ਲੁਧਿਆਣਾ: 16 ਦਸੰਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵੱਲੋਂ ਭਾਰਤੀ ਖੇਤੀਬਾੜੀ ਖੋਜ ਕੌਂਸਲ ਦੀ ਵਿੱਤੀ ਸਹਾਇਤਾ ਨਾਲ ਦੋ ਰੋਜ਼ਾ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਮੁੱਖ ਮੰਤਵ ਕਿਸਾਨਾਂ ਵਿੱਚ ਵਾਤਾਵਰਨ ਵਿੱਚ ਆ ਰਹੀਆਂ ਤਬਦੀਲੀਆਂ ਬਾਰੇ ਜਾਗਰੂਕ ਕਰਨਾ ਸੀ। ਦੋ ਰੋਜ਼ਾ ਇਹ ਕੈਂਪ ਫਤਿਹਗੜ• ਸਾਹਿਬ ਦੇ ਬਦੋਸ਼ੀ ਕਲਾਂ ਅਤੇ ਬੌਰੰਗਾ ਜ਼ਰ ਪਿੰਡਾਂ ਵਿੱਚ ਲਗਾਏ ਗਏ। ਇਸ ਕੈਂਪ ਦੌਰਾਨ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਖੋਜ ਡਾ: ਟੀ ਐਸ ਥਿੰਦ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ: ਗੁਰਮੀਤ ਸਿੰਘ ਬੁੱਟਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਡਾ: ਥਿੰਦ ਨੇ ਇਸ ਮੌਕੇ ਕਿਹਾ ਕਿ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਲਈ ਸਾਨੂੰ ਯੂਨੀਵਰਸਿਟੀ ਵੱਲੋਂ ਕੀਤੀਆਂ ਸਿਫਾਰਸ਼ਾਂ ਨੂੰ ਖੇਤਾਂ ਵਿੱਚ ਅਪਣਾਉਣਾ ਚਾਹੀਦਾ ਹੈ।
ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਸਾਇੰਸਦਾਨ ਡਾ: ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ ਜੰਗਲਾਂ ਦੀ ਕਟਾਈ, ਉਦਯੋਗੀਕਰਨ ਅਤੇ ਵਧ ਰਹੀ ਜਨ ਸੰਖਿਆ ਕਾਰਨ ਮਨੁੱਖੀ ਗਤੀਵਿਧੀਆਂ ਨੇ ਵਾਤਾਵਰਨ ਵਿੱਚ ਤਬਦੀਲੀਆਂ ਲਿਆਂਦੀਆਂ ਹਨ ਜਿਸ ਕਾਰਨ ਪਿਛਲੇ ਇਕ ਦਹਾਕੇ ਦੌਰਾਨ ਧਰਤੀ ਦਾ ਤਾਪਮਾਨ ਅੱਧਾ ਡਿਗਰੀ ਤਕ ਵਧ ਰਿਹਾ ਹੈ। ਇਕ ਅਨੁਮਾਨ ਅਨੁਸਾਰ ਸਾਲ 2100 ਤਕ ਧਰਤੀ ਦਾ ਤਾਪਮਾਨ ਅੰਦਾਜ਼ੇ ਮੁਤਾਬਕ 1.8 ਡਿਗਰੀ ਤੋਂ 4 ਡਿਗਰੀ ਤਕ ਵਧ ਸਕਦਾ ਹੈ।
ਇਸ ਮੌਕੇ ਯੂਨੀਵਰਸਿਟੀ ਦੇ ਵਿਗਿਆਨੀ ਡਾ: ਰਾਕੇਸ਼ ਸ਼ਾਰਦਾ ਨੇ ਤੁਪਕਾ ਸਿੰਜਾਈ ਬਾਰੇ ਜਾਣਕਾਰੀ ਦਿੱਤੀ ਜਦ ਕਿ ਡਾ: ਮੁਕੇਸ਼ ਸਿਆਗ ਨੇ ਝੋਨੇ ਦੀ ਸਿੱਧੀ ਲੁਆਈ, ਬੈੱਡ ਟਰਾਂਸਪਲਾਂਟਿੰਗ ਬਾਰੇ ਵਡਮੁੱਲੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ। ਵਿਭਾਗ ਦੇ ਸਾਇੰਸਦਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਸੰਬੰਧੀ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਕੈਂਪ ਭਵਿੱਖ ਵਿੱਚ ਵੀ ਲਗਾਏ ਜਾਣਗੇ।