December 15, 2011 admin

ਮੈਗਾ ਲੋਕ ਅਦਾਲਤ 28 ਜਨਵਰੀ ਨੂੰ

– ਜ਼ਿਆਦਾ ਤੋਂ ਜ਼ਿਆਦਾ ਵਿਅਕਤੀ ਲੋਕ ਅਦਾਲਤ ਦਾ ਫਾਇਦਾ ਲੈਣ- ਬਾਂਗੜ
– 210 ਮਾਮਲੇ ਮੁਫਤ ਕਾਨੂੰਨੀ ਸਹਾਇਤਾ ਦੇਣ ਲਈ ਮਨਜ਼ੂਰ
ਲੁਧਿਆਣਾ, 15 ਦਸੰਬਰ : ਲੁਧਿਆਣਾ ‘ਚ 28 ਜਨਵਰੀ 2012 ਨੂੰ ਇਕ ਮੈਗਾ ਲੋਕ ਅਦਾਲਤ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਇਕ ਅਹਿਮ ਮੀਟਿੰਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਐਸ.ਪੀ. ਬਾਂਗੜ ਵੱਲੋਂ ਕੀਤੀ ਗਈ।
                        ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਬਾਂਗੜ ਨੇ ਦੱਸਿਆ ਕਿ ਇਸ ਮੈਗਾ ਲੋਕ ਅਦਾਲਤ ‘ਚ ਹਰ ਤਰ੍ਹਾਂ ਦੇ ਕੇਸਾਂ ਦਾ ਨਿਬੇੜਾ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੋ ਕੋਈ ਵੀ ਇਸ ਲੋਕ ਅਦਾਲਤ ‘ਚ ਆਪਣੇ ਮਾਮਲਿਆਂ ਨੂੰ ਨਿਪਟਾਉਣਾ ਚਾਹੁੰਦਾ ਹੈ ਉਹ ਉਸ ਅਦਾਲਤ ‘ਚ ਆਪਣੀ ਅਰਜ਼ੀ ਦੇ ਸਕਦਾ ਹੈ, ਜਿੱਥੇ ਉਸਦਾ ਕੇਸ ਚੱਲ ਰਿਹਾ ਹੈ। ਇਸ ਮੌਕੇ 210 ਮਾਮਲੇ ਮੁਫਤ ਕਾਨੂੰਨੀ ਸਹਾਇਤਾ ਦੇਣ ਲਈ ਮਨਜ਼ੂਰ ਕੀਤੇ ਗਏ, ਜਿਸ ਤਹਿਤ ਲੋੜਵੰਦ ਵਿਅਕਤੀਆਂ ਨੂੰ ਵਕੀਲ ਮੁਹੱਈਆ ਕਰਵਾਏ ਜਾਣਗੇ।
                        ਸ੍ਰੀ ਬਾਂਗੜ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ‘ਚ ਹੁਣ ਤੱਕ ਕੁੱਲ 373 ਲੋਕ ਅਦਾਲਤਾਂ ਲਗਾਈਆਂ ਜਾ ਚੁੱਕੀਆਂ ਹਨ ਜਿਨ੍ਹਾਂ ‘ਚ 2 ਲੱਖ 441 ਕੇਸਾਂ ਦਾ ਨਿਪਟਾਰਾ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅਧੀਨ ਹੁਣ ਤੱਕ 4 ਹਜ਼ਾਰ 846 ਲੋੜਵੰਦ ਵਿਅਕਤੀਆਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਈਆ ਜਾ ਚੁੱਕੀਆਂ ਹਨ ਅਤੇ ਲੋਕਾਂ ਨੂੰ ਕਾਨੂੰਨੀ ਜਾਣਕਾਰੀ ਦੇਣ ਲਈ 250 ਦੇ ਕਰੀਬ ਸੈਮੀਨਾਰਾਂ/ਲੀਗਲ ਲਿਟਰੇਸੀ ਕੈਂਪਾਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਸ੍ਰੀ ਬਾਂਗੜ ਨੇ ਅਪੀਲ ਕੀਤੀ ਕਿ ਲੋਕ ਅਦਾਲਤਾਂ ਦੀ ਮਹੱਤਤਾ ਅਤੇ ਫਾਇਦਿਆਂ ਨੂੰ ਧਿਆਨ ‘ਚ ਰੱਖਦਿਆਂ ਲੋਕਾਂ ਨੂੰ ਆਪਣੇ ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
                        ਇਸ ਮੌਕੇ ਡਿਪਟੀ ਕਮਿਸ਼ਨਰ ਰਾਹੁਲ ਤਿਵਾੜੀ, ਸੀਨੀਅਰ ਜੱਜ ਕਰਮਜੀਤ ਸਿੰਘ ਕੰਗ ਤੇ ਬੀ.ਕੇ. ਸ਼ਰਮਾ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਮਿੱਤਲ, ਸਹਾਇਕ ਜ਼ਿਲ੍ਹਾ ਅਟਾਰਨੀ ਕਾਨੂੰਨੀ ਸੇਵਾਵਾਂ ਰਿਤੂ ਜੈਨ, ਐਡਵੋਕੇਟ ਦਵਿੰਦਰ ਸਿੰਘ ਸੈਣੀ, ਮੈਡਮ ਪੱਪੂ ਅਵਿਨਾਸ਼ ਸਿੰਘ ਅਤੇ ਏ.ਸੀ.ਪੀ. ਕ੍ਰਾਇਮ ਰਾਜ ਕੁਮਾਰ ਹਾਜ਼ਰ ਸਨ।

Translate »