ਜਿਲ੍ਹੇ ਦੇ ਸਾਰੇ ਗੈਰ-ਸਰਕਾਰੀ ਕਾਲਜ ਅੱਜ ਪੰਜਵੇਂ ਦਿਨ ਵੀ ਬੰਦ ਰਹੇ|
ਅਧਿਆਪਕਾ ਨੇ ਭੰਡਾਰੀ ਪੁਲ ਉੱਪਰ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ |
ਭੰਡਾਰੀ ਪੁਲ ਜਾਮ …….ਸ਼ਹਿਰ ਪ੍ਰੇਸ਼ਾਨ
ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਅੱਜ ਪੰਜਵੇਂ ਦਿਨ ਵੀ ਪੰਜਾਬ ਦੇ ਸਾਰੇ ਗੈਰ-ਸਰਕਾਰੀ ਕਾਲਜ ਬੰਦ ਰਹੇ ਅਤੇ ਵੱਖ-ਵੱਖ ਸ਼ਹਿਰਾਂ ਅਤੇ ਜਿਲ੍ਹਾ ਹੈੱਡ ਕੁਆਵਟਰਾਂ ਉੱਪਰ ਧਰਨੇ ਦੇ ਕੇ ਆਵਾਜਾਈ ਰੋਕੀ ਗਈ| ਇਸ ਕੜੀ ਤਹਿਤ ਹੀ ਅੱਜ ਸਥਾਨਕ ਡੀ.ਏ.ਵੀ ਕਾਲਜ ਅੰਮ੍ਰਿਤਸਰ ਵਿੱਚ ਸਾਰੇ ਜਿਲ੍ਹੇ ਦੇ ਵੱਖ-ਵੱਖ ਕਾਲਜਾਂ ਜਿੰਨ੍ਹਾਂ ਵਿੱਚ ਬੀ.ਬੀ.ਕੇ.ਡੀ.ਏ.ਵੀ ਕਾਲਜ , ਖਾਲਸਾ ਕਾਲਜ, ਖਾਲਸਾ ਕਾਲਜ ਫਾਰ ਵੂਮੈਨ , ਖਾਲਸਾ ਕਾਲਜ ਆਫ ਐਜੂਕੇਸ਼ਨ, ਸਾਹਿਯਾਦਾ ਨੰਦ ਕਾਲਜ, ਹਿੰਦੂ ਕਾਲਜ ਅਤੇ ਡੀ.ਏ.ਵੀ ਕਾਲਜ ਆਫ ਐਜੂਕੇਸ਼ਨ ਦੇ ਅਧਿਆਪਕਾਂ ਅਤੇ ਨਾਨ-ਟੀਚਿੰਗ ਅਮਲੇ ਦੁਆਰਾ ਇੱਕ ਵੱਡੀ ਰੈਲੀ ਕੀਤੀ ਗਈ ਅਤੇ ਸਰਕਾਰ ਦੇ ਮੰਦਭਾਗੇ ਰਵੱਈਏ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ|
ਅੰਮ੍ਰਿਤਸਰ ਜਿਲ੍ਹੇ ਦੇ ਪ੍ਰਧਾਨ ਪ੍ਰੋ.ਗੁਰਦਾਸ ਸਿੰਘ ਸੇਖੋਂ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਉਹਨਾਂ ਦੀਆ ਮੰਗਾਂ ਪ੍ਰਤੀ ਟਾਲ-ਮਟੋਲ ਦੀ ਨੀਤੀ ਅਪਨਾ ਰਹੀ ਹੈ| ਜਿਹੜੀ ਕਿ ਸਰਕਾਰ ਲਈ ਆਉਣ ਵਾਲੇ ਸਮੇਂ ਵਿੱਚ ਘਾਤਕ ਸਿੱਧ ਹੋਵੇਗੀ| ਉਹਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅੱਜ 17 ਦਸੰਬਰ ਨੂੰ ਕੈਬਨਿਟ ਦੀ ਹੋਣ ਵਾਲੀ ਮੀਟਿੰਗ ਵਿੱਚ ਉਹਨਾਂ ਦੀਆਂ ਮੰਗਾਂ ਨੂੰ ਨਾਂ ਵਿਚਾਰਿਆ ਗਿਆ ਤਾਂ 23 ਦਸੰਬਰ ਨੂੰ ਸਰਦਾਰਨੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਦੇ ਹਲਕੇ ਬਠਿੰਡਾ ਵਿੱਚ ਇੱਕ ਸਟੇਟ ਪੱਧਰ ਦੀ ਵੱਡੀ ਰੈਲੀ ਕੀਤੀ ਜਾਵੇਗੀ |
