December 16, 2011 admin

ਭਾਰਤੀ ਫੌਜ ਦੀ ਬਲੈਕ ਐਲੀਫੈਂਟ ਡਵੀਜ਼ਨ ਨੇ ਪਟਿਆਲਾ ਵਿਖੇ ‘ਵਿਜੇ ਦਿਹਾੜਾ’ ਮਨਾਇਆ

ਪਟਿਆਲਾ, 16 ਦਸੰਬਰ : ਭਾਰਤੀ ਫੌਜ ਦੀ ਬਲੈਕ ਐਲੀਫੈਂਟ ਡਵੀਜ਼ਨ ਵੱਲੋਂ ਅੱਜ ਵਾਈ.ਪੀ.ਐਸ. ਚੌਂਕ ਪਟਿਆਲਾ ਦੇ ਨੇੜੇ ਸਥਿਤ ਫੌਜ ਦੇ ਸ਼ਹੀਦੀ ਸਮਾਰਕ ਵਿਖੇ 40ਵੀਂ ਵਰ੍ਹੇਗੰਢ ਦੇ ਰੂਪ ਵਿੱਚ ‘ਵਿਜੇ ਦਿਹਾੜਾ’ ਮਨਾਇਆ ਗਿਆ । ਇਸ ਮੌਕੇ ਬਲੈਕ ਐਲੀਫੈਂਟ ਡਵੀਜ਼ਨ ਦੇ ਬ੍ਰਿਗੇਡੀਅਰ ਰਾਜੇਸ਼ ਚੌਪੜਾ ਅਤੇ ਫੌਜ ਦੇ ਹੋਰ ਉੱਚ ਅਧਿਕਾਰੀਆਂ ਨੇ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । । ਇਸ ਮੌਕੇ ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਹੀਦਾਂ ਦੇ ਯੋਗਦਾਨ ਅਤੇ ਬਲਿਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬ੍ਰਿਗੇਡੀਅਰ ਰਾਜੇਸ਼ ਚੌਪੜਾ ਨੇ ਦੱਸਿਆ ਕਿ ਅੱਜ ਦਾ ਦਿਨ ਭਾਰਤੀ ਫੌਜ ਵੱਲੋਂ ਇਤਿਹਾਸਕ ਦਿਹਾੜੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ 1971 ਵਿੱਚ ਹੋਈ ਭਾਰਤ ਅਤੇ ਪਾਕਿਸਤਾਨ ਦੀ ਜੰਗ ਦੌਰਾਨ ਭਾਰਤੀ ਫੌਜ ਨੇ ਪਾਕਿਸਤਾਨੀ ਸੈਨਾ ਨੂੰ ਹਰਾਇਆ ਸੀ ਅਤੇ ਇਸ ਕਾਰਵਾਈ ਕਾਰਨ ਇੱਕ ਨਵਾਂ ਦੇਸ਼ ‘ਬੰਗਲਾਦੇਸ਼’ ਹੋਂਦ ਵਿੱਚ ਆਇਆ ਸੀ । ਉਨ੍ਹਾਂ ਦੱਸਿਆ ਕਿ ਉਸ ਇਤਿਹਾਸਕ ਜਿੱਤ ਨੂੰ ਇਸ ਸਦੀ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨਦੇ ਹੋਏ ਹੀ ਦੇਸ਼ ਭਰ ਵਿੱਚ ਫੌਜ ਦੀਆਂ ਵੱਖ-ਵੱਖ ਡਵੀਜ਼ਨਾਂ ਅਤੇ ਯੂਨਿਟਾਂ ਵੱਲੋਂ ‘ਵਿਜੇ ਦਿਹਾੜਾ’ ਮਨਾਇਆ ਜਾਂਦਾ ਹੈ । ਇਸ ਮੌਕੇ ਬ੍ਰਿਗੇਡੀਅਰ ਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਭਾਰਤ-ਪਾਕਿਸਤਾਨ ਦੀ ਜੰਗ ਵਿੱਚ ਸ਼ਹੀਦ ਹੋਏ ਭਾਰਤੀ ਜਵਾਨਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਮੌਕੇ ਬਲੈਕ ਐਲੀਫੈਂਟ ਡਵੀਜ਼ਨ ਦੀਆਂ 18 ਤੋਂ ਵੀ ਵੱਧ ਯੂਨਿਟਾਂ ਦੇ ਉੱਚ ਅਧਿਕਾਰੀ ਤੇ ਫੌਜ ਦੇ ਜਵਾਨ ਹਾਜ਼ਰ ਸਨ ।

Translate »