ਕਿਹੈ, ਪਿੰਡ ਦੀਆਂ 2700 ਵੋਟਾਂ ‘ਚੋਂ ਕੇਵਲ 38 ਵੋਟਾਂ ਹੀ ਲੈ ਸਕਿਆ ਸੀ ਸਰਚਾਂਦ।
ਅੰਮ੍ਰਿਤਸਰ,16 ਦਸੰਬਰ – ਯੂਥ ਅਕਾਲੀ ਦਲ ਦੇ ਸਾਬਕਾ ਮੀਡੀਆ ਸਲਾਹਕਾਰ ਅਤੇ ਬੀਤੇ ਦਿਨੀਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਪ੍ਰੋ: ਸਰਚਾਂਦ ਸਿੰਘ ਦੇ ਜੱਦੀ ਪਿੰਡ ਖਿਆਲਾ ਕਲਾਂ ਦੇ ਸਰਪੰਚ ਅਤੇ ਪੰਚਾਇਤ ਸਮੇਤ ਹੋਰ ਮੋਹਤਬਰਾਂ ਨੇ ਉਸ ਵਿਰੁੱਧ ਨਿੱਤਰਦਿਆਂ ਕਿਹਾ ਹੈ ਕਿ ਜਿਹੜਾ ਵਿਅਕਤੀ ਪੰਚਾਇਤੀ ਚੋਣ ਦੌਰਾਨ ਕੁੱਲ 2700 ਵੋਟਾਂ ਵਿਚੋਂ ਸਿਰਫ 38 ਵੋਟਾਂ ਲੈ ਕੇ ਮੈਂਬਰੀ ਵੀ ਹਾਰ ਗਿਆ ਸੀ, ਉਹ ਹੁਣ ਆਪਣੇ-ਆਪ ਨੂੰ ਕਾਂਗਰਸ ਦਾ ਥੰਮ੍ਹ ਸਮਝ ਰਿਹਾ ਹੈ।
ਅੱਜ ਇੱਥੇ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਾਣਾ ਰਣਬੀਰ ਸਿੰਘ ਲੋਪੋਕੇ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਸ: ਸੁਰਜੀਤ ਸਿੰਘ ਭਿੱਟੇਵੱਢ ਦੀ ਮੌਜੂਦਗੀ ਵਿੱਚ ਪਿੰਡ ਖਿਆਲਾ ਕਲਾਂ ਦੇ ਸਰਪੰਚ ਸਰਬਜੀਤ ਸਿੰਘ, ਬਲਾਕ ਸਮੰਤੀ ਚੋਗਾਵਾਂ ਦੇ ਉੱਪ ਚੇਅਰਮੈਨ ਹਰਪਾਲ ਸਿੰਘ ਖਿਆਲਾ, ਮਹਿਲ ਸਿੰਘ, ਗੁਰਚਰਨ ਸਿੰਘ ਅਤੇ ਰਾਮ ਸਿੰਘ ( ਤਿੰਨੇ ਪੰਚ ) ਨੇ ਪ੍ਰੋ: ਸਰਚਾਂਦ ਸਿੰਘ ਦੇ ਖ਼ਿਲਾਫ਼ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ 2008 ਦੀਆਂ ਪੰਚਾਇਤੀ ਚੋਣਾਂ ਦੌਰਾਨ ਜਿਸ ਸਰਚਾਂਦ ਸਿੰਘ ਦਾ ਪਿਤਾ ਕਾਬਲ ਸਿੰਘ ਪਿੰਡ ਖਿਆਲਾ ਕਲਾਂ ਦੀਆਂ ਕੁੱਲ 2700 ਵੋਟਾਂ ਵਿਚੋਂ ਕੇਵਲ 38 ਵੋਟਾਂ ਲੈ ਕੇ ਪੰਚੀ ਦੀ ਚੋਣ ਵੀ ਹਾਰ ਗਿਆ ਸੀ, ਉਸ ਵੱਲੋਂ ਸੀਨੀਅਰ ਅਕਾਲੀ ਆਗੂਆਂ ਖ਼ਿਲਾਫ਼ ਦੂਸ਼ਣਬਾਜ਼ੀ ਹਾਸੋਹੀਣੀ ਜਾਪਦੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਸੱਥਾਂ ਵਿੱਚ ਬੈਠਣ ਅਤੇ ਬਹਿਸ ਕਰਨ ਦੇ ਕਾਬਲ ਉਹ ਲੋਕ ਹੁੰਦੇ ਹਨ, ਜੋ ਸਮਾਜ ਪ੍ਰਤੀ ਆਪਣੇ ਯੋਗਦਾਨ ਅਤੇ ਵਫ਼ਾਦਾਰੀਆਂ ਕਾਰਨ ਮਜ਼ਬੂਤ ਜੜ੍ਹਾਂ ‘ਤੇ ਖੜੇ ਹੁੰਦੇ ਹਨ। ਜੇਕਰ ਫਿਰ ਵੀ ਸਰਚਾਂਦ ਸਿੰਘ ਨੂੰ ਬਹਿਸ ਕਰਨ ਦਾ ਸ਼ੌਂਕ ਹੈ ਤਾਂ ਉਹ ਪਹਿਲਾਂ ਆਪਣੇ ਜੱਦੀ ਪਿੰਡ ਦੀ ਪੰਚਾਇਤ ਨਾਲ ਪਿੰਡ ਦੀ ਸੱਥ ਵਿੱਚ ਬਹਿਸ ਕਰਕੇ ਵੇਖ ਲਵੇ।
ਪਿੰਡ ਵਾਸੀਆਂ ਨੇ ਕਿਹਾ ਕਿ ਜਿਹੜਾ ਸਰਚਾਂਦ ਸਿੰਘ ਮੋਰਚਾ ਵਿੱਢਣ ਦੀ ਗੱਲ ਕਰਦਾ ਹੈ, ਉਸ ਨੂੰ ਉਸਦੇ ਪਰਿਵਾਰ ਦਾ ਸਹਿਯੋਗ ਵੀ ਨਹੀਂ ਮਿਲਣ ਵਾਲਾ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਦਾ ਅਤੀਤ ਪੰਜਾਬ ਵਿੱਚ ਜੁਝਾਰੂ ਧਿਰਾਂ ਤੋਂ ਲੈ ਕੇ ਫੈਡਰੇਸ਼ਨ ਮਹਿਤਾ ਅਤੇ ਯੂਥ ਅਕਾਲੀ ਦਲ ਵਰਗੀਆਂ ਜਮਾਤਾਂ ਦੀ ਪਿੱਠ ਵਿੱਚ ਛੁਰਾ ਮਾਰਨ ਕਰਕੇ ਜਾਣਿਆ ਜਾਂਦਾ ਹੈ। ਇਸ ਮੌਕੇ ‘ਤੇ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਾਣਾ ਰਣਬੀਰ ਸਿੰਘ ਲੋਪੋਕੇ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਢ ਨੇ ਸਰਚਾਂਦ ਸਿੰਘ ਵਰਗੇ ਵਿਅਕਤੀਆਂ ਨੂੰ ਕੱਢਣ ਤੋਂ ਬਾਅਦ ਯੂਥ ਦਲ ਦਾ ਸ਼ੁੱਧੀਕਰਨ ਹੋਇਆ ਹੈ। ਇਸ ਮੌਕੇ ‘ਤੇ ਸਰਪੰਚ ਮੰਗਲ ਸਿੰਘ ਕੋਹਾਲੀ, ਮੈਂਬਰ ਪੰਚਾਇਤ ਬਲਕਾਰ ਸਿੰਘ ਕੋਹਾਲੀ ਅਤੇ ਬਲਦੇਵ ਸਿੰਘ ਰੱਖ ਕੋਹਾਲੀ ਆਦਿ ਵੀ ਮੌਜੂਦ ਸਨ।