ਚੰਡੀਗੜ•, 16 ਦਸੰਬਰ: ਪੰਜਾਬ ਸਰਕਾਰ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਸਰਹੱਦਾਂ ਦੀ ਰਾਖੀ ਵਾਸਤੇ ਲਾਮਿਸਾਲ ਸੇਵਾਵਾਂ ਨਿਭਾਅ ਰਹੇ ਫੌਜੀ ਜਵਾਨਾਂ ਅਤੇ ਸਾਬਕਾ ਫੌਜੀਆਂ ਦੀ ਸਰਬਪੱਖੀ ਭਲਾਈ ਨੂੰ ਯਕੀਨੀ ਬਣਾਉਣ ਲਈ ਰਿਕਾਰਡਤੋੜ ਉਪਰਾਲੇ ਕੀਤੇ ਹਨ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਰੱਖਿਆ ਸੇਵਾਵਾਂ ਭਲਾਈ ਵਿਭਾਗ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਆਦੇਸ਼ਾਂ ‘ਤੇ ਫੌਜੀਆਂ/ਸਾਬਕਾ ਫੌਜੀਆਂ ਲਈ ਅਨੇਕਾਂ ਕਲਿਆਣਕਾਰੀ ਫੈਸਲੇ ਲਾਗੂ ਕੀਤੇ ਗਏ ਹਨ।
ਰਾਜ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਵਾਂਗ ਸ਼ਾਰਟ ਸਰਵਿਸ ਕਮਿਸ਼ਨਡ ਦੌਰਾਨ ਮਿਲਟਰੀ ਸੇਵਾ ਕਰਨ ਵਾਲੇ ਅਫਸਰਾਂ ਨੂੰ ਵੀ ਸਿਵਲ ਸੇਵਾ ਵਿੱਚ ਲਾਭ ਦਿੱਤਾ ਗਿਆ ਜਿਸ ਨਾਲ ਸੂਬੇ ਦੇ ਸੈਂਕੜੇ ਪਰਿਵਾਰਾਂ ਨੂੰ ਵਿੱਤੀ ਲਾਭ ਮਿਲੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਅਤਿਵਾਦ ਤੋਂ ਪ੍ਰਭਾਵਿਤ ਧਰਮੀ ਫੌਜੀਆਂ ਨੂੰ ਮਹੀਨਾਵਾਰ ਗ੍ਰਾਂਟ 2500 ਤੋਂ ਦੁੱਗਣੀ ਕਰਕੇ 5000 ਕੀਤੀ ਗਈ ਹੈ। ਇਸ ਵੇਲੇ ਇਹ ਲਾਭ 118 ਧਰਮੀ ਫੌਜੀ ਲੈ ਰਹੇ ਹੈ।
ਬੁਲਾਰੇ ਨੇ ਦੱਸਿਆ ਕਿ ਪੁਰਸਕਾਰ ਵਿਜੇਤਾ ਜਿਵੇਂ ਕਿ ਪਰਮਵੀਰ ਚੱਕਰ, ਮਹਾਂਵੀਰ ਚੱਕਰ, ਵੀਰ ਚੱਕਰ, ਅਸ਼ੋਕ ਚੱਕਰ ਅਤੇ ਹੋਰ ਪੁਰਸਕਾਰ ਵਿਜੇਤਾਵਾਂ ਨੂੰ ਮਿਲਦੇ ਮਹੀਨਾਵਾਰ ਭੱਤੇ ਵਿਚ ਪਹਿਲਾਂ ਬਜਟ ਵਿੱਚ 40 ਫੀਸਦੀ ਵਾਧਾ ਕੀਤਾ ਗਿਆ ਸੀ ਅਤੇ ਹਾਲ ਹੀ ਵਿੱਚ ਪੰਜਾਬ ਮੰਤਰੀ ਮੰਡਲ ਵੱਲੋਂ ਇਸ ਵਿਚ 10 ਫੀਸਦੀ ਦਾ ਹੋਰ ਵਾਧਾ ਕੀਤਾ ਗਿਆ ਹੈ। ਇਸ ਸਮੇਂ 1849 ਲਾਭਪਾਤਰੀ ਇਹ ਲਾਭ ਲੈ ਰਹੇ ਹਨ। ਸਾਬਕਾ ਫੌਜੀਆਂ ਨੂੰ ਟੋਲ ਟੈਕਸ ਤੋਂ ਛੋਟ ਦਿਵਾਉਣ ਲਈ ਸਿਰਤੋੜ ਯਤਨ ਜਾਰੀ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਸਬੰਧ ਵਿੱਚ ਰੱਖਿਆ ਸੇਵਾਵਾਂ ਭਲਾਈ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਪਹਿਲਾਂ ਹੀ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਡਾ. ਸੀ.ਪੀ. ਜੋਸ਼ੀ ਅਤੇ ਕੇਂਦਰੀ ਰੱਖਿਆ ਮੰਤਰੀ ਸ੍ਰੀ ਏ.ਕੇ. ਐਂਟੋਨੀ ਕੋਲ ਪਹੁੰਚ ਕਰ ਚੁੱਕੇ ਹਨ।
ਇਕ ਹੋਰ ਅਹਿਮ ਫੈਸਲੇ ਵਿੱਚ ਵਿਭਾਗ ਦੇ ਰੈਗੂਲਰ ਅਧਿਕਾਰੀਆਂ ਦੀ ਸੇਵਾ-ਮੁਕਤੀ ਜੋ ਪਹਿਲਾਂ ਪੰਜਾਬ ਡਿਫੈਂਸ ਵੈਲਫੇਅਰ (ਸਟੇਟ ਸਰਵਿਸ ਕਲਾਸ-1) ਰੂਲਜ਼ 1986 ਅਨੁਸਾਰ 10 ਸਾਲ ਦਾ ਅਰਸਾ ਪੂਰਾ ਹੋਣ ‘ਤੇ ਜਾਂ 58 ਸਾਲ ਦੀ ਉਮਰ ਹੋਣ ‘ਤੇ ਜੋ ਵੀ ਪਹਿਲਾਂ ਵਾਪਰੇ ਨਿਰਧਾਰਤ ਸੀ, ਵਿਚ 10 ਸਾਲ ਦੀ ਸ਼ਰਤ ਖਤਮ ਕਰਕੇ ਹੁਣ ਸੇਵਾ-ਮੁਕਤੀ 58 ਸਾਲ ਦੀ ਉਮਰ ਹੋਣ ਮਗਰੋਂ ਨਿਰਧਾਰਤ ਕੀਤੀ ਗਈ ਹੈ।