ਫਤਹਿਗੜ੍ਹ ਸਾਹਿਬ: 16 ਦਸੰਬਰ : ਵਿਸ਼ਵ ਬੈਂਕ ਦੇ ਪ੍ਰਤੀਨਿੱਧ ਸ਼੍ਰੀ ਸਿਆਮਲ ਸਰਕਾਰ ਦੀ ਅਗਵਾਈ ਹੇਠ ਬੰਗਲਾਦੇਸ਼, ਨੀਦਰਲੈਂਡ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗਾਂ ਦੇ ਇੰਜਨੀਅਰਾਂ ਤੇ ਅਧਿਕਾਰੀਆਂ ਦੀ 29 ਮੈਂਬਰੀ ਉੱਚ ਪੱਧਰੀ ਟੀਮ ਨੇ ਜਲ ਸਪਲਾਈ ਵਿੱਚ ਮਾਡਲ ਪਿੰਡ ਵਜੋਂ ਜਾਣੇ ਜਾਂਦੇ ਜ਼ਿਲ੍ਹੇ ਦੇ ਪਹਿਲੇ ਪਿੰਡ ਮਨਹੇੜਾ ਜੱਟਾਂ ਦਾ ਵਿਸ਼ੇਸ਼ ਤੌਰ ‘ਤੇ ਦੌਰਾ ਕੀਤਾ। ਇੱਥੇ ਵਰਣਨਯੋਗ ਹੈ ਕਿ ਇਸ ਪਿੰਡ ਵਿੱਚ 24 ਘੰਟੇ ਪੀਣ ਵਾਲਾ ਸਾਫ-ਸੁਥਰਾ ਪਾਣੀ ਪਿੰਡ ਦੇ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਇੰਜਨੀਅਰ ਸ਼੍ਰੀ ਆਰ.ਐਲ. ਕੌਲਧਰ ਨੇ ਟੀਮ ਮੈਂਬਰਾਂ ਨੂੰ ਇਸ ਪਿੰਡ ਵਿੱਚ ਪਿੰਡ ਦੇ ਲੋਕਾਂ ਵੱਲੋਂ ਸਫਲਤਾਪੂਰਵਕ ਜਲ ਸਪਲਾਈ ਸਕੀਮ ਨੂੰ ਚਲਾਉਣ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਪੰਜਾਬ ਭਰ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ 11 ਪਿੰਡ ਅਜਿਹੇ ਹਨ ਜਿੱਥੇ ਕਿ ਪਿੰਡ ਵਾਲਿਆਂ ਦੇ ਸਹਿਯੋਗ ਅਤੇ ਵਿਸ਼ਵ ਬੈਂਕ ਦੀ ਸਹਾਇਤਾ ਨਾਲ 24 ਘੰਟੇ ਪੀਣ ਵਾਲਾ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ। ਇਹਨਾਂ ਪਿੰਡਾਂ ਵਿੱਚੋਂ ਮਨਹੇੜਾ ਜੱਟਾਂ ਇੱਕ ਹੈ। ਉਨ੍ਹਾਂ ਦੱਸਿਆ ਕਿ ਇਹਨਾਂ 11 ਪਿੰਡਾਂ ਵਿੱਚ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਦੋ ਪਿੰਡ ਮਨਹੇੜਾ ਜੱਟਾਂ ਅਤੇ ਦੇਦੜਾ, ਰੋਪੜ ਜ਼ਿਲ੍ਹੇ ਦੇ 5 ਅਤੇ ਐਸ.ਏ.ਐਸ. ਨਗਰ (ਮੁਹਾਲੀ) ਜ਼ਿਲ੍ਹੇ ਦੇ 4 ਪਿੰਡ ਸ਼ਾਮਲ ਹਨ ਜਿੱਥੇ ਕਿ 24 ਘੰਟੇ ਸਾਫ-ਸੁਥਰਾ ਪੀਣ ਵਾਲਾ ਪਾਣੀ ਇਹਨਾਂ ਸਾਰੇ ਪਿੰਡਾਂ ਦੇ ਘਰਾਂ ਵਿੱਚ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਜਲ ਸਪਲਾਈ ਸਕੀਮਾਂ ਦੀ ਵਿਸ਼ੇਸ਼ ਗੱਲ ਇਹ ਹੈ ਕਿ ਪਿੰਡ ਪੱਧਰ ‘ਤੇ ਬਣਾਈਆਂ ਗਈਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ ਵੱਲੋਂ ਇਨ੍ਹਾਂ ਸਕੀਮਾਂ ਦਾ ਰੱਖ-ਰਖਾਵ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਵੱਲੋਂ ਹੀ ਸਫਲਤਾ ਪੂਰਵਕ ਇਹ ਸਕੀਮਾਂ ਚਲਾਈਆਂ ਜਾਂਦੀਆਂ ਹਨ।
ਨਿਗਰਾਨ ਇੰਜਨੀਅਰ ਸ਼੍ਰੀ ਪੀ.ਐਸ. ਭੱਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਹੇੜਾ ਜੱਟਾਂ ਦੀ ਇਹ ਸਕੀਮ ਵਿਸ਼ਵ ਬੈਂਕ ਦੀ ਸਹਾਇਤਾ ਨਾਲ 24.21 ਲੱਖ ਰੁਪਏ ਦੀ ਲਾਗਤ ਨਾਲ ਜੁਲਾਈ 2008 ਵਿੱਚ ਮੁਕੰਮਲ ਹੋਈ ਸੀ ਜਿਸ ਵਿੱਚ ਪਿੰਡ ਵਾਲਿਆਂ ਵੱਲੋਂ 1.35 ਲੱਖ ਰੁਪਏ ਦਾ ਆਪਣਾ ਲਾਭਪਾਤਰੀ ਹਿੱਸਾ ਜਮ੍ਹਾਂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਵੱਲੋਂ ਇਸ ਸਕੀਮ ਦੀ ਸਫਲਤਾਪੂਰਵਕ ਦੇਖਭਾਲ ਕੀਤੀ ਜਾ ਰਹੀ ਹੈ ਅਤੇ 24 ਘੰਟੇ ਪਿੰਡ ਵਾਸੀਆਂ ਨੂੰ ਸਾਫ-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕਾਰਜਕਾਰੀ ਇੰਜਨੀਅਰ ਸ਼੍ਰੀ ਸੁਖਮਿੰਦਰ ਸਿੰਘ ਪੰਧੇਰ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਬਚਤ ਲਈ ਸਾਰੇ ਘਰਾਂ ਵਿੱਚ ਪਾਣੀ ਦੇ ਨਿੱਜੀ ਕੁਨੈਕਸ਼ਨਾਂ ‘ਤੇ ਮੀਟਰ ਲਗਾਏ ਗਏ ਹਨ ਜਿਸ ਦੇ ਫਲਸਰੂਪ ਜਿੱਥੇ 24 ਘੰਟੇ ਘਰਾਂ ਵਿੱਚ ਪਾਣੀ ਉਪਲਬੱਧ ਹੁੰਦਾ ਹੈ ਉੱਥੇ ਅਨਮੋਲ ਪਾਣੀ ਦੀ ਦੁਰਵਰਤੋਂ ਵੀ ਨਹੀਂ ਹੁੰਦੀ।
ਵਿਸ਼ਵ ਬੈਂਕ ਦੀ ਪ੍ਰਤੀਨਿੱਧ ਸ਼੍ਰੀ ਸਿਆਮਲ ਸਰਕਾਰ ਅਤੇ ਹੋਰ ਟੀਮ ਮੈਂਬਰ ਪਿੰਡ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਦੀ ਚੇਅਰਪਰਸਨ ਅਤੇ ਪਿੰਡ ਦੀ ਸਰਪੰਚ ਸ਼੍ਰੀਮਤੀ ਹਰਜੀਤ ਕੌਰ ਅਤੇ ਸਕੱਤਰ ਸ. ਪ੍ਰਿਤਪਾਲ ਸਿੰਘ ਸਾਬਕਾ ਸਰਪੰਚ ਤੋਂ ਇਸ ਜਲ ਸਪਲਾਈ ਸਕੀਮ ਦੀ ਸਫਲਤਾ ਬਾਰੇ ਗੱਲਬਾਤ ਕਰਕੇ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਬਾਕੀ ਰਾਜਾਂ ਵਿੱਚ ਵੀ ਅਜਿਹੀਆਂ ਸਕੀਮਾਂ ਲਾਗੂ ਕਰਨ ਵਾਸਤੇ ਟੀਮ ਮੈਂਬਰਾਂ ਨੂੰ ਪ੍ਰੇਰਿਤ ਕੀਤਾ। ਕਮੇਟੀ ਦੇ ਸਕੱਤਰ ਸ. ਪ੍ਰਿਤਪਾਲ ਸਿੰਘ ਨੇ ਟੀਮ ਮੈਂਬਰਾਂ ਨੂੰ ਦੱਸਿਆ ਕਿ ਇਸ ਸਕੀਮ ਦੀ ਸਫਲਤਾ ਦਾ ਮੁੱਖ ਕਾਰਨ ਪਿੰਡ ਦੇ ਸਾਰੇ ਹੀ ਘਰਾਂ ਤੋਂ ਮਿਲਿਆ ਭਰਵਾਂ ਸਹਿਯੋਗ ਹੈ। ਉਨ੍ਹਾਂ ਦੱਸਿਆ ਕਿ ਪ੍ਰਤੀ ਘਰ 100/- ਰੁਪਏ ਮਹੀਨਾ ਘੱਟੋ-ਘੱਟ ਖ਼ਰਚਾ ਇੱਕ ਘਰ ਤੋਂ ਵਸੂਲਿਆ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਤੋਂ ਸਾਰੇ ਪਿੰਡ ਵਿੱਚ ਪੀਣ ਵਾਲੇ ਸਾਫ-ਸੁਥਰੇ ਪਾਣੀ ਦੀ ਸਪਲਾਈ ਸ਼ੁਰੂ ਹੋਈ ਹੈ, ਉਦੋਂ ਤੋਂ ਹੀ ਪਿੰਡ ਵਾਸੀਆਂ ਨੂੰ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਨਿਜਾਤ ਮਿਲ ਗਈ ਹੈ। ਉਨ੍ਹਾਂ ਆਖਿਆ ਕਿ ਸ਼ੁੱਧ ਪਾਣੀ ਮਿਲਣ ਨਾਲ ਲੋਕਾਂ ਦੀ ਸਿਹਤ ਵਿੱਚ ਬਹੁਤ ਸੁਧਾਰ ਹੋਇਆ ਹੈ ਅਤੇ ਹੁਣ ਲੋਕ ਖੇਤੀਬਾੜੀ ਅਤੇ ਹੋਰ ਰੋਜਮਰਾਂ ਦੇ ਕੰਮ ਪਹਿਲਾਂ ਨਾਲੋਂ ਕਿਤੇ ਵੱਧ ਦਿਲਚਸਪੀ ਨਾਲ ਕਰਦੇ ਹਨ ਜਿਸ ਨਾਲ ਜਿੱਥੇ ਪਿੰਡ ਵਾਲਿਆਂ ਦੇ ਸਮੁੱਚੀ ਆਰਥਿਕ ਹਾਲਤ ਵਿੱਚ ਸੁਧਾਰ ਹੋਇਆ ਹੈ ਉੱਥੇ ਦੁਧਾਰੂ ਪਸ਼ੂਆਂ ਦੀ ਸਿਹਤ ਵਿੱਚ ਸੁਧਾਰ ਹੋਣ ਕਾਰਨ ਦੁੱਧ ਦਾ ਉਤਪਾਦਨ ਵੀ ਵਧਿਆ ਹੈ। ਇਸ ਉਪਰੰਤ ਟੀਮ ਮੈਂਬਰਾਂ ਵੱਲੋਂ ਜਿੱਥੇ ਜਲ ਸਪਲਾਈ ਸਕੀਮ ਬਾਰੇ ਵਿਭਾਗ ਦੇ ਇੰਜਨੀਅਰਾਂ ਤੋਂ ਮੁਕੰਮਲ ਜਾਣਕਾਰੀ ਹਾਸਲ ਕੀਤੀ ਗਈ, ਉੱਥੇ ਉਨ੍ਹਾਂ ਘਰਾਂ ਵਿੱਚ ਜਾ ਕੇ ਵੀ ਲੋਕਾਂ ਤੋਂ ਇਸ ਸਕੀਮ ਦੀ ਸਫਲਤਾ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਸਕੂਲ ਵਿੱਚ ਟੀਮ ਦੇ ਸਵਾਗਤ ਲਈ ਕਲਗੀਧਰ ਸੀਨੀਅਰ ਸੈਕੰਡਰੀ ਨੈਸ਼ਨਲ ਸਕੂਲ ਮੂੰਗੋ ਦੀਆਂ ਵਿਦਿਆਰਥਣਾਂ ਵੱਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਦੀ ਟੀਮ ਮੈਂਬਰਾਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਹੋਰ ਉੱਚ ਅਧਿਕਾਰੀ ਵੀ ਸ਼ਾਮਲ ਹੋਏ।