December 16, 2011 admin

ਭਾਰਤੀ ਫੌਜ ਵਿੱਚ ਧਾਰਮਿਕ ਅਧਿਆਪਕਾਂ ਦੀਆਂ ਅਸਾਮੀਆਂ ਲਈ ਬਿਨੈ-ਪੱਤਰਾਂ ਦੀ ਮੰਗ

ਪਟਿਆਲਾ: 16  ਦਸੰਬਰ : ਭਾਰਤੀ ਫੌਜ ਵਿੱਚ ਜੂਨੀਅਰ ਕਮਿਸ਼ਨਡ ਅਫਸਰ (ਧਾਰਮਿਕ ਅਧਿਆਪਕ) ਦੀਆਂ 36 ਅਸਾਮੀਆਂ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ । ਇਹ ਜਾਣਕਾਰੀ ਭਾਰਤੀ ਫੌਜ ਦੇ ਸਹਾਇਕ ਭਰਤੀ ਅਫਸਰ ਸੂਬੇਦਾਰ ਮੇਜਰ ਸ਼੍ਰੀ ਡਬਲਯੂ.ਐਸ. ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਬਿਨੈ-ਪੱਤਰ ਪੰਡਤ ਦੀਆਂ 24, ਗ੍ਰੰਥੀ ਦੀਆਂ 5, ਮੌਲਵੀ ਦੀਆਂ 2, ਪਾਦਰੀ ਦੀਆਂ 3 ਅਤੇ ਬੁੱਧ ਮੌਂਕ ਦੀਆਂ 2 ਅਸਾਮੀਆਂ ਲਈ ਮੰਗੇ ਗਏ ਹਨ । ਉਨ੍ਹਾਂ ਦੱਸਿਆ ਕਿ ਭਰਤੀ ਹੋਣ ਦੇ ਚਾਹਵਾਨ ਉਮੀਦਵਾਰ ਆਪਣੇ ਬਿਨੈ ਪੱਤਰ 24 ਦਸੰਬਰ ਤੱਕ ਭੇਜ ਸਕਦੇ ਹਨ।
ਸੂਬੇਦਾਰ ਮੇਜਰ ਸ਼੍ਰੀ ਸਿੰਘ ਨੇ ਦੱਸਿਆ ਕਿ ਭਰਤੀ ਹੋਣ ਦੇ ਚਾਹਵਾਨ ਉਮੀਦਵਾਰ ਦੀ ਉਮਰ 23 ਜਨਵਰੀ 2012 ਨੂੰ 27 ਤੋਂ 34 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ । ਉਨ੍ਹਾਂ ਦੱਸਿਆ ਕਿ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਟ ਹੋਵੇ । ਉਨ੍ਹਾਂ ਦੱਸਿਆ ਕਿ ਪੰਡਤ ਦੀ ਅਸਾਮੀ ਲਈ ਉਮੀਦਵਾਰ ਵੱਲੋਂ ਸੰਸਕ੍ਰਿਤ ਜਾਂ ਭੂਸ਼ਨ ਹਿੰਦੀ ਮਾਧਿਅਮ ਵਿੱਚ ਪਾਸ ਕੀਤੇ ਹੋਣੀ ਜਰੂਰੀ ਹਨ । ਇਸ ਤੋਂ ਇਲਾਵਾ ਜਿਹੜੇ ਉਮੀਦਵਾਰਾਂ ਨੇ ਬੀ.ਏ. ਸੰਸਕ੍ਰਿਤ /ਹਿੰਦੀ ਵਿੱਚ ਮੁੱਖ ਚੋਣਵੇਂ ਵਿਸ਼ੇ ਵਜੋਂ ਪਾਸ ਕੀਤੀ ਹੋਵੇ ਪ੍ਰੰਤੂ ਉਹਨਾਂ ਨੇ ਸੰਸਕ੍ਰਿਤ ਜਾਂ ਭੂਸ਼ਨ ਹਿੰਦੀ ਮਾਧਿਅਮ ਵਿੱਚ ਪਾਸ ਨਾ ਕੀਤੀ ਹੋਵੇ ਉਹ ਵੀ ਇਸ ਅਸਾਮੀ ਲਈ ਯੋਗ ਹਨ।
