ਲੁਧਿਆਣਾ-15-ਦਸੰਬਰ-2011 : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਜਨਤਕ ਸਿਹਤ ਵਿਭਾਗ ਨੇ ਪ੍ਰਯੋਗਾਂ ਲਈ ਕੰਮ ਆਉਂਦੇ ਜੀਵਾਂ ਨੂੰ ਤਜਰਬਿਆਂ ਵੇਲੇ ਬਿਹਤਰ ਹਾਲਾਤ ਅਤੇ ਸਥਿਤੀ ਦੇਣ ਲਈ ਇਕ ਮਹਤੱਵਪੂਰਨ ਕਾਰਜਸ਼ਾਲਾ ਆਯੋਜਿਤ ਕੀਤੀ। ਇਸ ਕਾਰਜਸ਼ਾਲਾ ਦੇ ਵਿਸ਼ਾ ਸੀ ‘ਬੁਨਿਆਦੀ ਪ੍ਰਯੋਗਿਕ ਢਾਂਚਾ: ‘ਚੂਹਿਆਂ ਨਾਲ ਤਜਰਬਿਆਂ ਵਿੱਚੋਂ ਚੰਗੇ ਨਤੀਜੇ ਲੈਣ ਦੀ ਯੋਜਨਾ’। ਇਸ ਕਾਰਜਸ਼ਾਲਾ ਦੀ ਕੈਨੇਡਾ ਦੀ ਸਸਕੈਚਵਨ ਯੂਨੀਵਰਸਿਟੀ ਨਾਲ ਸਹਿਯੋਗ ਕੀਤਾ ਗਿਆ ਸੀ। ਜਨਤਕ ਸਿਹਤ ਵਿਭਾਗ ਦੇ ਮੁਖੀ ਡਾ. ਜਤਿੰਦਰ ਪਾਲ ਸਿੰਘ ਗਿੱਲ ਜੋ ਕਿ ਇਸ ਕਾਰਜਸ਼ਾਲਾ ਦੇ ਪ੍ਰਬੰਧਕੀ ਸਕੱਤਰ ਸਨ ਨੇ ਦੱਸਿਆ ਕਿ ਵੈਟਨਰੀ ਯੂਨੀਵਰਸਿਟੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਗੁਰੁ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਇੰਜੀਨਅਰਿੰਗ ਅਤੇ ਤਕਨਾਲੋਜੀ ਕਾਲਜ ਤੋਂ ਲਗਭਗ 50 ਵਿਗਿਆਨੀਆਂ ਨੇ ਇਸ ਵਿੱਚ ਹਿੱਸਾ ਲਿਆ। ਵੈਟਨਰੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਸਰਨਰਿੰਦਰ ਸਿੰਘ ਰੰਧਾਵਾ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਇਸ ਵਿਸ਼ੇ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਖੋਜ ਵਿੱਚ ਵਰਤੇ ਜਾਣ ਵਾਲੇ ਜਾਨਵਰਾਂ ਦੀ ਸੁਚੁੱਜੇ ਅਤੇ ਵਿਗਿਆਨਕ ਢੰਗ ਨਾਲ ਸਾਂਭ ਸੰਭਾਲ ਬਹੁਤ ਜਰੂਰੀ ਹੈ। ਸਸਕੈਚਵਨ ਯੂਨੀਵਰਸਿਟੀ ਦੇ ਸਹਾਇਕ ਡੀਨ ਖੋਜ ਡਾ. ਬਲਜੀਤ ਸਿੰਘ ਗਿੱਲ ਨੇ ਕਿਹਾ ਕਿ ਖੋਜ ਵਿਗਿਆਨੀਆਂ ਨੂੰ ਚੰਗੇ ਨਤੀਜੇ ਦੀ ਪ੍ਰਾਪਤੀ ਲਈ ਤਜਰਬੇ ਦੀ ਰੂਪ ਰੇਖਾ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ।ਸਾਰੇ ਤਜਰਬੇ ਨੂੰ ਵਿਊਂਤਬੱਧ ਢੰਗ ਨਾਲ ਉਲੀਕ ਲੈਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਤਜਰਬਿਆਂ ਸਬੰਧੀ ਖੋਜ ਪੱਤਰ ਛਾਪਣੇ ਬਹੁਤ ਜਰੂਰੀ ਹੈ। ਕੈਨੇਡਾ ਤੋਂ ਹੀ ਆਏ ਡਾ.ਡੇਵਿਡ ਸਨੈ ਬਰਗਰ ਨੇ ਕਾਰਜਸ਼ਾਲਾ ਵਿੱਚ ਹਿੱਸਾ ਲੈ ਰਹੇ ਸਾਇੰਸਦਾਨਾਂ ਨੂੰ ਪ੍ਰਯੋਗ ਲਈ ਵਰਤੇ ਜਾਣ ਵਾਲੇ ਚੂਹਿਆਂ ਦੇ ਖੂਨ ਅਤੇ ਹੋਰ ਨਮੂਨੇ ਇਕੱਠੇ ਕਰਨ ਲਈ ਅਤੇ ਉਨ•ਾਂ ਤੇ ਤਜਰਬੇ ਕਰਨ ਸਬੰਧੀ ਕਈ ਮਹੱਤਵਪੂਰਨ ਨੁਕਤਿਆਂ ਤੇ ਰੌਸ਼ਨੀ ਪਾਈ।