* ਗਿਰੋਹ ਵਿੱਚ 3 ਔਰਤਾਂ ਅਤੇ 2 ਬੱਚੇ ਸ਼ਾਮਲ
ਪਟਿਆਲਾ, 16 ਦਸੰਬਰ : ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਇੱਕ ਅੰਤਰ-ਰਾਜੀ ਮਦਰਾਸੀ ਲੁਟੇਰਾ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 24 ਲੈਪਟਾਪ, 6 ਮੋਬਾਇਲ, 315 ਬੋਰ ਦੀ ਇੱਕ ਪਿਸਤੌਲ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ ਜਿਸ ਦੀ ਕੀਮਤ ਲਗਭਗ ਸਾਢੇ 8 ਲੱਖ ਰੁਪਏ ਬਣਦੀ ਹੈ । ਇਸ ਬਾਰੇ ਸੀ.ਆਈ.ਏ ਪਟਿਆਲਾ ਵਿਖੇ ਸੱਦੀ ਪ੍ਰੈਸ ਕਾਨਫੰਰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਪਟਿਆਲਾ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਪੰਜ ਜਣਿਆਂ ਵਿੱਚ ਤਿੰਨ ਔਰਤਾਂ ਅਤੇ ਦੋ ਬੱਚੇ ਸ਼ਾਮਲ ਹਨ ਜਦਕਿ ਇਸ ਗਿਰੋਹ ਦੇ ਦੋ ਮੈਂਬਰ ਭਗੌੜਾ ਹਨ । ਸ਼੍ਰੀ ਗਿੱਲ ਨੇ ਦੱਸਿਆ ਕਿ ਇਹ ਗਿਰੋਹ ਪਟਿਆਲਾ, ਲੁਧਿਆਣਾ, ਜਲੰਧਰ ਅਤੇ ਹਰਿਆਣੇ ਦੇ ਕਈ ਸ਼ਹਿਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ।
ਐਸ.ਐਸ.ਪੀ ਸ਼੍ਰੀ ਗਿੱਲ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੁਖਮਿੰਦਰ ਸਿੰਘ ਚੌਹਾਨ ਦੀ ਅਗਵਾਈ ਹੇਠ ਐਸ.ਆਈ. ਗੁਰਪ੍ਰਤਾਪ ਸਿੰਘ ਅਤੇ ਪੁਲਿਸ ਪਾਰਟੀ ਨੇ 14 ਦਸੰਬਰ ਨੂੰ ਰਾਤ ਸਮੇਂ ਬਹਾਦਰਗੜ੍ਹ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਪੁਲਿਸ ਨੇ ਇੱਕ ਮੁਖ਼ਬਰੀ ਦੇ ਆਧਾਰ ‘ਤੇ ਕਾਲਰਾ ਫੋਰਜਿੰਗਜ਼ ਬੰਦ ਫੈਕਟਰੀ ਦੇ ਕੋਲ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਤਿਆਰ ਕਰ ਰਹੇ ਇੱਕ ਅੰਤਰ-ਰਾਜੀ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ । ਸ਼੍ਰੀ ਗਿੱਲ ਨੇ ਦੱਸਿਆ ਕਿ ਇਹ ਗਿਰੋਹ ਭੀੜ ਭੜੱਕੇ ਵਾਲੀਆਂ ਥਾਵਾਂ, ਬਜ਼ਾਰਾਂ, ਗੁਰਦੁਆਰਿਆਂ ਅਤੇ ਵਿਆਹ ਪੈਲਸਾਂ ਦੇ ਬਾਹਰ ਪਾਰਕਿੰਗ ਵਾਲੀਆਂ ਥਾਵਾਂ ‘ਤੇ ਖੜ੍ਹੀਆਂ ਕਾਰਾਂ ਦੇ ਸ਼ੀਸ਼ੇ ਗੁਲੇਲਾਂ ਰਾਹੀਂ ਬੈਰਿੰਗ ‘ਚ ਵਰਤੀਆਂ ਜਾਣ ਵਾਲੀਆਂ ਮੋਟੀਆਂ ਲੋਹੇ ਦੀਆਂ ਗੋਲੀਆਂ ਦੀ ਮਦਦ ਨਾਲ ਤੋੜ ਕੇ ਕਾਰਾਂ ਵਿੱਚ ਰੱਖੇ ਲੈਪਟਾਪ, ਬੈਗ, ਪਰਸ, ਮੋਬਾਂਿÂਲ ਤੇ ਹੋਰ ਕੀਮਤੀ ਸਮਾਨ ਚੋਰੀ ਕਰਦਾ ਸੀ । ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੈਂਬਰਾਂ ਵਿੱਚ ਅਨੀਤਾ ਪਤਨੀ ਗੋਬਿੰਦ ਸਾਮੀ, ਪੂਨਮ ਪਤਨੀ ਸੁੰਦਰ ਰਾਜ, ਪਰਾਸਤੀ ਪਤਨੀ ਮੁਰਗੇਸ, ਰਿਤਿਕ ਪੁੱਤਰ ਮੁਰਗੇਸ, ਰੋਹਿਤ ਪੁੱਤਰ ਮੁਰਗੇਸ ਵਾਸੀ ਮਕਾਨ ਨੰਬਰ 101-ਐਚ, ਮਦਨਗੀਰ, ਫੇਜ਼ 1, ਡਾ. ਅੰਬੇਦਕਰ ਨਵੀਂ ਦਿੱਲੀ ਸ਼ਾਮਲ ਹੈ ਜਦਕਿ ਇਸ ਗਿਰੋਹ ਦੇ ਦੋ ਪੁਰਸ਼ ਮੈਂਬਰ ਸਾਗਰ ਪੁੱਤਰ ਸਨਮੋਗਮ ਅਤੇ ਸੂਰਜ ਪੁੱਤਰ ਮੁਰਗੇਸ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ । ਸ਼੍ਰੀ ਗਿੱਲ ਨੇ ਦੱਸਿਆ ਕਿ ਇਸ ਗਿਰੋਹ ਦੇ ਮੈਂਬਰ ਮੂਲ ਰੂਪ ਵਿੱਚ ਮਦਰਾਸ ਦੇ ਨਿਵਾਸੀ ਹਨ ਅਤੇ ਇਹ ਆਮ ਤੌਰ ‘ਤੇ ਦਾਣਾ ਮੰਡੀਆਂ ਜਾਂ ਰੇਲਵੇ ਸਟੇਸ਼ਨ ਕੋਲ ਝੁੱਗੀਆਂ ਵਿੱਚ ਰਹਿੰਦੇ ਸੀ ਤਾਂ ਜੋ ਇਨ੍ਹਾਂ ‘ਤੇ ਕਿਸੇ ਨੂੰ ਕੋਈ ਸ਼ੱਕ ਨਾ ਹੋ ਸਕੇ ।
ਐਸ.ਐਸ.ਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਰੋਹਿਤ ਦੇ ਕੋਲੋਂ ਇੱਕ 315 ਬੋਰ ਦੀ ਪਿਸਤੌਲ ਸਮੇਤ 2 ਕਾਰਤੂਸ ਅਤੇ 6 ਲੈਪਟਾਪ, ਰਿਤਿਕ ਕੋਲੋਂ ਇੱਕ ਗੁਲੇਲ, ਬੈਰਿੰਗ ਵਿੱਚ ਵਰਤੀਆਂ ਜਾਣ ਵਾਲੀਆਂ ਸੱਤ ਮੋਟੀਆਂ ਲੋਹੇ ਦੀਆਂ ਗੋਲੀਆਂ ਅਤੇ 2 ਲੈਪਟਾਪ, ਪਰਾਸਤੀ ਕੋਲੋਂ 5 ਲੈਪਟਾਪ, ਅਨੀਤਾ ਕੋਲੋਂ 5 ਲੈਪਟਾਪ ਅਤੇ ਪੂਨਮ ਕੋਲੋਂ 6 ਲੈਪਟਾਪ ਬਰਾਮਦ ਕੀਤੇ ਹਨ । ਸ਼੍ਰੀ ਗਿੱਲ ਨੇ ਦੱਸਿਆ ਕਿ ਇਸ ਗਿਰੋਹ ਵੱਲੋਂ ਪੂਰੇ ਯੋਜਨਾਬੱਧ ਢੰਗ ਨਾਲ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਸੀ ਜਿਸ ਵਿੱਚ ਕਾਰਾਂ ਦੀ ਰੇਕੀ ਕਰਨ ਤੋਂ ਬਾਅਦ ਬੱਚਿਆਂ ਵੱਲੋਂ ਗੁਲੇਲਾਂ ਰਾਹੀਂ ਲੋਹੇ ਦੀਆਂ ਗੋਲੀਆਂ ਨਾਲ ਕਾਰਾਂ ਦੇ ਸ਼ੀਸ਼ੇ ਤੋੜੇ ਜਾਂਦੇ ਸਨ ਅਤੇ ਗਿਰੋਹ ਦੇ ਮਰਦ ਮੈਂਬਰਾਂ ਵੱਲੋਂ ਕਾਰਾਂ ਵਿੱਚ ਪਿਆ ਕੀਮਤੀ ਸਮਾਨ ਚੋਰੀ ਕਰਕੇ ਗਿਰੋਹ ਦੀਆਂ ਔਰਤ ਮੈਂਬਰਾਂ ਨੂੰ ਪਕੜਾ ਦਿੱਤਾ ਜਾਂਦਾ ਸੀ ਜੋ ਉਸ ਸਮਾਨ ਨੂੰ ਥੈਲਿਆਂ ਵਿੱਚ ਪਾ ਕੇ ਤੇਜ਼ੀ ਨਾਲ ਉਥੋਂ ਨਿਕਲ ਜਾਂਦੀਆਂ ਸਨ । ਸ਼੍ਰੀ ਗਿੱਲ ਨੇ ਦੱਸਿਆ ਕਿ ਇਸ ਗਿਰੋਹ ਦੀਆਂ ਔਰਤਾਂ ਵੱਲੋਂ ਪੁਰਾਣੇ ਕੱਪੜੇ ਲੈ ਕੇ ਬਰਤਨ ਵੇਚਣ ਦੀ ਆੜ ਵਿੱਚ ਭੋਲੇ ਭਾਲੇ ਲੋਕਾਂ ਨੂੰ ਚੋਰੀ ਦੇ ਲੈਪਟਾਪ ਘੱਟ ਕੀਮਤਾਂ ‘ਤੇ ਵੇਚ ਦਿੱਤੇ ਜਾਂਦੇ ਸਨ ।
ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਗਿੱਲ ਨੇ ਦੱਸਿਆ ਕਿ ਇਸ ਗਿਰੋਹ ਵਿਰੁੱਧ ਥਾਣਾ ਸਦਰ ਪਟਿਆਲਾ ਵਿਖੇ ਮਿਤੀ 14 ਦਸੰਬਰ ਨੂੰ ਅ/ਧ 398, 401 ਅਤੇ 25 ਅਸਲਾ ਐਕਟ ਅਧੀਨ ਮੁਕੱਦਮਾ ਨੰਬਰ 296 ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਕੋਲੋਂ ਹੋਰ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ ।