-ਜਸਵੰਤ ਸਿੰਘ ‘ਅਜੀਤ’
ਪਿਛਲੇ ਦਿਨੀਂ ਬਲਵੰਤ ਸਿੰਘ ਰਾਮੂਵਾਲੀਆ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਹੋਣ ਦੀਆਂ ਖਬਰਾਂ ਪੁਰ ਟਿੱਪਣੀ ਕਰਦਿਆਂ ਹੋਇਆਂ ਲਾਏ ਗਏ ਅਨੁਮਾਨ ਅਨੁਸਾਰ ਕਿਹਾ ਗਿਆ ਸੀ ਕਿ ਇਸ ਨਾਲ ਸ. ਰਾਮੂਵਾਲੀਆ ਨੂੰ ਭਾਵੇਂ ਲਾਭ ਹੋਵੇ, ਪ੍ਰੰਤੂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਤਾਂ ਨੁਕਸਾਨ ਹੀ ਉਠਾਣਾ ਪਵੇਗਾ। ਸਾਡੇ ਵਲੋਂ ਲਾਏ ਗਏ ਇਸ ਅਨੁਮਾਨ ਦੇ ਵਿਰੁਧ ਅਕਾਲੀ ਰਾਜਨੀਤੀ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਬਲਵੰਤ ਸਿੰਘ ਰਾਮੂਵਾਲੀਆ ਨੇ ਲੋਕ ਭਲਾਈ ਪਾਰਟੀ ਭੰਗ ਕਰ ਇੱਕ ਤਰ੍ਹਾਂ ਨਾਲ ਰਾਜਨੈਤਿਕ ਆਤਮ-ਹਤਿਆ ਕਰ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਲੋਕ ਭਲਾਈ ਪਾਰਟੀ ਦੇ ਝੰਡੇ ਤਲੇ ਉਨ੍ਹਾਂ ਨੇ ਕੋਈ ਵੀ ਚੋਣ ਨਾ ਜਿਤੀ ਹੋਵੇ, ਪਰ ਉਨ੍ਹਾਂ ਦੀ ਸੁਤੰਤਰ ਰਾਜਸੀ ਹੋਂਦ ਤਾਂ ਕਾਇਮ ਚਲੀ ਆ ਹੀ ਰਹੀ ਸੀ। ਉਹ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਵਿੱਚ ਪੂਰੀ ਤਰ੍ਹਾਂ ਆਜ਼ਾਦ ਸਨ। ਹੁਣ ਜਦਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਮੂਲੀਅਤ ਹਾਸਲ ਕਰ, ਸੀਨੀਅਰ ਅਤੇ ਜੂਨੀਅਰ ਬਾਦਲ ਦੀ ਅਧੀਨਤਾ ਸਵੀਕਾਰ ਕਰ ਲਈ ਹੈ, ਤਾਂ ਉਨ੍ਹਾਂ ਦੀ ਸੁਤੰਤਰ ਸੋਚ ਦਾ ਦਮ ਘੁਟ ਕੇ ਰਹਿ ਗਿਆ ਹੈ, ਭਾਵੇਂ ਅਜ ਉਹ ਇਸ ਗਲ ਨੂੰ ਸਵੀਕਾਰ ਨਾ ਕਰਨ, ਪਰ ਅਜ ਜਾਂ ਕਲ੍ਹ ਕਿਸੇ ਵੀ ਸਮੇਂ ਉਨ੍ਹਾਂ ਨੂੰ ਇਹ ਗਲ ਸਵੀਕਾਰ ਕਰਨੀ ਹੀ ਪਏਗੀ।
ਉਨ੍ਹਾਂ ਨੂੰ ਆਪਣੇ ਦਿਲ ਤੇ ਪੱਥਰ ਰਖਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਆਪਣੇ-ਆਪ ਨੂੰ ਸਥਾਪਤ ਕੀਤੀ ਰਖਣ ਲਈ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਾਂਗ ਹੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਹਿਬਜ਼ਾਦੇ ਸ. ਸੁਖਬੀਰ ਸਿੰਘ ਬਾਦਲ ਦਾ ਗੁਣਗਾਨ ਕਰਦਿਆਂ ਰਹਿਣਾ ਹੋਵੇਗਾ। ਜਦੋਂ ਵੀ ਉਨ੍ਹਾਂ ਸੀਨੀਅਰ-ਜੂਨੀਅਰ ਬਾਦਲ ਦਾ ਗੁਣਗਾਨ ਕਰਨਾ ਬੰਦ ਕਰ, ਆਪਣੀ ਸੁਤੰਤਰ ਹੋਂਦ ਦਾ ਅਹਿਸਾਸ ਕਰਵਾਉਣ ਲਈ ਆਪਣੇ ਸੁਤੰਤਰ ਵਿਚਾਰਾਂ ਨੂੰ ਪ੍ਰਗਟ ਕਰਨਾ ਚਾਹਿਆ, ਓਦੋਂ ਹੀ ਉਨ੍ਹਾਂ ਦੀ ਦਲ ਵਿਚੋਂ ਭਾਵੇਂ ਛੁੱਟੀ ਨਾ ਕੀਤੀ ਜਾਏ ਪ੍ਰੰਤੂ ਉਨ੍ਹਾਂ ਨੂੰ ਬੀਰਦਵਿੰਦਰ ਸਿੰਘ ਵਾਂਗ ਮਹੱਤਵਹੀਨ ਬਣਾ ਕਿਸੇ ਅਜਿਹੇ ਕੋਨੇ ਵਿੱਚ ਧੱਕ ਦਿਤਾ ਜਾਇਗਾ, ਜਿਥੇ ਉਹ ਮਜਬੂਰ ਹੋ ਬਾਦਲ ਅਕਾਲੀ ਦਲ ਨੂੰ ਛੱਡ ਬਾਹਰ ਆਉਣ ਲਈ ਛਟਪਟਾਣ ਲਗ ਜਾਣਗੇ। ਅਜਿਹੀ ਹਾਲਤ ਵਿੱਚ ਜੇ ਉਹ ਉਥੋਂ ਬਾਹਰ ਨਿਕਲ ਆਉਣ ਵਿੱਚ ਸਫਲ ਵੀ ਹੋ ਜਾਂਦੇ ਹਨ ਤਾਂ ਉਹ ਨਾ ਤਾਂ ਇਧਰ ਦੇ ਰਹਿਣਗੇ ਅਤੇ ਨਾ ਹੀ ਉਧਰ ਦੇ। ਬੀਰਦਵਿੰਦਰ ਸਿੰਘ ਵਾਂਗ ਇਧਰ-ਉਧਰ ਭਟਕਣ ਲਈ ਮਜਬੂਰ ਹੋ ਜਾਣਗੇ। ਉਨ੍ਹਾਂ ਪੁਰ ਦਲ-ਬਦਲ ਦਾ ਅਜਿਹਾ ਠੱਪਾ ਲਗੇਗਾ ਕਿ ਕੋਈ ਵੀ ਉਨ੍ਹਾਂ ਦੀ ਵਫਾਦਾਰੀ ਦੇ ਦਾਅਵੇ ਪੁਰ ਵਿਸ਼ਵਾਸ ਕਰਨ ਲਈ ਤਿਆਰ ਨਹੀਂ ਹੋ ਸਕੇਗਾ। ਅਕਾਲੀ ਰਾਜਨੀਤੀ ਤੇ ਤਿੱਖੀ ਨਜ਼ਰ ਰਖਣ ਵਾਲੇ ਇਨ੍ਹਾਂ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗਲ ਦੀ ਹੈਰਾਨੀ ਹੈ ਕਿ ਲੰਮਾਂ ਸਮਾਂ ਅਕਾਲੀ ਰਾਜਨੀਤੀ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਜ. ਗੁਰਚਰਨ ਸਿੰਘ ਟੌਹੜਾ ਨਾਲ ਸਰਗਰਮ ਰਹੇ ਸ. ਬਲਵੰਤ ਸਿੰਘ ਰਾਮੂਵਾਲੀਆ, ਸ. ਪ੍ਰਕਾਸ਼ ਸਿੰਘ ਬਾਦਲ ਦੀ ਉਸ ਨੀਤੀ ਤੋਂ ਅਨਜਾਣ ਕਿਵੇਂ ਰਹਿ ਗਏ, ਜਿਸਦੇ ਚਲਦਿਆਂ ਉਹ ਕਿਸੇ ਵੀ ਸਮੇਂ ਰਹੇ ਆਪਣੇ ਵਿਰੋਧੀ ਨੂੰ ਕਦੀ ਵੀ ਮਾਫ ਨਹੀਂ ਕਰਦੇ। ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਉਹ ਪਹਿਲਾਂ ਤਾਂ ਵਿਰੋਧੀ ਨੂੰ ਆਪਣੀ ਗਲਵਕੜੀ ਵਿੱਚ ਲੈ ਉਸ ਪ੍ਰਤੀ ਆਪਣਾ ਹੇਜ ਜਤਾਂਦੇ ਹਨ, ਫਿਰ ਉਸਦੀ ਗਰਦਨ ਦੁਆਲੇ ਆਪਣੀਆਂ ਬਾਹਵਾਂ ਦੀ ਜੱਕੜ ਇਤਨੀ ਮਜ਼ਬੂਤ ਕਰ ਲੈਂਦੇ ਹਨ, ਜਿਸਤੋਂ ਉਸਦੀ ਆਤਮਾ ਦਾ ਸਾਹ ਘੁਟਣ ਲਗਦਾ ਹੈ ਅਤੇ ਆਖਿਰ ਉਹ ਸਦਾ ਲਈ ਦਮ ਤੋੜ ਜਾਂਦੀ ਹੈ। ਇਧਰ ਇੱਕ ਪਾਸੇ ਤਾਂ ਉਸ ਪਾਸ ਪਛਤਾਵੇ ਵਿੱਚ ਛਟਪਟਾਂਦਿਆਂ ਰਹਿਣ ਦੇ ਸਿਵਾ ਦੂਸਰਾ ਕੋਈ ਚਾਰਾ ਨਹੀਂ ਰਹਿ ਜਾਂਦਾ ਅਤੇ ਦੂਜੇ ਪਾਸੇ ਲੋਕੀ ਇਹ ਸਮਝਣ ਲਗਦੇ ਹਨ ਕਿ ਉਹ ਸ. ਬਾਦਲ ਦੀ ‘ਪਿਆਰ ਭਰੀ’ ਗਲਵਕੜੀ ਵਿੱਚ ਆਪਾ ਤਕ ਭੁਲਾ ਬੈਠਾ ਹੈ।
ਇਸਦੇ ਨਾਲ ਹੀ ਇਨ੍ਹਾਂ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਸ. ਬਲਵੰਤ ਸਿੰਘ ਰਾਮੂਵਾਲੀਆ ਦੀ ਸ਼ਮੂਲੀਅਤ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਵੀ ਲਾਭ ਦੀ ਬਜਾਏ ਨੁਕਸਾਨ ਹੀ ਉਠਾਣਾ ਪੈ ਸਕਦਾ ਹੈ, ਇਸਦਾ ਇੱਕ ਕਾਰਣ ਤਾਂ ਉਹ ਇਹ ਦਸਦੇ ਹਨ ਕਿ ਭਾਵੇਂ ਸ. ਰਾਮੂਵਾਲੀਆ ਦੀ ਲੋਕ ਭਲਾਈ ਪਾਰਟੀ ਦੇ ਉਮੀਦਵਾਰ ਆਪ ਚੋਣਾਂ ਜਿਤਣ ਵਿੱਚ ਸਫਲ ਨਹੀਂ ਸੀ ਹੋ ਪਾ ਰਹੇ, ਪ੍ਰੰਤੂ ਉਹ ਬਾਦਲ ਦਲ-ਵਿਰੋਧੀ ਮਤਾਂ ਵਿੱਚ ਸੰਨ੍ਹ ਲਾ, ਬਾਦਲ ਅਕਾਲੀ ਦਲ ਨੂੰ ਲਾਭ ਪਹੁੰਚਾਣ ਵਿੱਚ ਸਹਿਯੋਗ ਤਾਂ ਕਰਦੇ ਹੀ ਚਲੇ ਆ ਰਹੇ ਸਨ। ਦੂਸਰਾ ਕਾਰਣ ਉਹ ਇਹ ਦਸਦੇ ਹਨ ਕਿ ਬਲਵੰਤ ਸਿੰਘ ਰਾਮੂਵਾਲੀਆ ਦੇ ਬਹੁਤੇ ਸਾਥੀ ਲੋਕ ਭਲਾਈ ਪਾਰਟੀ ਨੂੰ ਭੰਗ ਕਰ, ਉਸਨੂੰ ਬਾਦਲ ਅਕਾਲੀ ਦਲ ਵਿੱਚ ਸ਼ਾਮਲ ਕੀਤੇ ਜਾਣ ਕੇ ਵਿਰੁਧ ਸਨ, ਕਿਉਂਕਿ ਉਨ੍ਹਾਂ ਦੀ ਵਿਚਾਰਧਾਰਕ ਸੋਚ ਮੁੱਖ ਰੂਪ ਵਿੱਚ ਕਾਂਗ੍ਰਸ ਅਤੇ ਖੱਬੇ ਪਖੀ ਪਾਰਟੀਆਂ ਦੀ ਵਿਚਾਰਧਾਰਕ ਸੋਚ ਨਾਲ ਮੇਲ ਖਾਂਦੀ ਸੀ। ਜਦੋਂ ਸ. ਬਲਵੰਤ ਸਿੰਘ ਰਾਮੂਵਾਲੀਆ ਨੇ ਉਨ੍ਹਾਂ ਦੀ ਗਲ ਨਹੀਂ ਮੰਨੀ ਅਤੇ ਲੋਕ ਭਲਾਈ ਪਾਰਟੀ ਭੰਗ ਕਰ, ਬਾਦਲ ਅਕਾਲੀ ਦਲ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾ ਲਈ, ਤਾਂ ਉਨ੍ਹਾਂ ਵਿਚੋਂ ਬਹੁਤਿਆਂ ਨੇ ਕਾਂਗ੍ਰਸ ਵਲ ਝੁਕਾਉ ਕਰਨਾ ਸ਼ੁਰੂ ਕਰ ਦਿਤਾ। ਜਿਸਦਾ ਨੁਕਸਾਨ ਬਾਦਲ ਅਕਾਲੀ ਦਲ ਨੂੰ ਹੋਣਾ ਨਿਸ਼ਚਿਤ ਤਾਂ ਹੈ ਹੀ।
ਗਲ ਦਲ ਬਦਲ ਦੀ: ਇਨ੍ਹਾਂ ਦਿਨਾਂ ਵਿੱਚ ਦਿੱਲੀ ਪ੍ਰਦੇਸ਼ ਯੁਵਾ ਅਕਾਲੀ ਦਲ (ਬਾਦਲ) ਦੇ ਨਵਨਿਯੁਕਤ ਸਰਪ੍ਰਸਤ ਸ. ਹਰਮੀਤ ਸਿੰਘ ਕਾਲਕਾ ਵਲੋਂ ਆਏ ਦਿਨ ਇਹ ਦਾਅਵੇ ਕੀਤੇ ਜਾਂਦੇ ਚਲੇ ਆ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਨਾਲ ਸੰਬੰਧਤ ਨੌਜਵਾਨ ਵੱਡੀ ਗਿਣਤੀ ਵਿੱਚ ਉਸਦਾ ਸਾਥ ਛੱਡ ਉਨ੍ਹਾਂ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਜੁੜਨ ਲਈ ਅਗੇ ਆ ਰਹੇ ਹਨ। ਅਜਿਹਾ ਹੀ ਦਾਅਵਾ ਉਨ੍ਹਾਂ ਨੇ ਬੀਤੇ ਦਿਨੀਂ ਚਾਂਦ ਨਗਰ (ਵਿਸ਼ਨੂੰ ਗਾਰਡਨ) ਦੇ ਨੌਜਵਾਨਾਂ ਦੇ ਸੰਬੰਧ ਵਿੱਚ ਵੀ ਕੀਤਾ। ਜਿਸਨੂੰ ਇਲਾਕੇ ਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਯੂਥ ਇਕਾਈ ਨਾਲ ਸੰਬੰਧਤ ਨੌਜਵਾਨਾਂ ਦੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤ੍ਰ ਸ. ਰਾਜਿੰਦਰ ਸਿੰਘ ਟੈਕਨੋ ਨੇ ਚੁਨੌਤੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਇਲਾਕੇ ਦੇ ਇੱਕ ਵੀ ਨੌਜਵਾਨ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਸਾਥ ਨਹੀਂ ਛੱਡਿਆ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਦਾਅਵੇ ਸ. ਹਰਮੀਤ ਸਿੰਘ ਕਾਲਕਾ ਦੀ ਉਸ ਬੌਖਲਾਹਟ ਦੀ ਉਪਜ ਹਨ ਜੋ ਉਨ੍ਹਾਂ ਦੇ ਆਪਣੇ ਸਾਥੀਆਂ ਵਲੋਂ ਉਨ੍ਹਾਂ ਦਾ ਸਾਥ ਛੱਡ ਸ਼੍ਰੋਮਣੀ ਅਕਾਲੀ ਦਲ ਦਿੱਲੀ ਨਾਲ ਜੁੜੇ ਦੇ ਕੀਤੇ ਗਏ ਫੈਸਲੇ ਤੋਂ ਉਪਜੀ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲਈ ਤਿਆਰੀਆਂ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਅ ਨੇੜ ਭਵਿਖ ਵਿੱਚ ਹੋਣ ਜਾ ਰਹੀਆਂ ਆਮ ਚੋਣਾਂ ਦੇ ਮੱਦੇ-ਨਜ਼ਰ ਸਾਰੇ ਦਲਾਂ ਅਤੇ ਜਥੇਬੰਦੀਆਂ ਦੇ ਸੰਭਾਵਤ ਉਮੀਦਵਾਰਾਂ ਵਲੋਂ ਆਪੋ-ਆਪਣੇ ਢੰਗ ਨਾਲ ਸਿੱਖ ਮਤਦਾਤਾਵਾਂ ਤਕ ਆਪਣੀ ਪਹੁੰਚ ਬਣਾਉਣ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਗਿਆ ਹੈ। ਜਸਬੀਰ ਸਿੰਘ ਜੱਸੀ, ਚੇਅਰਮੈਨ ਗੁਰਦੁਆਰਾ ਢੱਕਾ ਧੀਰਪੁਰ ਅਤੇ ਵਾਇਸ ਚੇਅਰਮੈਨ ਗੁਰੂ ਹਰਿਕ੍ਰਸ਼ਨ ਪਬਲਿਕ ਸਕੂਲ ਨਿਰੰਕਰੀ ਕਾਲੌਨੀ ਵਲੋਂ ਸਿਵਲ ਲਾਈਨ ਹਲਕੇ ਵਿੱਚ ਧਾਰਮਕ ਅਤੇ ਇਤਿਹਾਸਕ ਸਾਹਿਤ ਮੁਫਤ ਵੰਡ, ਨਾ ਕੇਵਲ ਸਿੱਖ ਧਰਮ ਦੇ ਪ੍ਰਚਾਰ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ, ਸਗੋਂ ਇਲਾਕੇ ਦੇ ਸਿੱਖ ਮਤਦਾਤਾਵਾਂ ਦੇ ਨਾਲ ਵੀ ਸਿੱਧਾ ਸੰਪਰਕ ਕਰ, ਉਨ੍ਹਾਂ ਨੂੰ ਆਪਣੇ ਭਵਿਖ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਦਸਿਆ ਜਾਂਦਾ ਹੈ ਕਿ ਸ. ਜੱਸੀ ਦਾ ਇਹ ਪ੍ਰਚਾਰ ਢੰਗ ਇਲਾਕੇ ਦੇ ਸਿੱਖਾਂ ਨੂੰ ਪ੍ਰਭਾਵਤ ਕਰਨ ਵਿੱਚ ਮਹਤਵਪੂਰਣ ਭੂਮਿਕਾ ਅਦਾ ਕਰ ਰਿਹਾ ਹੈ।
ਇੱਕ ਦੁਖਦਾਈ ਸਮਾਚਾਰ : ਕੈਨੇਡਾ-ਯਾਤਰਾ ਤੋਂ ਪਰਤੇ ਇੱਕ ਗੈਰ-ਸਿੱਖ ਪੰਜਾਬੀ ਨੇ ਦਸਿਆ ਕਿ ਉਨ੍ਹਾਂ ਵੈਨਕੁਵਰ ਦੀਆਂ ਸੜਕਾਂ ਤੇ ਵਿੱਚ ਕੁਝ ਸਿੱਖਾਂ ਵਰਗੇ ਦਿਸਣ ਵਾਲੇ ਵਿਅਕਤੀਆਂ ਨੂੰ ਇਹ ਆਖਦਿਆਂ ਭਿਖਿਆ ਮੰਗਦਿਆ ਵੇਖਿਆ ਹੈ ਕਿ ਉਹ ਭੁਖੇ ਅਤੇ ਬੇਘਰ ਹਨ। ਉਨ੍ਹਾਂ ਕਿਹਾ ਕਿ ਇਹ ਦੇਖ ਉਨ੍ਹਾਂ ਨੂੰ ਬਹੁਤ ਦੁਖ ਹੋਓਿਆ, ਕਿਉਂਕਿ ਉਨ੍ਹਾਂ ਦੀ ਮਾਨਤਾ ਹੈ ਕਿ ਪੰਜਾਬੀ, ਵਿਸ਼ੇਸ਼ ਕਰ ਸਿੱਖ ਤਾਂ ਬਹੁਤ ਹੀ ਮੇਹਨਤੀ ਅਤੇ ਅਣਖੀ ਹਨ, ਉਨ੍ਹਾਂ ਵਿਚੋਂ ਕੁਝ ਇੱਕ ਵਲੋਂ ਇਸਤਰ੍ਹਾਂ ਭਿਖਿਆ ਮੰਗਣਾ ਸਮੁਚੇ ਸਿੱਖਾਂ ਦਾ ਹੀ ਨਹੀਂ ਸਗੋਂ ਸਮੁਚੇ ਪੰਜਾਬੀਆਂ ਦਾ ਵੀ ਅਪਮਾਨ ਹੈ। ਜੇ ਇਹ ਗਲ ਸੱਚ ਹੈ ਤਾਂ ਕੈਨੇਡਾ-ਵਾਸੀ ਸਿੱਖਾਂ ਨੂੰ ਇਸਦਾ ਗੰਭੀਰ ਨੋਟਿਸ ਲੈਣਾ ਅਤੇ ਇਸ ਸਥਿਤੀ ਨਾਲ ਯੋਗ ਢੰਗ ਨਾਲੇ ਨਿਪਟਣ ਦਾ ਜਤਨ ਕਰਨਾ ਚਾਹੀਦਾ ਹੈ।