         ਸ਼੍ਰੀ ਸਿੰਘ ਨੇ ਦੱਸਿਆ ਕਿ ਗ੍ਰੰਥੀ ਦੀ ਅਸਾਮੀ ਲਈ ਉਮੀਦਵਾਰ ਵੱਲੋਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਵੱਲੋਂ ਗਰੈਜੂਏਸ਼ਨ ਪਾਸ ਕੀਤੀ ਹੋਣੀ ਚਾਹੀਦੀ ਹੈ । ਇਸ ਤੋਂ ਇਲਾਵਾ ਜਿਹੜੇ ਉਮੀਦਵਾਰ ਵਿਦਵਾਨ ਪੰਜਾਬੀ ਵਿਸ਼ੇ ਵਿੱਚ ਜਾਂ ਇਸ ਦੇ ਬਰਾਬਰ ਖੇਤਰੀ ਭਾਸ਼ਾ ਵਿੱਚ ਯੋਗਤਾ ਰੱਖਦੇ ਹੋਣ ਅਤੇ ਜਿਹੜੇ ਉਮੀਦਵਾਰਾਂ ਨੇ ਬੀ.ਏ. ਪੰਜਾਬੀ ਮੁੱਖ ਚੋਣਵੇਂ ਵਿਸ਼ੇ ਵਜੋਂ ਪਾਸ ਕੀਤੀ ਹੋਵੇ ਪ੍ਰੰਤੂ ਉਹਨਾਂ ਨੇ ਪੰਜਾਬੀ ਵਿਸ਼ੇ ਵਿੱਚ ਵਿਦਵਾਨ ਪਾਸ ਨਾ ਕੀਤੀ ਹੋਵੇ ਉਹ ਉਮੀਦਵਾਰ ਵੀ ਇਸ ਅਸਾਮੀ ਲਈ ਯੋਗ ਮੰਨੇ ਜਾਣਗੇ।
         ਸ਼੍ਰੀ ਸਿੰਘ ਨੇ ਦੱਸਿਆ ਕਿ ਮੌਲਵੀ ਦੀ ਅਸਾਮੀ ਲਈ ਉਮੀਦਵਾਰ ਵੱਲੋਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਵਿਚੋਂ ਗਰੈਜੂਏਸ਼ਨ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਉਮੀਦਵਾਰ ਮੌਲਵੀ ਆਲਿਮ ਅਰਬੀ ਵਿਸ਼ੇ ਨਾਲ ਪਾਸ ਹੋਵੇ । ਉਨ੍ਹਾਂ ਦੱਸਿਆ ਕਿ ਜਿਹੜੇ ਉਮੀਦਵਾਰਾਂ ਨੇ ਬੀ.ਏ. ਅਰਬੀ/ਉਰਦੂ ਮੁੱਖ ਚੋਣਵੇਂ ਵਿਸ਼ੇ ਵਜੋਂ ਪਾਸ ਕੀਤੀ ਹੋਈ ਹੋਵੇ ਪ੍ਰੰਤੂ ਮੌਲਵੀ / ਆਲਿਮ ਅਰਬੀ ਮਾਧਿਅਮ ਵਿੱਚ ਪਾਸ ਨਹੀਂ ਕੀਤੀ ਹੋਈ ਹੋਵੇ ਉਹ ਵੀ ਇਸ ਅਸਾਮੀ ਲਈ ਆਪਣੇ ਬਿਨੈ ਪੱਤਰ ਦੇ ਸਕਦੇ ਹਨ ਅਤੇ ਉਹਨਾਂ ਨੂੰ ਵੀ ਇਸ ਅਸਾਮੀ ਦੇ ਯੋਗ ਮੰਨਿਆਂ ਜਾਵੇਗਾ।
         ਸ਼੍ਰੀ ਸਿੰਘ ਨੇ ਦੱਸਿਆ ਕਿ ਪਾਦਰੀ ਦੀ ਅਸਾਮੀ ਲਈ ਉਮੀਦਵਾਰ ਵੱਲੋਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਵੱਲੋਂ ਗਰੈਜੂਏਸ਼ਨ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਉਮੀਦਵਾਰ ਜਿਹੜੇ ਪਹਿਲਾਂ ਕਿਧਰੇ ਪਾਦਰੀ ਵਜੋਂ ਕੰਮ ਕਰ ਰਹੇ ਹੋਣ  ਅਤੇ ਉਸ ਨੂੰ ਸਥਾਨਕ ਬਿਸ਼ਪ ਵੱਲੋਂ ਮਾਨਤਾ ਮਿਲੀ ਹੋਵੇ ਤਾਂ ਉਹ ਵੀ ਇਸ ਅਸਾਮੀ ਦੇ ਯੋਗ ਮੰਨੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਬੁੱਧ ਮੌਂਕ ਦੀ ਅਸਾਮੀ ਲਈ ਉਮੀਦਵਾਰ ਘੱਟੋ ਘੱਟ 10+2 ਪਾਸ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੁੱਖ ਪਾਦਰੀ ਕੋਲ ਖੰਪਾ ਜਾਂ ਲਾਪੂਨ, ਰਾਜਬਾਨ ਤੋਂ ਬੁੱਧ ਮੌਨਸਟਰੀ ਦਾ ਸਰਟੀਫਿਕੇਟ ਹੋਵੇ ਤਾਂ ਉਹ ਉਮੀਦਵਾਰ ਨੂੰ ਆਪਣੇ ਵੱਲੋਂ ਪਰੀਸਟਹੁੱਡ ਜਾਂ ਬੁੱਧ ਪਰੀਸਟ ਦਾ ਸਰਟੀਫਿਕੇਟ ਦੇਵੇ ਤਾਂ ਉਹ ਉਮੀਦਵਾਰ ਵੀ ਇਸ ਅਸਾਮੀ ਦੇ ਯੋਗ ਹੋਣਗੇ।
