ਬੀ.ਬੀ.ਕੇ.ਡੀ.ਏ.ਵੀ ਕਾਲਜ ਤੋਂ ਨਾਵਲਿਟੀ ਚੌਂਕ ਤੱਕ ਕੀਤਾ ਰੋਸ ਮਾਰਚ
ਪ੍ਰੋ.ਸੇਖੋਂ ਦੀ ਅਗਵਾਈ ਹੇਠ ਨਾਵਲਿਟੀ ਚੌਂਕ ਵਿੱਚ ਦਿੱਤਾ ਧਰਨਾ ਅਤੇ ਆਵਜਾਈ ਠੱਪ ਕੀਤੀ|
ਪੰਜਾਬ ਦੇ ਸਾਰੇ ਕਾਲਜ ਆਉਣ ਵਾਲੇ 48 ਘੰਟਿਆ ਲਈ ਫਿਰ ਤੋਂ ਬੰਦ ਰਹਿਣਗੇ|
ਜੁਆਇੰਟ ਐਕਸਨ ਕਮੇਟੀ ਦੇ ਸੱਦੇ ਤੇ 72 ਘੰਟੇ ਲਈ ਸਿੱਖਿਆ ਬੰਦ ਕਰਕੇ ਧਰਨੇ ਅਤੇ ਰੈਲੀਆਂ ਪ੍ਰੋਗਰਾਮ ਅਧੀਨ ਅੱਜ ਇੱਕ ਭਾਰੀ ਰੈਲੀ ਬੀ.ਬੀ.ਕੇ.ਡੀ.ਏ.ਵੀ ਕਾਲਜ ਤੋਂ ਨਾਵਲਿਟੀ ਚੌਂਕ , ਮਾਲ ਰੋਡ ਤੱਕ ਅਧਿਆਪਕ ਅਤੇ ਗੈਰ-ਅਧਿਆਪਕ ਮੈਬਰਾਂ ਦੁਆਰਾ ਕੱਢੀ ਗਈ| ਰੋਸ ਮਾਰਚ ਵਿੱਚ ਜਿਲ੍ਹੇ ਦੇ ਸਾਰੇ ਕਾਲਜਾਂ ਦੇ ਅਧਿਆਪਕ ਅਤੇ ਗੈਰ-ਅਧਿਆਪਕ ਅਮਲੇ ਨੇ ਹਿੱਸਾ ਲਿਆ| ਨਾਵਲਿਟੀ ਚੌਂਕ , ਮਾਲ ਰੋਡ ਪਹੁੰਚ ਕੇ ਧਰਨਾ ਦਿੱਤਾ ਗਿਆ ਅਤੇ ਆਵਾਜਾਈ ਬੰਦ ਕੀਤੀ ਗਈ| ਧਰਨੇ ਵਿੱਚ ਅਧਿਆਪਕ ਅਤੇ ਅਧਿਆਪਕਾਵਾਂ ਵੱਡੀ ਗਿਣਤੀ ਵਿੱਚ ਸਾਮਲ ਹੋਈਆ|
ਅੰਮ੍ਰਿਤਸਰ ਜਿਲ੍ਹੇ ਦੇ ਪ੍ਰਧਾਨ ਪ੍ਰੋ.ਗੁਰਦਾਸ ਸਿੰਘ ਸੇਖੋਂ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਉਹਨਾਂ ਦੀਆ ਜਾਇਜ ਮੰਗਾਂ ਨੂੰ ਅਣਗੋਲਿਆ ਕਰ ਰਹੀ ਹੈ| ਜਿਸ ਕਰਕੇ ਹੀ ਅੱਜ ਸਾਨੂੰ ਮਜਬੂਰਨ ਵੱਸ ਆਵਾਜਾਈ ਬੰਦ ਕਰਨੀ ਪਈ ਅਤੇ ਅਧਿਆਪਕਾਂ ਨੂੰ ਚੌਂਕਾਂ ਦੇ ਵਿੱਚ ਬੈਠਣਾ ਪੈ ਰਿਹਾ ਹੈ| ਉਹਨਾਂ ਕਿਹਾ ਕਿ ਕੱਲ੍ਹ ਚੰਡੀਗੜ੍ਹ ਵਿੱਚ ਕੈਬਨਿਟ ਦੀ ਹਾਈ ਪਾਵਰਡ ਕਮੇਟੀ ਵੱਲੋਂ ਵੀ ਸਾਡੀ ਜਥੇਬੰਦੀ ਦੇ ਨੁਮਾਇੰਦਿਆ ਨਾਲ ਕੋਈ ਗੱਲਬਾਤ ਤੱਕ ਵੀ ਨਹੀਂ ਕੀਤੀ | ਜਿਸਤੋਂ ਪਤਾ ਲੱਗਦਾ ਹੈ ਕਿ ਸਰਕਾਰ ਕਾਲਜਾਂ ਦੇ ਅਧਿਆਪਕ ਅਤੇ ਗੈਰ-ਅਧਿਆਪਕ ਅਮਲੇ ਦੀਆ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ| ਇਸੇ ਕਰਕੇ ਅਧਿਆਪਕ ਵਰਗ ਨੂੰ ਮਜਬੂਰਨ ਵੱਸ ਸੜਕਾਂ ਉਪੱਰ ਧਰਨੇ ਦੇਣੇ ਪੈ ਰਹੇ ਹਨ ਅਤੇ ਆਵਾਜਾਈ ਬੰਦ ਕਰਨ ਵਰਗੀਆਂ ਪ੍ਰਸਿਥਿਤੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ| ਜਦੋਂ ਕਿ ਅਧਿਆਪਕ ਵਰਗ ਕਦੇ ਵੀ ਆਮ ਲੋਕਾਂ ਨੂੰ ਪ੍ਰੇਸਾਨ ਕਰਨ ਵਿੱਚ ਵਿਸਵਾਸ ਨਹੀ ਰੱਖਦਾ | ਸਰਕਾਰ ਦੁਆਰਾ ਉਹਨਾਂ ਦੀਆਂ ਮੰਗਾਂ ਪ੍ਰਤੀ ਕੋਈ ਹੁੰਗਾਰਾ ਨਾ ਭਰਨ ਤੇ ਸਰਕਾਰ ਵਿਰੋਧੀ ਜੰਮ ਕੇ ਨਾਅਰੇਬਾਜੀ ਕੀਤੀ ਗਈ ਅਤੇ ਸਰਕਾਰ ਦੀ ਇਸ ਨੀਤੀ ਨੂੰ ਨਿੰਦਿਆ ਗਿਆ| ਪ੍ਰੋ.ਸੇਖੋਂ ਨੇ ਕਿਹਾ ਕਿ ਇਹਨਾਂ ਤਿੰਨ ਦਿਨਾਂ ਦੇ ਬੰਦ ਲਈ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਨਾ ਮੰਨ ਕੇ ਇਹ ਰਾਹ ਅਪਣਾਉਣ ਲਈ ਮਜਬੂਰ ਕਰ ਦਿੱਤਾ ਹੈ| ਇਸ ਲਈ ਅਗਰ ਇਸ ਕਾਰਵਾਈ ਰਾਹੀ ਕੋਈ ਵੀ ਪ੍ਰੇਸਾਨੀ ਹੁੰਦੀ ਹੈ ਤਾਂ ਉਸ ਲਈ ਸਰਕਾਰ ਜੁੰਮੇਵਾਰ ਹੋਵੇਗੀ| ਉਹਨਾਂ ਨੇ ਸਰਕਾਰ ਨੂੰ ਕੋਸਦੇ ਹੋਏ ਕਿਹਾ ਕਿ ਸਰਕਾਰ ਦੁਆਰਾ ਉਹਨਾਂ ਦੀਆਂ ਮੰਗਾਂ ਨੂੰ ਸੁਨਣ ਤੱਕ ਦਾ ਵੀ ਸਮਾਂ ਨਹੀਂ ਹੈ ਕਿਉਂਕਿ ਸਰਕਾਰ ਦੇ ਸਾਰੇ ਨੁਮਾਇੰਦੇ ਆਪਣੀਆਂ ਰਾਜਨੀਤਿਕ ਗਤੀਵਿਧੀਆ ਵੱਲ ਜਿਆਦਾ ਧਿਆਨ ਦੇ ਰਹੇ ਹਨ| ਇਸਦਾ ਅੰਦਾਜਾ ਇਸਤੋਂ ਹੀ ਲਗਾਇਆ ਜਾ ਸਕਦਾ ਹੈ ਕੱਲ੍ਹ ਜਥੇਬੰਦੀ ਦੇ ਆਗੂਆਂ ਨੂੰ ਚੰਡੀਗੜ੍ਹ ਬੁਲਾ ਕੇ ਗੱਲਬਾਤ ਲਈ ਕੋਈ ਸਮਾਂ ਨਹੀ ਦਿੱਤਾ ਗਿਆ| ਪ੍ਰੋ. ਵਾਲੀਆ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੱਲ੍ਹ ਚੰਡੀਗੜ੍ਹ ਵਿੱਚ ਉਹਨਾਂ ਦੁਆਰਾ ਕੈਬਨਿਟ ਹਾਈ ਪਾਵਰਡ ਕਮੇਟੀ ਨੂੰ ਮਿਲਕੇ ਆਪਣੀਆਂ ਮੰਗਾਂ ਕੈਬਨਿਟ ਪਹੁੰਚਾਉਣ ਦੀ ਕੋਸਿਸ ਕੀਤੀ ਗਈ, ਪਰ ਉੱਥੇ ਵੱਖ-ਵੱਖ ਜਥੇਬੰਦੀਆਂ ਦੇ ਹਜਾਰਾਂ ਮੁਲਾਜਮਾਂ ਨੂੰ ਇਕੱਠੇ ਕਰਕੇ ਗੱਲਬਾਤ ਸੁਨਣ ਦੀ ਬਜਾਏ ਰੋਲਿਆ ਜਾ ਰਿਹਾ ਸੀ ਅਤੇ ਅਸੀ ਘੰਟਿਆ ਬੱਦੀ ਆਪਣੀ ਵਾਰੀ ਲਈ ਉਡੀਕ ਕਰਕੇ ਖਾਲੀ ਹੱਥ ਨਰਾਸ ਵਾਪਸ ਆ ਗਏ ਅਤੇ ਏਸੇ ਕਰਕੇ ਹੀਂ ਅੱਜ ਅਸੀ ਇਹ ਟਰੈਫਿਕ ਜਾਮ ਕਰਨ ਦਾ ਫੈਸਲਾ ਵੀ ਮਜਬੂਰਨ ਵੱਸ ਲਿਆ, ਉਹਨਾਂ ਨੇ ਸਰਕਾਰ ਦੀਆਂ ਅਜਿਹੀਆਂ ਬੇਤਰਤੀਬੀ ਮੀਟਿੰਗਾਂ ਜਿੰਨ੍ਹਾਂ ਦਾ ਕਿਸੇ ਵੀ ਜਥੇਬੰਦੀ ਨੂੰ ਕੋਈ ਫਾਇਦਾ ਨਹੀ ਹੋ ਰਿਹਾ ਸੀ ਨੂੰ ਨਿੰਦਿਆ| ਉਹਨਾਂ ਨੇ ਇੱਕ ਵਾਰ ਫਿਰ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਪੰਜਾਬ ਦੇ ਗੈਰ-ਸਰਕਾਰੀ ਕਾਲਜਾਂ ਦੀਆਂ ਵਾਜਬ ਮੰਗਾਂ ਨੂੰ ਜਲਦੀ ਤੋ ਜਲਦੀ ਪੂਰਾ ਕਰੇ ਤਾਂ ਜੋ ਸੂਬੇ ਵਿੱਚ ਇੱਕ ਸਾਰਥਿਕ ਮਾਹੌਲ ਵਿਕਸਿਤ ਹੋ ਸਕੇ|
ਜੁਆਇੰਟ ਐਕਸਨ ਕਮੇਟੀ ਦੁਆਰਾ 72 ਘੰਟੇ ਦੀ ਬੰਦ ਦੇ ਬਾਵਜੂਦ ਵੀ ਸਰਕਾਰ ਦੁਆਰਾ ਮੰਗਾਂ ਪ੍ਰਤੀ ਹਾਂ ਪੱਖੀ ਹੁੰਗਾਰਾ ਨਾ ਭਰਨ ਕਰਕੇ ਅੱਜ ਲੁਧਿਆਣੇ ਵਿੱਚ ਇੱਕ ਐਮਰਜੈਂਸੀ ਮੀਟਿੰਗ ਕੀਤੀ ਗਈ| ਜਿਸ ਵਿੱਚ ਮਜਬੂਰਨ ਵੱਸ ਜੁਆਇੰਟ ਐਕਸਨ ਕਮੇਟੀ ਨੂੰ ਅਗਲੇ 48 ਘੰਟੇ ਦੇ ਬੰਦ ਦਾ ਐਲਾਨ ਕਰਨਾ ਪਿਆ| ਇਸ ਤਰ੍ਹਾਂ 16 ਅਤੇ 17 ਦਸੰਬਰ ਨੂੰ ਸਾਰੇ ਪੰਜਾਬ ਵਿੱਚ ਗੈਰ-ਸਰਕਾਰ ਕਾਲਜ ਇੱਕ ਵਾਰ ਫਿਰ ਬੰਦ ਰਹਿਣਗੇ| ਸਿੱਖਿਆ ਦੇ ਹੋ ਰਹੇ ਨੁਕਸਾਨ ਲਈ ਪੰਜਾਬ ਸਰਕਾਰ ਜੁੰਮੇਵਾਰ ਹੋਵੇਗੀ| ਜੇਕਰ ਸਰਕਾਰ ਨੇ 17 ਦਸੰਬਰ ਨੂੰ ਹੋਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਸਾਡੀਆਂ ਮੰਗਾਂ ਨੂੰ ਨਾ ਵਿਚਾਰਿਆ ਤਾਂ ਸਘੰਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ|
ਪ੍ਰੋ.ਸੇਖੋਂ ਨੇ ਕਿਹਾ ਕਿ ਅੱਜ ਜੁਆਇੰਟ ਐਕਸਨ ਕਮੇਟੀ ਦੇ ਸੱਦੇ ਤੇ ਅੰਮ੍ਰਿਤਸਰ ਜਿਲ੍ਹੇ ਦੇ ਸਾਰੇ ਕਾਲਜ ਪੂਰਨ ਤੌਰ ਤੇ ਬੰਦ ਰਹੇ ਅਤੇ ਕਾਲਜਾਂ ਵਿੱਚ ਰੋਸ ਰੈਲੀਆ ਅਤੇ ਧਰਨੇ ਦਿੱਤੇ ਗਏ| ਜਿਲ੍ਹੇ ਦੇ ਬਾਕੀ ਕਾਲਜ ਯੂਨਿਟਾਂ ਦੇ ਪ੍ਰਧਾਨ ਜਿੰਨ੍ਹਾਂ ਵਿੱਚ ਪ੍ਰੋ. ਪੂਨਮ ਰਾਮਪਾਲ ਪ੍ਰਧਾਨ ਬੀ.ਬੀ.ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ, ਪ੍ਰੋ. ਸਤਵੰਤ ਪ੍ਰਧਾਨ ਡੀ.ਏ.ਵੀ ਕਾਲਜ ਆਫ ਐਜੂਕੇਸਨ, ਪ੍ਰੋ. ਐਸ.ਐਸ ਰੰਗੀ ਪ੍ਰਧਾਨ ਖਾਲਸਾ ਕਾਲਜ ਅੰਮ੍ਰਿਤਸਰ, ਪ੍ਰੋ.ਹਰਜਿੰਦਰ ਕੌਰ ਸਕੱਤਰ ਖਾਲਸਾ ਕਾਲਜ ਫਾਰ ਵੂਮੈਨ, ਪ੍ਰੋ. ਪ੍ਰੇਮ ਪ੍ਰਧਾਨ ਸਹਿਯਾਦਾ ਨੰਦ ਕਾਲਜ ਅਤੇ ਪ੍ਰੋ. ਡੀ.ਕੇ ਵਾਲੀਆ ਪ੍ਰਧਾਨ ਹਿੰਦੂ ਸਭਾ ਕਾਲਜ ਆਪਣੇ – ਆਪਣੇ ਸਾਥੀਆਂ ਸਮੇਤ ਇਸ ਧਰਨੇ ਵਿੱਚ ਭਾਰੀ ਗਿਣਤੀ ਵਿੱਚ ਸਾਮਿਲ ਹੋਏ | ਰੈਲੀ ਨੂੰ ਪ੍ਰੋ.ਸੇਖੋਂ ਤੋ ਇਲਾਵਾ ਰੈਲੀ ਨੂੰ ਪ੍ਰੋ.ਵਾਲੀਆ, ਪ੍ਰੋ.ਗੁਰਜੀਤ ਸਿੰਘ ਸਿੱਧੂ , ਪ੍ਰੋ.ਦਰਸਨਦੀਪ ਅਰੋੜਾ, ਪ੍ਰੋ.ਰੰਧਾਵਾ ਅਤੇ ਨਾਨ-ਟੀਚਿੰਗ ਦੇ ਸਕੱਤਰ ਸ੍ਰੀ ਰਾਜੀਵ ਸਰਮਾ ਨੇ ਵੀ ਸੰਬੋਧਨ ਕੀਤਾ|