December 15, 2011 admin

ਬੈਂਕਫਿੰਕੋ ਦਾ ਫੀਲਡ ਸੁਪਰਵਾਈਜ਼ਰ ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਾ ਕਾਬੂ

ਪਟਿਆਲਾ, 15 ਦਸੰਬਰ : ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਬੈਂਕਫਿੰਕੋ ਦੇ ਫੀਲਡ ਸੁਪਰਵਾਈਜ਼ਰ ਰਾਕੇਸ਼ ਗਰਗ ਨੂੰ ਡੇਅਰੀ ਫਾਰਮਿੰਗ ਦੇ ਕਾਰੋਬਾਰ ਲਈ ਕਰਜ਼ਾ ਦੇਣ ਦੇ ਇਵਜ਼ ਵਿੱਚ ਇੱਕ ਵਿਅਕਤੀ ਕੋਲੋਂ 1700 ਰੁਪਏ ਬਤੌਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ । ਇਹ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਸ਼੍ਰੀ ਅਪਾਰ ਸਿੰਘ ਪੁੱਤਰ ਸ਼੍ਰੀ ਮਹਿੰਦਰ ਸਿੰਘ ਵਾਸੀ ਪਿੰਡ ਜੁਲਕਾਂ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਨੇ ਬੈਂਕਫਿੰਕੋ ਚੰਡੀਗੜ੍ਹ ਬਰਾਂਚ ਪਟਿਆਲਾ ਰਾਹੀਂ ਕਰਜ਼ਾ ਲੈਣ ਲਈ ਅਪਲਾਈ ਕੀਤਾ ਸੀ ।
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਉਕਤ ਕਰਜ਼ੇ ਦਾ 95 ਹਜ਼ਾਰ ਰੁਪਏ ਦਾ ਪਾਸ ਹੋਇਆ ਚੈਕ ਦੇਣ ਲਈ ਫੀਲਡ ਸੁਪਰਵਾਈਜ਼ਰ ਰਾਕੇਸ਼ ਗਰਗ ਨੇ ਬਤੌਰ ਰਿਸ਼ਵਤ ਤਿੰਨ ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਅਤੇ ਸੌਦਾ 1700 ਰੁਪਏ ਵਿੱਚ ਤੈਅ ਹੋਇਆ ਸੀ । ਉਨ੍ਹਾਂ ਦੱਸਿਆ ਕਿ ਡੀ.ਐਸ.ਪੀ ਵਿਜੀਲੈਂਸ ਸ਼੍ਰੀ ਪ੍ਰਿਤੀਪਾਲ ਸਿੰਘ ਗਿੱਲ ਨੇ ਰਾਕੇਸ਼ ਗਰਗ, ਫੀਲਡ ਸੁਪਰਵਾਈਜ਼ਰ, ਬੈਂਕਫਿੰਕੋ ਐਸ.ਐਸ.ਟੀ ਨਗਰ ਪਟਿਆਲਾ ਨੂੰ ਰਿਸ਼ਵਤ ਲੈਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ । ਉਨ੍ਹਾ ਦੱਸਿਆ ਕਿ ਰਿਸ਼ਵਤ ਦੀ ਇਹ ਰਾਸ਼ੀ ਸ਼ੈਡੋ ਗਵਾਹ ਸ਼੍ਰੀ ਜਗਦੀਪ ਸਿੰਘ ਪੁੱਤਰ ਸ਼੍ਰੀ ਜਰਨੈਲ ਸਿੰਘ ਪਿੰਡ ਜੁਲਕਾਂ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਦੀ ਹਾਜ਼ਰੀ ਵਿੱਚ ਰਾਕੇਸ਼ ਗਰਗ ਨੇ ਮੰਗ ਕੇ ਹਾਸਿਲ ਕੀਤੇ ਜਦਕਿ ਰਿਸ਼ਵਤ ਵੱਜੋਂ ਹਾਸਿਲ ਕੀਤੇ 1700 ਰੁਪਏ ਸ਼੍ਰੀ ਗੁਰਨਾਮ ਸਿੰਘ ਐਸ.ਡੀ.ਓ ਅਤੇ ਸ਼੍ਰੀ ਅਸ਼ਵਨੀ ਕੁਮਾਰ ਜੇ.ਈ ਦਫਤਰ ਜਲ ਨਿਕਾਸ ਉਸਾਰੀ ਮੰਡਲ ਪਟਿਆਲਾ ਦੀ ਮੌਜੂਦਗੀ ਵਿੱਚ ਕਥਿਤ ਦੋਸ਼ੀ ਤੋਂ ਬਰਾਮਦ ਕੀਤੇ ਗਏ । ਸ਼੍ਰੀ ਸ਼ਰਮਾ ਨੇ ਦੱਸਿਆ ਕਿ ਇਸ ਸਬੰਧ ਵਿੱਚ ਮਿਤੀ 15 ਦਸੰਬਰ ਨੂੰ ਮੁਕੱਦਮਾ ਨੰਬਰ 09 ਅ/ਧ 7, 18 (2) 88 ਪੀ.ਸੀ.ਐਕਟ ਅਧੀਨ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਵਿਖੇ ਦਰਜ ਕੀਤਾ ਗਿਆ ਹੈ ।

Translate »