December 15, 2011 admin

ਅੰਮ੍ਰਿਤਸਰ ਜਿਲ੍ਹੇ ਵਿੱਚ ਬਣੀਆਂ ਸਭ ਤੋਂ ਵੱਧ ਵੋਟਾਂ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 15 ਦਸੰਬਰ: ‘ਚੋਣ ਕਮਿਸ਼ਨ ਵੱਲੋਂ  ਕੀਤੀ ਗਈ ਵੋਟਾਂ ਦੀ ਸੁਧਾਈ  ਦੌਰਾਨ ਸਾਰੇ ਪੰਜਾਬ ਵਿੱਚੋਂ ਅੰਮ੍ਰਿਤਸਰ ਜਿਲ੍ਹੇ ਵਿੱਚ ਸਭ ਤੋਂ ਵੱਧ ਵੋਟਾਂ ਬਣੀਆਂ ਹਨ। ਪੰਜਾਬ ਵਿੱਚ ਤਕਰੀਬਨ 7 ਲੱਖ ਦੇ ਕਰੀਬ ਫਾਰਮ ਨਵੀਂਆਂ ਵੋਟਾਂ ਬਣਾਉਣ ਲਈ ਭਰੇ ਗਏ ਹਨ ਜਦ ਕਿ ਇਕੱਲੇ ਅੰਮ੍ਰਿਤਸਰ ਵਿੱਚੋਂ 1 ਲੱਖ 6 ਹਜ਼ਾਰ ਫਾਰਮ ਭਰੇ ਗਏ, ਜਿੰਨਾਂ ਵਿੱਚੋਂ 1 ਲੱਖ 4 ਹਜ਼ਾਰ ਨਵੀਂਆਂ ਵੋਟਾਂ ਬਣੀਆਂ ਹਨ।” ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਸਥਾਨਕ ਸਰਕਟ ਹਾਊਸ ਵਿਖੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਚੋਣਾ ਸਬੰਧੀ ਮੀਟਿੰਗ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ 2 ਜਨਵਰੀ, 2012 ਨੂੰ ਵੋਟਾਂ ਦੀ ਪ੍ਰਕਾਸ਼ਨਾ ਹੋ ਜਾਵੇਗੀ ਅਤੇ ਇਹ ਸੂਚੀ ਸਾਰੀਆਂ ਰਾਜਸੀ ਪਾਰਟੀਆਂ ਨੂੰ ਦੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੋਟਾਂ ਇਸ ਸੂਚੀ ਦੇ ਅਧਾਰ ‘ਤੇ ਹੀ ਪੈਣਗੀਆਂ।
         ਡਿਪਟੀ ਕਮਿਸ਼ਨਰ ਨੇ ਰਾਜਸੀ ਪਾਰਟੀਆਂ ਨੂੰ ਸੁਚੇਤ ਕੀਤਾ ਕਿ ਚੋਣ ਕਮਿਸ਼ਨ ਇਸ ਵਾਰ ਚੋਣ ਖਰਚੇ ਉਤੇ ਤਿੱਖੀ ਨਜ਼ਰ ਰੱਖ ਰਿਹਾ ਹੈ। ਸਾਰੇ ਉਮੀਦਵਾਰਾਂ ਨੂੰ ਬੈਂਕ ਵਿੱਚ ਨਵਾਂ ਖਾਤਾ ਖੋਲ੍ਹਣਾ ਪਵੇਗਾ ਅਤੇ ਉਸ ਖਾਤੇ ਵਿੱਚੋਂ ਹੀ ਚੋਣ ਖਰਚੇ ਦਾ ਭੁਗਤਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਮਿਸ਼ਨ ਨੇ ਖਰਚੇ ਦਾ ਧਿਆਨ ਰੱਖਣ ਲਈ ਆਮਦਨ ਕਰ, ਅਕਸਾਈਜ਼ ਅਤੇ ਹੋਰ ਵਿਭਾਗਾਂ ਦੇ ਮਾਹਿਰਾਂ ਦੀਆਂ ਡਿਊਟੀਆਂ ਚੋਣਾ ਵਿੱਚ ਲਗਾਈਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਰਚੇ ਸਬੰਧੀ ਉਮੀਦਵਾਰਾਂ ਨੂੰ ਵਿਸ਼ੇਸ਼ ਸਿਖਲਾਈ ਵੀ ਆਉਂਦੇ ਦਿਨਾਂ ਦੌਰਾਨ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵਾਰ ਉਮੀਦਵਾਰ ਨੂੰ ਨਾਮਜਦਗੀ ਪੇਪਰ ਦਾਖਲ ਕਰਨ ਮੌਕੇ ਜਾਇਦਾਦ ਅਤੇ ਅਪਰਾਧੀ ਕਾਰਵਾਈਆਂ ਵਿੱਚ ਸ਼ਾਮਲ ਨਾ ਹੋਣ ਸਬੰਧੀ ਹਲਫਨਾਮਾ ਦੇਣਾ ਪਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਫਾਰਮਾਂ ਨਾਲੋਂ ਕਾਫੀ ਤਬਦੀਲੀਆਂ ਇਸ  ਵਾਰ ਕੀਤੀਆਂ ਗਈਆਂ ਹਨ ਸੋ ਸਾਰੇ ਉਮੀਦਵਾਰ ਨਵਾਂ ਫਾਰਮ ਰਿਟਰਨਿੰਗ ਅਧਿਕਾਰੀ ਤੋਂ ਲੈ ਕੇ ਭਰਨ।
         ਅੰਮ੍ਰਿਤਸਰ ਵਿੱਚ ਬਾਕੀ ਜਿਲ੍ਹਿਆਂ ਨਾਲੋਂ ਘੱਟ ਵੋਟ ਭੁਗਤਣ ਬਾਰੇ ਬੋਲਦੇ ਡਿਪਟੀ ਕਮਿਸ਼ਨਰ ਨੇ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਜਾਗਰੂਕ ਕਰਨ। ਉਨ੍ਹਾਂ ਸਲਾਹ ਦਿੱਤੀ ਕਿ ਹਰ ਪਾਰਟੀ ਬੂਥ ਪੱਧਰ ਉਤੇ ਆਪਣੇ ਏਜੰਟ ਬਣਾਵੇ, ਜਿਸ ਨੂੰ ਬੂਥ ਬਾਰੇ ਸਾਰੀ ਜਾਣਕਾਰੀ ਹੋਵੇ।
         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਰ ਅੰਮ੍ਰਿਤਸਰ ਜਿਲ੍ਹੇ ਵਿੱਚ 7 ਨਵੇਂ ਬੂਥ ਬਣਨ ਨਾਲ ਬੂਥਾਂ ਦੀ ਗਿਣਤੀ 1713 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹਲਕਾ ਅਜਨਾਲਾ ਵਿੱਚ 164, ਰਾਜਸਾਂਸੀ ਵਿੱਚ 173, ਮਜੀਠਾ ਵਿੱਚ 175, ਜੰਡਿਆਲਾ ਵਿੱਚ 166, ਅੰਮ੍ਰਿਤਸਰ (ਉਤਰੀ) ਵਿੱਚ 155, ਅੰਮ੍ਰਿਤਸਰ (ਪੱਛਮੀ) ਵਿੱਚ 154, ਅੰਮ੍ਰਿਤਸਰ (ਕੇਂਦਰੀ) ਵਿੱਚ 117, ਅੰਮ੍ਰਿਤਸਰ (ਪੂਰਬੀ) ਵਿੱਚ 130, ਅੰਮ੍ਰਿਤਸਰ (ਦੱਖਣੀ) ਵਿੱਚ 129, ਅਟਾਰੀ ਵਿੱਚ 166 ਅਤੇ ਬਾਬਾ ਬਕਾਲਾ ਵਿੱਚ 184 ਬੂਥ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਸਾਰੇ ਬੂਥਾਂ ਉਤੇ
ਵੋਟਾਂ ਦੀ ਗਿਣਤੀ,  ਦੂਰੀ ਆਦਿ ਦਾ ਖਿਆਲ ਰੱਖਿਆ  ਗਿਆ ਹੈ ਅਤੇ ਹੁਣ ਬੂਥਾਂ ਦੀ ਅਦਲਾ-ਬਦਲੀ ਨਹੀਂ ਕੀਤੀ ਜਾਵੇਗੀ। ਅੱਜ ਦੀ ਇਸ ਮੀਟਿੰਗ ਵਿੱਚ ਵਿਧਾਇਕ ਸ੍ਰੀ ਅਨਿਲ ਜੋਸ਼ੀ, ਅਕਾਲੀ ਆਗੂ ਸ੍ਰ ਉਪਕਾਰ ਸਿੰਘ ਸੰਧੂ ਅਤੇ ਹੋਰ ਵੱਖ ਵੱਖ ਪਾਰਟੀਆਂ ਦੇ ਪ੍ਰਤੀਨਿਧੀ ਵੀ ਹਾਜਰ ਸਨ।

Translate »