰ ਮਜੀਠੀਆ ਨੇ ਕਿਹਾ ਕਿ ਪਸ਼ੂ ਪਾਲਣ ਧੰਦੇ ਨੂੰ ਹੋਰ ਲਾਹੇਵੰਦ ਬਣਾਉਣ ਲਈ ਅਤੇ ਲੋੜੀਂਦੇ ਵਧੀਆ ਨਸਲ ਦੇ ਦੁਧਾਰੂ ਪਸ਼ੂ ਪੈਦਾ ਕਰਨ ਲਈ ਪੰਜਾਬ ਸਰਕਾਰ ਕਰੋੜਾਂ ਰੁਪਏ ਦਾ ਵਧੀਆ ਨਸਲ ਦਾ ਵਿਦੇਸ਼ੀ ਸੀਮਨ ਪਸ਼ੂ ਪਾਲਕਾਂ ਨੂੰ ਮੁਹੱਈਆ ਕਰਵਾਉਣ ਲਈ ਬਾਹਰੋਂ ਮੰਗਵਾਇਆ ਹੈ, ਜਿਸ ਨਾਲ ਪਸ਼ੂਆਂ ਦੀ ਨਸਲ ਸੁਧਰੀ ਹੈ ਅਤੇ ਦੁੱਧ ਦੀ ਵੱਧ ਪੈਦਾਵਰ ਸੰਭਵ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਲ੍ਹਾ ਪੱਧਰ ‘ਤੇ ਵੈਟਨਰੀ ਪੋਲੀਕਲੀਨਿਕ ਸਥਾਪਤ ਕੀਤੇ ਜਾ ਚੁੱਕੇ ਹਨ ਅਤੇ ਪਿਛਲੇ ਸਾਲ ‘ਚ ਹੀ 10 ਪੋਲੀਕਲੀਨਕਲਾਂ ਦਾ ਉਦਘਾਟਨ ਹੋਇਆ ਹੈ, ਜੋ ਕਿ ਇਕ ਮਿਸਾਲ ਹੈ। ਇਸ ਮੌਕੇ ਸੰਬੋਧਨ ਕਰਦੇ ਪਸ਼ੂ ਪਾਲਣ ਮੰਤਰੀ ਸ. ਗੁਲਜਾਰ ਸਿੰਘ ਰਣੀਕੇ ਨੇ ਦੱਸਿਆ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਿਸਾਨਾਂ ਨੂੰ ਡੇਅਰੀ ਦੇ ਧੰਦੇ ਵੱਲ ਪ੍ਰੇਰਿਤ ਕਰਨ ਲਈ ਚੁੱਕੇ ਗਏ ਕਦਮਾਂ ਸਦਕਾ ਹੀ ਇਹ ਪਸ਼ੂ ਧੰਨ ਚੈਂਪੀਅਨਸ਼ਿਪ ਸ਼ੁਰੂ ਹੋ ਸਕੀ ਹੈ। ਉਨ੍ਹਾਂ ਕਿਸਾਨਾਂ ਨੂੰ ਇਸ ਧੰਦੇ ਵੱਲ ਆਉਣ ਦੀ ਸਲਾਹ ਦਿੰਦੇ ਕਿਹਾ ਕਿ ਦੁੱਧ ਦੀ ਮੰਗ ਬਹੁਤ ਹੈ, ਪਰ ਪੈਦਾਵਰ ਘੱਟ। ਇਸ ਲਈ ਮੰਗ ਅਤੇ ਸਪਲਾਈ ਦੇ ਫਰਕ ਨੂੰ ਪੂਰਾ ਕਰਨ ਲਈ ਇਹ ਧੰਦਾ ਬਹੁਤ ਲਾਹੇਵੰਦ ਹੈ। ਉਨ੍ਹਾਂ ਦੱਸਿਆ ਕਿ ਕਈ ਪ੍ਰਵਾਸੀ ਪੰਜਾਬੀ ਅਮਰੀਕਾ ਤੇ ਕੈਨੇਡਾ ਆਦਿ ਵਿਚੋਂ ਆਕੇ ਵੀ ਡੇਅਰੀ ਦਾ ਧੰਦਾ ਕਰ ਰਹੇ ਹਨ ਅਤੇ ਸੌਖੀ ਕਮਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਕਾਂ ਨੂੰ ਹਰ ਸਹੂਲਤ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਸਰਕਾਰ ਤੁਹਾਡੇ ਨਾਲ ਹੈ, ਬੈਂਕ ਪੈਸਾ ਦੇ ਰਹੇ ਹਨ, ਅਸੀਂ ਸਿਖਲਾਈ ਦੇ ਰਹੇ ਹਾਂ, ਫਿਰ ਪਿੱਛੇ ਹਟਣ ਦੀ ਕੋਈ ਤੁਕ ਨਹੀਂ ਬਣਦੀ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਦੀ ਤਰਜ਼ ‘ਤੇ ਸਰਕਾਰ ਹਰ ਜ਼ਿਲ੍ਹੇ ‘ਚ ਆਧੁਨਿਕ ਪਸ਼ੂ ਮੰਡੀਆਂ ਬਣਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ, ਡਾ: ਐਸ:ਐਸ:ਸੰਧਾਂ, ਡਾਇਰੈਕਟਰ ਡੇਅਰੀ ਵਿਕਾਸ ਸ. ਇੰਦਰਜੀਤ ਸਿੰਘ, ਡਾ: ਜਗਦੀਸ਼ ਚੰਦਰ ਸ਼ੋਰੀ, ਸੁੱਚਾ ਸਿੰਘ ਪ੍ਰਧਾਨ ਧਰਮੀ ਫੌਜੀ, ਡਾ. ਅਰੁਨ ਕੁਮਾਰ ਸੰਯੁਕਤ ਨਿਰਦੇਸ਼ਕ ਪੰਜਾਬ, ਅਕਾਲੀ ਆਗੂ ਇਕਬਾਲ ਸਿੰਘ, ਸਰਬਜੋਤ ਸਿੰਘ ਸਾਬੀ ਆਦਿ ਹਾਜ਼ਰ ਸਨ।