December 15, 2011 admin

ਸ਼ਹੀਦੀ ਜੋੜ ਮੇਲ ਸਮੇਂ ਕਾਨੂੰਨ ਤੇ ਵਿਵਸਥਾ ਨੂੰ ਬਣਾਈਂ ਰੱਖਣ ਅਤੇ ਧਾਰਮਿਕ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਵੱਖ ਵੱਖ ਰਾਜਨੀਤਿਕ ਪਾਰਟੀਆਂ ਸਹਿਯੋਗ ਦੇਣ-ਏ.ਡੀ.ਸੀ.

ਫਤਹਿਗੜ੍ਹ ਸਾਹਿਬ 15 ਦਸੰਬਰ : ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਪਵਿੱਤਰ ਸ਼ਹਾਦਤ ਦੀ ਯਾਦ ਵਿੱਚ ਫਤਹਿਗੜ੍ਹ ਸਾਹਿਬ ਵਿਖੇ 26 ਤੋਂ 28 ਦਸੰਬਰ ਤੱਕ ਹੋਣ ਵਾਲੇ ਸਾਲਾਨਾ ਸ਼ਹੀਦੀ ਜੋੜ ਮੇਲ ਸਮੇਂ ਕਾਨੂੰਨ ਤੇ ਵਿਵਸਥਾ ਨੂੰ ਬਣਾਈਂ ਰੱਖਣ ਅਤੇ ਇਸ ਜੋੜ ਮੇਲ ਦੀ ਧਾਰਮਿਕ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਜ਼ਿਲ੍ਹੇ ਦੀਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਸ੍ਰ: ਪ੍ਰੀਤਮ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਏ.ਡੀ.ਸੀ. ਨੇ ਇਸ ਜੋੜ ਮੇਲ ਤੇ ਪੂਰਨ ਗੁਰ ਮਰਿਆਦਾ ਕਾਇਮ ਰੱਖਣ ਲਈ ਸਮੂਹ ਰਾਜਨੀਤਿਕ ਪਾਰਟੀਆਂ ਤੋਂ ਸਹਿਯੋਗ ਦੀ ਮੰਗ ਕੀਤੀ । ਉਨ੍ਹਾਂ ਕਿਹਾ ਕਿ ਇਹ ਜੋੜ ਮੇਲ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਸਮੁੱਚੀ ਮਾਨਵਤਾ ਲਈ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲਾ ਪਵਿੱਤਰ ਅਵਸਰ ਹੈ। ਜਿਸ ਦੌਰਾਨ ਪੂਰਨ ਸ਼ਰਧਾ ਅਤੇ ਸ਼ਾਂਤਮਈ ਮਾਹੌਲ ਕਾਇਮ ਰੱਖਣਾ ਸਾਡਾ ਸਾਰਿਆਂ ਦਾ ਸਾਂਝਾ ਫਰਜ਼ ਬਣਦਾ ਹੈ। ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਜੋੜ ਮੇਲ ਦੌਰਾਨ ਟਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਆਪਣੇ ਵਰਕਰਾਂ ਨੂੰ ਪ੍ਰੇਰਿਤ ਕਰਨ ਕਿ ਉਹ ਨਿਰਧਾਰਤ ਪਾਰਕਿੰਗ ਸਥਾਨਾਂ ਤੇ ਹੀ ਵਾਹਨ ਖੜ੍ਹੇ ਕਰਕੇ ਜੋੜ ਮੇਲ ਵਿੱਚ ਪ੍ਰਵੇਸ਼ ਕਰਨ।
               ਏ.ਡੀ.ਸੀ. ਨੇ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਕਾਨਫਰੰਸਾਂ ਦੌਰਾਨ ਲਾਊਡ ਸਪੀਕਰਾਂ ਦੀ ਆਵਾਜ ਪੰਡਾਲ ਦੀ ਸੀਮਾਂ ਤੱਕ ਹੀ ਸੀਮਤ ਰੱਖਣ ਤਾਂ ਜੋ ਦੂਜੀਆਂ ਪਾਰਟੀਆਂ ਦੀਆਂ ਕਾਨਫਰੰਸਾਂ ਵਿੱਚ ਕੋਈ ਵਿਘਨ ਨਾ ਪਵੇ। ਉਨ੍ਹਾਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨ ਕਿ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਜੋੜ ਮੇਲ ਵਿੱਚ ਪ੍ਰਵੇਸ਼ ਨਾ ਕਰੇ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜੋੜ ਮੇਲ ਦੌਰਾਨ ਕਾਨੂੰਨ ਤੇ ਵਿਵਸਥਾ ਅਤੇ ਅਮਨ ਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਵਾਸਤੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸੰਗਤਾਂ ਆਪਣੀ ਧਾਰਮਿਕ ਆਸਥਾ ਅਨੁਸਾਰ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਟਰੈਫਿਕ ਵਿਵਸਥਾ ਦੇ ਵੀ ਪੁਖਤਾ ਇੰਤਜਾਮ ਕੀਤੇ ਗਏ ਹਨ। ਇਸ ਮੀਟਿੰਗ ਵਿੱਚ ਐਸ.ਡੀ.ਐਮ. ਫਤਹਿਗੜ੍ਹ ਸਾਹਿਬ ਸ੍ਰੀ ਅਰਵਿੰਦਰਪਾਲ ਸਿੰਘ ਸੰਧੂ, ਐਕਸੀਅਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸ੍ਰੀ ਏ.ਐਸ. ਗਿੱਲ, ਡੀ.ਐਸ.ਪੀ. ਸ੍ਰੀ ਹਰਗੋਬਿੰਦ ਸਿੰਘ, ਜ਼ਿਲ੍ਹਾ ਸਿਹਤ ਅਫਸਰ ਸ੍ਰ: ਗਰਜਾ ਸਿੰਘ, ਬੀ.ਜੇ.ਪੀ. ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸਤਿੰਦਰ ਨਾਥ ਸ਼ਰਮਾ, ਬੀ.ਜੇ.ਪੀ. ਆਗੂ ਸ੍ਰੀ ਸ਼ਸ਼ੀ ਭੂਸ਼ਨ ਗੁਪਤਾ, ਬਹੁਜਨ ਸਮਾਜ ਪਾਰਟੀ ਦੇ ਆਗੂ ਸ੍ਰੀ ਨਰੇਸ਼ ਕੁਮਾਰ, ਸ੍ਰੀ ਹਰਭਜਨ ਸਿੰਘ ਦੁੱਲਵਾਂ, ਸ੍ਰ: ਤਰਲੋਚਨ ਸਿੰਘ, ਸੀ.ਪੀ.ਆਈ. ਦੇ ਸ੍ਰੀ ਅਮਰਨਾਥ, ਕਾਂਗਰਸ ਪਾਰਟੀ ਦੇ ਸ: ਰਣਜੀਤ ਸਿੰਘ ਤੋਂ ਇਲਾਵਾ ਹੋਰ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ।

Translate »