         ਸ਼੍ਰੀ ਸਿੰਘ ਨੇ ਦੱਸਿਆ ਕਿ ਨੇਪਾਲ ਦੇ ਰਹਿਣ ਵਾਲੇ ਉਮੀਦਵਾਰ ਜੇ ਪੰਡਤ ਦੀਆਂ ਅਸਾਮੀਆਂ ਲਈ ਬਿਨੈ ਪੱਤਰ ਦੇਣੇ ਚਾਹੁੰਦੇ ਹੋਣ ਤਾਂ ਉਹਨਾਂ ਵੱਲੋਂ ਬੀ.ਏ. ਸੰਸਕ੍ਰਿਤ/ਹਿੰਦੀ ਮੁੱਖ ਚੋਣਵੇਂ ਵਿਸ਼ੇ ਵਜੋਂ ਪਾਸ ਕੀਤੀ ਹੋਵੇ ਜਾਂ ਗਰੈਜੂਏਸ਼ਨ/ਪੋਸਟ ਗਰੈਜੂਏਸ਼ਨ ਸੰਸਕ੍ਰਿਤ ਵਿਸ਼ੇ ਨਾਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੀਤੀ ਹੋਣੀ ਚਾਹੀਦੀ ਹੈ । ਉਨ੍ਹਾਂ ਦੱਸਿਆ ਕਿ ਉਮੀਦਵਾਰ ਦਾ ਕੱਦ 160 ਸੈਂਟੀਮੀਟਰ, ਭਾਰ 50 ਕਿਲੋਗ੍ਰਾਮ, ਛਾਤੀ 77 ਸੈਂਟੀਮੀਟਰ ਹੋਣੀ ਚਾਹੀਦੀ ਹੈ ਅਤੇ ਉਮੀਦਵਾਰਾਂ ਨੂੰ ਇੱਕ ਮੀਲ ਦਾ ਸਫਰ ਅੱਠ ਮਿੰਟ ਵਿੱਚ ਤੈਅ ਕਰਨਾਂ ਲਾਜ਼ਮੀ ਹੋਵੇਗਾ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦਾ ਪ੍ਰੀਲਿਮਨਰੀ ਸਕਰੀਨਿੰਗ ਅਤੇ ਮੈਡੀਕਲ ਟੈਸਟ  23 ਜਨਵਰੀ 2012 ਤੋਂ 25 ਜਨਵਰੀ 2012 ਤੱਕ ਭਰਤੀ ਜੋਨ ਦੇ ਮੁੱਖ ਦਫਤਰ ਜਲੰਧਰ ਕੈਂਟ ਵਿਖੇ ਹੋਵੇਗਾ ਅਤੇ  ਮੈਡੀਕਲ ਤੌਰ ‘ਤੇ ਫਿੱਟ ਪਾਏ ਜਾਣ ਵਾਲੇ ਉਮੀਦਵਾਰਾਂ ਦਾ ਲਿਖਤੀ ਟੈਸਟ ਸਹਾਇਕ ਭਰਤੀ ਅਫਸਰ ਦੇ ਮੁੱਖ ਦਫਤਰ ਜਲੰਧਰ ਕੈਂਟ ਵਿਖੇ 26 ਫਰਵਰੀ 2012 ਨੂੰ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਤੇ ਜੰਮੂ ਕਸ਼ਮੀਰ ਦੇ ਉਮੀਦਵਾਰ ਆਪਣੇ ਬਿਨੈ ਪੱਤਰ ਭਾਰਤੀ ਫੌਜ ਦੇ ਮੁੱਖ ਦਫਤਰ ਭਰਤੀ ਜੋਨ (ਪੰਜਾਬ ਤੇ ਜੰਮੂ ਕਸ਼ਮੀਰ) ਜਲੰਧਰ ਕੈਂਟ 144005 ਨੂੰ ਭੇਜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਭਰਤੀਆਂ ਲਈ ਜੇਕਰ ਕਿਸੇ ਉਮੀਦਵਾਰ ਨੇ ਕਿਸੇ ਕਿਸਮ ਦੀ ਜਾਣਕਾਰੀ ਲੈਣੀ ਹੈ ਤਾਂ ਉਹ ਪਟਿਆਲਾ ਵਿਖੇ ਸਥਿਤ ਭਾਰਤੀ ਫੌਜ ਦੇ ਭਰਤੀ ਦਫਤਰ ਵਿਖੇ ਹੈਲਪ ਲਾਈਨ ਨੰਬਰ 0175-5023222 ‘ਤੇ ਸੰਪਰਕ ਕਰ ਸਕਦਾ ਹੈ।

Translate »