ਗਲ ਗੁਰਦੁਆਰਾ ਪ੍ਰਬੰਧ ਵਿੱਚ ਭਰਿਸ਼ਟਾਚਾਰ ਦੀ : ਦਿੱਲੀ ਗੁਰਦੁਆਰਾ ਚੋਣਾਂ ਦੇ ਸੰਬੰਧ ਵਿੱਚ ਜੋ ਗਲਾਂ ਮੁੱਖ ਰੂਪ ਵਿੱਚ ਉਭਰ ਕੇ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਵਿਚੋਂ ਇੱਕ ਇਹ ਹੈ ਕਿ ਇਨ੍ਹਾਂ ਚੋਣਾਂ ਵਿੱਚ ਹਿਸਾ ਲੈਣ ਲਈ, ਕਈ ਅਜਿਹੇ ਲੋਕੀ ਵੀ ਕਮਰ-ਕੱਸਾ ਕਰਨ ਵਿੱਚ ਜੁਟ ਗਏ ਹੋਏ ਹਨ, ਜੋ ਪਹਿਲਾਂ ਤੋਂ ਹੀ ‘ਭਰਿਸ਼ਟਾਚਾਰ’ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹਨ। ਸ਼ਾਇਦ ਇਸਦਾ ਮੁੱਖ ਕਾਰਣ ਇਹ ਹੈ ਕਿ ਬੀਤੇ ਸਮੇਂ ਵਿੱਚ ਆਪਣਿਆਂ ਨੇ ਹੀ ਗੁਰਦੁਆਰਾ ਪ੍ਰਬੰਧ ਵਿੱਚ ਭਰਿਸ਼ਟਾਚਾਰ ਹੋਣ ਦਾ ਪ੍ਰਚਾਰ ਇਤਨਾ ਜ਼ਿਆਦਾ ਕਰ ਦਿਤਾ ਹੈ ਕਿ ਕੋਈ ਵੀ ਇਮਾਨਦਾਰ ਵਿਅਕਤੀ ਗੁਰਦੁਆਰਾ ਚੋਣਾਂ ਵਿੱਚ ਹਿਸਾ ਲੈਣ ਲਈ ਤਿਆਰ ਹੀ ਨਹੀਂ ਹੁੰਦਾ। ਪਿਛਲੀਆਂ ਗੁਰਦੁਆਰਾ ਚੋਣਾਂ ਵਿੱਚ ਤਾਂ ਇਥੋਂ ਤਕ ਵੇਖਣ ਨੂੰ ਮਿਲਿਆ ਕਿ ਕਈ ਸਿੱਖ ਮਤਦਾਨ ਕਰਨ ਲਈ ਵੀ ਤਿਆਰ ਨਹੀਂ ਸਨ ਹੋ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਸ ਕਰਕੇ ਗੁਰਦੁਆਰਾ ਚੋਣਾਂ ਵਿੱਚ ਮਤਦਾਨ ਨਹੀਂ ਕਰਨਾ ਚਾਹੁੰਦੇ, ਕਿਉਂਕਿ ਉਹ ਗੁਰਦੁਆਰਾ ਪ੍ਰਬੰਧ ਵਿੱਚ ਹੋ ਰਹੇ ਭਰਿਸ਼ਟਾਚਾਰ ਵਿੱਚ ਹਿਸੇਦਾਰ ਬਣਨਾ ਨਹੀਂ ਚਾਹੁੰਦੇ। ਉਨ੍ਹਾਂ ਦੀਆਂ ਨਜ਼ਰਾਂ ਵਿੱਚ ਸਾਰੇ ਹੀ ਦਲਾਂ ਦੇ ਮੈਂਬਰ ਭਰਿਸ਼ਟਾਚਾਰ ਦੇ ਵਿਰੋਧ ਦੇ ਨਾਂ ਤੇ ਆਪਣੇ ਹੱਥ ਰੰਗਦੇ ਰਹਿੰਦੇ ਹਨ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਕੁਝ ਚੰਗੇ ਆਚਰਣ ਦੇ ਸਿੱਖ ਚੁਣੇ ਵੀ ਜਾਣ ਤਾਂ ਕੋਲਿਆਂ ਦੀ ਇਸ ਖਾਣ ਵਿੱਚ ਦਾਖਲ ਹੋ, ਉਹ ਵੀ ਆਪਣਾ ਦਾਮਨ ਸਾਫ਼ ਨਹੀਂ ਰਖ ਸਕਦੇ।
ਇਸ ਸੋਚ ਦੇ ਬਾਵਜੂਦ ਕੁਝ ਅਜਿਹੇ ਸਿੱਖ ਵੀ ਹਨ ਜੋ ਇਹ ਮੰਨਦੇ ਹਨ ਕਿ ਸਿੱਖ ਮਤਦਾਤਾਵਾਂ ਨੂੰ ਇਹ ਮੰਨ ਕੇ ਜ਼ਰੂਰ ਗੁਰਦੁਆਰਾ ਚੋਣਾਂ ਵਿੱਚ ਮਤਦਾਨ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਆਪਣੀਆਂ ਧਾਰਮਕ ਮਾਨਤਾਵਾਂ ਦੀ ਰਖਿਆ ਕਰਨ ਦੀ ਜ਼ਿੰਮੇਂਦਾਰੀ, ਜਿਨ੍ਹਾਂ ਨੂੰ ਸੌਂਪਣੀ ਹੈ, ਉਹ ਚੰਗੇ ਜੀਵਨ ਵਾਲੇ ਹੋਣ। ਜੇ ਕੋਈ ਭਰਿਸ਼ਟਾਚਾਰੀ ਗੁਰਦੁਆਰਾ ਪ੍ਰਬੰਧ ਵਿੱਚ ਹਿਸੇਦਾਰ ਬਣਨ ਵਿੱਚ ਸਫਲ ਹੋ ਜਾਂਦਾ ਹੈ ਤਾਂ ਇਸਦੇ ਲਈ ਮੁੱਖ ਰੂਪ ਵਿੱਚ ਮਤਦਾਤਾ ਹੀ ਜ਼ਿੰਮੇਂਦਾਰ ਹੁੰਦੇ ਹਨ। ਇਸਲਈ ਉਨ੍ਹਾਂ ਨੂੰ ਬਹੁਤ ਹੀ ਸੋਚ-ਵਿਚਾਰ ਕੇ ਹੀ ਆਪਣੇ ਮਤ-ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ।
…ਅਤੇ ਅੰਤ ਵਿੱਚ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲੜਨ ਦੀਆਂ ਤਿਆਰੀਆਂ ਕਰ ਰਹੇ ਉਮੀਦਵਾਰਾਂ ਨੂੰ ਇਸ ਵਾਰ ਚੋਣ ਅਧਿਕਾਰੀ ਪਾਸ ਆਪਣੇ ਨਾਮੀਨੇਸ਼ਨ ਪੇਪਰ ਦਾਖਲ ਕਰਨ ਤੋਂ ਪਹਿਲਾਂ ਆਪਣਾ ਚਿਹਰਾ-ਮੋਹਰਾ ਠੀਕ ਤਰ੍ਹਾਂ ਨਾਲ ਸੰਵਾਰ ਲੈਣਾ ਚਾਹੀਦਾ ਹੈ, ਕਿਉਂਕਿ ਇਸ ਵਾਰ ਚੋਣ ਮੈਦਾਨ ਵਿੱਚ ਉਤਰਨ ਵਾਲਿਆਂ ਨੂੰ, ਸਿੱਖ ਰਹਿਤ ਮਰਯਾਦਾ ਦੀਆਂ ਤਨਖਾਹੀਏ ਅਤੇ ਕੁ-ਰਹਿਤੀਏ ਦੀਆਂ ਸ਼ਰਤਾਂ ਦੇ ਆਧਾਰ ਤੇ ਸੁਆਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।੦੦੦
ੰੋਬਲਿe : + ੯੧ ੯੮ ੬੮ ੯੧ ੭੭ ੩੧