– ਭਵਨ ਲਈ ਇੱਕ ਏਕੜ ਜ਼ਮੀਨ ਅਲਾਟ
– ਗਲਾਡਾ ਵੱਲੋਂ ਉਸਾਰੀ ਲਈ ਇੱਕ ਕਰੋੜ ਰੁਪਏ ਦੀ ਪ੍ਰਵਾਨਗੀ
– 10 ਲੱਖ ਰੁਪਏ ਦੀ ਪਹਿਲੀ ਕਿਸ਼ਤ ਜਾਰੀ
ਲੁਧਿਆਣਾ, 15 ਦਸੰਬਰ : ਅਨੁਸੂਚਿਤ ਜਾਤੀਆਂ ਦੀ ਚਿਰਕੋਣੀ ਮੰਗ ਨੂੰ ਪੂਰੀ ਕਰਦਿਆਂ ਪੰਜਾਬ ਸਰਕਾਰ ਨੇ ਲੁਧਿਆਣਾ ਵਿਖੇ ਡਾ. ਬੀ.ਆਰ. ਅੰਬੇਦਕਰ ਭਵਨ ਦੇ ਨਿਰਮਾਣ ਲਈ ਜਲੰਧਰ ਬਾਈਪਾਸ ਸਥਿਤ ਪੰਜਾਬ ਐਗਰੋ ਕਾਰਪੋਰੇਸ਼ਨ ਲਿਮਟਿਡ ਦੀ ਇਕ ਏਕੜ ਥਾਂ ਪੰਜਾਬ ਰਾਜ ਐਸ.ਬੀ./ਬੀ.ਸੀ. ਵੈਲਫ਼ੇਅਰ ਵਿਭਾਗ ਨੂੰ ਤਬਦੀਲ ਕਰ ਦਿੱਤੀ ਹੈ। ਇਸ ਜਗ੍ਹਾਂ ‘ਤੇ ਅੰਬੇਦਕਰ ਭਵਨ ਦੇ ਨਿਰਮਾਣ ਦੀ ਸ਼ੁਰੂਆਤ ਜੇਲ੍ਹ ਤੇ ਸੈਰ-ਸਪਾਟਾ ਮੰਤਰੀ ਜੱਥੇਦਾਰ ਹੀਰਾ ਸਿੰਘ ਗਾਬੜੀਆ ਨੇ ਨੀਂਹ ਪੱਥਰ ਰੱਖ ਕੇ ਕੀਤੀ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਗਾਬੜੀਆ ਨੇ ਦੱਸਿਆ ਕਿ ਅੰਬੇਦਕਰ ਭਵਨ ਬਣਾਉਣ ਸਬੰਧੀ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਲਿਆ ਗਿਆ ਸੀ ਅਤੇ ਸ. ਬਾਦਲ ਨੇ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਿਟੀ (ਗਲਾਡਾ) ਦੇ ਮੁੱਖ ਪ੍ਰਸ਼ਾਸਕ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਭਵਨ ਦੀ ਉਸਾਰੀ ਲਈ ਤੁਰੰਤ ਇੱਕ ਕਰੋੜ ਰੁਪਏ ਜਾਰੀ ਕਰ ਦੇਣ। ਗਾਬੜੀਆ ਨੇ ਕਿਹਾ ਕਿ ਜੇਕਰ ਹੋਰ ਪੈਸਿਆਂ ਦੀ ਜ਼ਰੂਰਤ ਹੋਈ ਤਾਂ ਸਰਕਾਰ ਮੁਹੱਈਆਂ ਕਰਵਾਏਗੀ।
ਉਨ੍ਹਾਂ ਅੱਗੇ ਦੱਸਿਆ ਕਿ ਅੰਬੇਦਕਰ ਭਵਨ ਆਪਣੀ ਕਿਸਮ ਦਾ ਅਜਿਹਾ ਪਹਿਲਾ ਭਵਨ ਹੋਵੇਗਾ ਜੋ 9 ਮਹੀਨਿਆਂ ‘ਚ ਬਣਕੇ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਭਵਨ ਲਈ ਜ਼ਿੰਮੇਵਾਰ ਮਿਊਂਸੀਪਲ ਕਾਰਪੋਰੇਸ਼ਨ ਨੂੰ 10 ਲੱਖ ਰੁਪਏ ਦੀ ਪਹਿਲੀ ਕਿਸ਼ਤ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਰਾਹੁਲ ਤਿਵਾੜੀ, ਡੀ.ਸੀ.ਪੀ. ਆਸ਼ੀਸ਼ ਚੌਧਰੀ, ਏ.ਡੀ.ਸੀ.ਪੀ. ਸੁਖਪਾਲ ਸਿੰਘ ਬਰਾੜ, ਨਗਰ ਨਿਗਮ ਦੇ ਕਮਿਸ਼ਨਰ ਐਮ.ਐਸ. ਜੱਗੀ, ਮੇਅਰ ਹਾਕਮ ਸਿੰਘ ਗਿਆਸਪੁਰਾ, ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੈ ਦਾਨਵ, ਭਾਵਾਧਸ ਆਗੂ ਨਰੇਸ਼ ਧੀਂਗਾਨ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੰਵਲਇੰਦਰ ਸਿੰਘ ਠੇਕੇਦਾਰ, ਲਕਸ਼ਮਣ ਦ੍ਰਾਵਿੜ, ਯਸ਼ਪਾਲ ਚੌਧਰੀ, ਰਮਨਜੀਤ ਲਾਲੀ, ਸਫਾਈ ਕਰਮਚਾਰੀ ਭਲਾਈ ਬੋਰਡ ਦੇ ਉਪ ਚੇਅਰਮੈਨ ਡੀ.ਪੀ. ਖੋਸਲਾ, ਪਾਲ ਸਿੰਘ ਗਰੇਵਾਲ, ਰਣਜੀਤ ਸਿੰਘ ਢਿੱਲੋਂ ਤੇ ਹੰਸਰਾਜ, (ਤਿੰਨੋਂ ਕੌਂਸਲਰ), ਬਲਵਿੰਦਰ ਸਿੰਘ ਐਮ.ਡੀ., ਸ਼ਿਵਰਾਮ ਸਰੋਏ ਆਦਿ ਹਾਜ਼ਰ ਸਨ।