December 15, 2011 admin

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਚੀਕੂ ਅਤੇ ਆਂਵਲੇ ਦੀਆਂ ਪੰਜ ਕਿਸਮਾਂ ਜਾਰੀ

ਲੁਧਿਆਣਾ: 15 ਦਸੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਿਕਸਤ ਚੀਕੂ ਦੀਆਂ ਦੋ ਕਿਸਮਾਂ ਕਾਲੀ ਪੱਟੀ ਅਤੇ ਕ੍ਰਿਕਟ ਬਾਲ ਦੇ ਨਾਲ ਹੀ ਆਂਵਲੇ ਦੀਆਂ ਤਿੰਨ ਕਿਸਮਾਂ ਬਲਵੰਤ, ਨੀਲਮ, ਕੰਚਨ ਨੂੰ ਪੰਜਾਬ ਵਿੱਚ ਆਮ ਕਾਸ਼ਤ ਲਈ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਬਾਗਬਾਨੀ ਨਿਰਦੇਸ਼ਕ ਡਾ:ਲਾਜਵਿੰਦਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਰਾਜ ਕਿਸਮ ਪ੍ਰਵਾਨਣ ਕਮੇਟੀ ਦੀ ਮੀਟਿੰਗ ਵਿੱਚ ਇਨ•ਾਂ ਕਿਸਮਾਂ ਨੂੰ ਜਾਰੀ ਕਰਦਿਆਂ ਡਾ:ਬਰਾੜ ਨੇ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਗਬਾਨੀ ਮਾਹਿਰਾਂ ਨੇ ਬਾਗਬਾਨੀ ਵਿਕਾਸ ਲਈ ਪਹਿਲਾਂ ਵਾਲੀ ਰਵਾਇਤ ਨੂੰ ਅੱਗੇ ਤੋਰਦਿਆਂ ਆਂਵਲੇ ਅਤੇ ਚੀਕੂ ਦੀਆਂ ਚੰਗੀਆਂ ਕਿਸਮਾਂ ਜਾਰੀ ਕੀਤੀਆਂ ਹਨ ਜੋ ਝਾੜ ਅਤੇ ਮਿਆਰ ਪੱਖੋਂ ਪੰਜਾਬ ਲਈ ਆਰਥਿਕ ਤੌਰ ਤੇ ਵੀ ਚੰਗੀਆਂ ਰਹਿਣਗੀਆਂ ਅਤੇ ਦੇਸ਼ ਦੀ ਪੌਸ਼ਟਿਕ ਸੁਰੱਖਿਆ ਵਿੱਚ ਵੀ ਚੰਗਾ ਹਿੱਸਾ ਪਾਉਣਗੀਆਂ ਕਿਉਂਕਿ ਇਹ ਦੋਵੇਂ ਫ਼ਲ ਵਿਟਾਮਿਨ, ਖਣਿਜ ਤੱਤ ਅਤੇ ਹੋਰ ਖੁਰਾਕੀ ਤੱਤਾਂ ਨਾਲ ਭਰਪੂਰ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਚੀਕੂ ਦੀ ਕਿਸਮ ਕਾਲੀ ਪੱਟੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਿਸਮ ਤਾਜ਼ੀ ਖਾਣ ਵਾਲੀ ਹੈ। ਇਸ ਕਿਸਮ ਦੇ ਬੂਟਿਆਂ ਦੀਆਂ ਟਾਹਣੀਆਂ ਖਿਲਰਵੀਆਂ ਅਤੇ ਪੱਤੇ ਗੂੜ•ੇ ਹਰੇ ਰੰਗ ਦੇ ਚੌੜੇ ਅਤੇ ਮੋਟੇ ਹੁੰਦੇ ਹਨ। ਫ਼ਲ ਲਮੂਤਰੇ ਅਤੇ ਅੰਡਾਕਾਰ ਸ਼ਕਲ ਦੇ ਹੁੰਦੇ ਹਨ ਜਦ ਕਿ ਗੁੱਦਾ ਨਰਮ ਅਤੇ ਮਿੱਠਾ ਹੁੰਦਾ ਹੈ। ਇਸ ਦੀਆਂ ਟਾਹਣੀਆਂ ਉੱਪਰ ਫ਼ਲ ਇਕੱਲੇ ਇਕੱਲੇ ਲਗਦੇ ਹਨ ਅਤੇ ਹਰ ਫ਼ਲ ਵਿੱਚ 1 ਤੋਂ 4 ਬੀਜ ਹੁੰਦੇ ਹਨ। ਇਕ ਬੂਟੇ ਤੋਂ ਲਗਪਗ 166 ਕਿਲੋ ਚੀਕੂ ਦਾ ਫ਼ਲ ਮਿਲਣ ਦੀ ਸਮਰੱਥਾ ਹੈ। ਡਾ: ਗੋਸਲ ਨੇ ਦੱਸਿਆ ਕਿ ਦੂਜੀ ਕਿਸਮ ਕ੍ਰਿਕਟ ਬਾਲ ਦੇ ਬੂਟੇ ਘੱਟ ਸੰਘਣੀਆਂ ਟਾਹਣੀਆਂ ਵਾਲੇ ਹੁੰਦੇ ਹਨ। ਫ਼ਲ ਵੱਡੇ ਅਤੇ ਗੋਲ ਹੋਣ ਦੇ ਨਾਲ ਨਾਲ ਗੁੱਦਾ ਦਾਣੇਦਾਰ ਮਿੱਠਾ , ਸੁਆਦਲਾ ਅਤੇ ਖੁਸ਼ਬੂਦਾਰ ਹੁੰਦਾ ਹੈ। ਉਨ•ਾਂ ਦੱਸਿਆ ਕਿ ਇਕੱਲੇ ਕ੍ਰਿਕਟ ਬਾਲ ਲਾਉਣ ਨਾਲ ਝਾੜ ਘੱਟ ਮਿਲਦਾ ਪਰ ਬਾਗ ਵਿੱਚ ਕਾਲੀ ਪੱਟੀ ਲਗਾਉਣ ਨਾਲ ਚੰਗਾ ਝਾੜ ਮਿਲ ਜਾਂਦਾ ਹੈ। ਬੂਟੇ ਦਾ ਔਸਤ ਝਾੜ 157 ਕਿਲੋ ਹੁੰਦਾ ਹੈ।
ਆਂਵਲੇ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਡਾ: ਗੋਸਲ ਨੇ ਦੱਸਿਆ ਕਿ ਇਨ•ਾਂ ਵਿੱਚੋਂ ਬਲਵੰਤ ਦੇ ਬੂਟੇ ਦਰਮਿਆਨੇ ਲੰਮੇ, ਦਰਮਿਆਨੇ ਫੈਲਾਓ ਵਾਲੇ ਅਤੇ ਪਤਰਾਲ ਸੰਘਣਾ ਹੁੰਦਾ ਹੈ। ਫ਼ਲ ਚਪਟੇ, ਗੋਲ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਸ ਦੀ ਚਮੜੀ ਖੁਰਦਰੀ, ਪੀਲੀ ,ਹਰੀ ਅਤੇ ਗੁਲਾਬੀ ਭਾ ਮਾਰਦੀ ਹੈ।  ਇਸ ਦਾ ਗੁੱਦਾ ਹਲਕਾ ਰੇਸ਼ੇਦਾਰ ਚਿੱਟਾ, ਹਰਾ  ਨਰਮ ਰਸ ਭਰਪੂਰ ਅਤੇ ਤਿੱਖੇ ਸੁਆਦ ਵਾਲਾ ਹੁੰਦਾ ਹੈ। ਗਿਟਕ ਦਰਮਿਆਨੀ ਅਤੇ ਲਗਪਗ ਆਇਤਾਕਾਰ ਹੁੰਦੀ ਹੈ। ਅਗੇਤੀ ਹੋਣ ਕਰਕੇ ਇਹ ਅੱਧ ਨਵੰਬਰ  ਵਿੱਚ ਪੱਕ ਕੇ ਔਸਤਨ 121 ਕਿਲੋ ਪ੍ਰਤੀ ਬੂਟਾ ਝਾੜ ਦਿੰਦੀ ਹੈ। ਨੀਲਮ ਬਾਰੇ ਜਾਣਕਾਰੀ ਦਿੰਦਿਆਂ ਡਾ: ਗੋਸਲ ਨੇ ਦੱਸਿਆ ਕਿ ਇਸ ਦੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਵਾਲੇ ਤਿਕੌਨੀ ਸ਼ਕਲ ਦੇ ਹੁੰਦੇ ਹਨ। ਫ਼ਲ ਦੀ ਚਮੜੀ ਮੁਲਾਇਮ, ਦਰਮਿਆਨੀ ਪਾਰਦਰਸ਼ੀ ਅਤੇ ਪੀਲੇ ਹਰੇ ਰੰਗ ਦੀ ਹੁੰਦੀ ਹੈ। ਇਸ ਦਾ ਗੁੱਦਾ ਤਕਰੀਬਨ ਰੇਸ਼ਾ ਰਹਿਤ ਅਤੇ ਨਰਮ ਹੁੰਦਾ ਹੈ ਜਦ ਕਿ ਗਿਟਕ ਦਰਮਿਆਨੀ ਅਤੇ ਅੰਡਾਕਾਰ ਸ਼ਕਲ ਦੀ ਹੁੰਦੀ ਹੈ। ਨਵੰਬਰ ਦੇ ਅਖੀਰ ਵਿੱਚ ਪੱਕ ਕੇ ਇਹ ਕਿਸਮ 121 ਕਿਲੋ ਪ੍ਰਤੀ ਬੂਟਾ ਝਾੜ ਦਿੰਦੀ ਹੈ। ਡਾ: ਗੋਸਲ ਨੇ ਦੱਸਿਆ ਕਿ ਤੀਸਰੀ ਕਿਸਮ ਕੰਚਨ ਦੇ ਬੂਟੇ ਲੰਮੇ, ਬਿਰਲੇ ਪੱਤਿਆਂ ਵਾਲੇ ਹੁੰਦੇ ਹਨ ਜਦ ਕਿ ਫ਼ਲ ਲਮੂਤਰੇ, ਚਪਟੇ ਅਤੇ ਅਕਾਰ ਵਿੱਚ ਛੋਟੇ ਤੋਂ ਦਰਮਿਆਨੇ ਹੁੰਦੇ ਹਨ। ਗੁੱਦਾ ਰੇਸ਼ੇਦਾਰ, ਸਖਤ ਅਤੇ ਖਾਣ ਵਾਲੇ ਪਕਵਾਨ ਬਣਾਉਣ ਦੇ ਯੋਗ ਹੁੰਦਾ ਹੈ। ਗਿਟਕ ਗੋਲ ਅਤੇ ਛੋਟੀ ਹੁੰਦੀ ਹੈ। ਦਸੰਬਰ ਦੇ ਅਖੀਰ ਵਿੱਚ ਪੱਕ ਕੇ ਇਹ ਕਿਸਮ 111 ਕਿਲੋ ਪ੍ਰਤੀ ਬੂਟਾ ਝਾੜ ਦਿੰਦੀ ਹੈ।
ਪਸਾਰ ਸਿੱਖਿਆ ਵਿਭਾਗ ਦੇ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਕਿਹਾ ਕਿ ਇਨ•ਾਂ ਕਿਸਮਾਂ ਦੇ ਗੁਣਾਂ ਦੀ ਨਿਰਖ ਪਰਖ਼ ਬੜੀ ਲੰਮੀ ਵਿਚਾਰ ਤੋਂ ਬਾਅਦ ਕਰਨ ਉਪਰੰਤ ਇਨ•ਾਂ ਨੂੰ ਕਾਸ਼ਤ ਲਈ ਸਿਫਾਰਸ਼ ਕੀਤਾ ਗਿਆ ਹੈ। ਉਨ•ਾਂ ਆਖਿਆ ਕਿ ਇਨ•ਾਂ ਕਿਸਮਾਂ ਦੀ ਸਿਫਾਰਸ਼ ਨਾਲ ਪੰਜਾਬ ਵਿੱਚ ਵਪਾਰਕ ਬਾਗਬਾਨੀ ਨੂੰ ਹੁਲਾਰਾ ਮਿਲੇਗਾ। ਇਨ•ਾਂ ਕਿਸਮਾਂ ਤੇ ਕਿਸੇ ਗੰਭੀਰ ਕਿਸਮ ਦੇ ਕੀੜੇ ਮਕੌੜੇ ਜਾਂ ਬੀਮਾਰੀ ਦਾ ਹਮਲਾ ਵੀ ਵੇਖਣ ਨੂੰ ਨਹੀਂ ਮਿਲਿਆ।

Translate »