ਪ੍ਰੋ.ਸੇਖੋਂ ਨੇ ਕਿਹਾ ਕਿ ਇਹਨਾਂ ਪੰਜ ਦਿਨਾਂ ਦੇ ਬੰਦ ਲਈ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਨਾ ਮੰਨ ਕੇ ਇਹ ਰਾਹ ਅਪਣਾਉਣ ਲਈ ਮਜ਼ਬੂਰ ਕਰ ਦਿੱਤਾ ਹੈ| ਇਸ ਲਈ ਇਸ ਕਾਰਵਾਈ ਰਾਹੀ ਜੋ ਵੀ ਪ੍ਰੇਸ਼ਾਨੀ ਲੋਕਾਂ ਨੂੰ ਹੋ ਰਹੀ ਹੈ , ਉਸ ਲਈ ਸਰਕਾਰ ਜੁੰਮੇਵਾਰ ਹੈ| ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਵਾਲੀਆ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆ ਤਾਂ ਉਹ ਸਘੰਰਸ਼ ਨੂੰ ਹੋਰ ਤਿੱਖਾ ਕਰਨਗੇ ਅਤੇ ਸਿੱਖਿਆ ਦੇ ਹੋ ਰਹੇ ਨੁਕਸਾਨ ਲਈ ਸਰਕਾਰ ਜ਼ੁੰਮੇਵਾਰ ਹੋਵੇਗੀ|
ਪ੍ਰੋ.ਸੇਖੋਂ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੀਆ ਮੁੱਖ ਮੰਗਾਂ ਜਿੰਨਾਂ ਵਿੱਚ ਪੈਨਸ਼ਨ ਗਰੈਚੁਟੀ ਲਾਗੂ ਕਰਨਾ, ਭਰਤੀ ਉੱਪਰ ਲੱਗੀ ਰੋਕ ਨੂੰ ਹਟਾਉਣਾ, ਜਨਵਰੀ 2006 ਤੋਂ ਨਵੇਂ ਸਕੇਲਾਂ ਦੀ ਬਕਾਇਆ ਰਾਸ਼ੀ ਅਦਾ ਕਰਨਾ, ਰਿਫਰੈਸ਼ਰ ਕੋਰਸ ਦੀ ਛੋਟ ਯੂ.ਜੀ.ਸੀ ਅਨੁਸਾਰ ਦਸੰਬਰ 2010 ਤੱਕ ਕਰਨਾ, ਅਨਕਵਰਡ ਅਧਿਆਪਕਾਂ ਨੂੰ ਸਰਵਿਸ ਸਕਿਉਰਟੀ ਐਕਟ ਅਧੀਨ ਲਿਆਉਣਾ ਅਤੇ ਕਾਲਜਾਂ ਵਿੱਚ ਕੰਮ ਕਰਦੇ ਗੈਰ-ਅਧਿਆਪਕ ਅਮਲੇ ਨੂੰ 01-01-2006 ਤੋਂ ਪੇ ਸਕੇਲ ਲਾਗੂ ਕਰਨਾ ਉਹਨਾਂ ਦੀਆਂ ਮੁੱਖ ਮੰਗਾਂ ਹਨ|
ਰੈਲੀ ਤੋਂ ਬਾਦ ਡੀ.ਏ.ਵੀ ਕਾਲਜ ਅੰਮ੍ਰਿਤਸਰ ਤੋਂ ਭੰਡਾਰੀ ਪੁਲ ਤੱਕ ਇੱਕ ਰੋਸ ਮਾਰਚ ਕੱਢਿਆ ਗਿਆ ਅਤੇ ਸਰਕਾਰ ਦੀ ਸਿੱਖਿਆ ਵਿਰੋਧੀ ਨੀਤੀ ਵਿਰੁੱਧ ਨਾਅਰੇ ਲਗਾਏ ਗਏ| ਸੈਂਕੜੇ ਅਧਿਆਪਕਾਂ ਅਤੇ ਗੈਰ-ਅਧਿਆਪਕ ਅਮਲੇ ਜਿੰਨ੍ਹਾਂ ਚੋ ਭਾਰੀ ਗਿਣਤੀ ਵਿੱਚ ਮਹਿਲਾ ਅਧਿਆਪਕ ਸਾਮਲ ਸਨ ਨੇ ਭੰਡਾਰੀ ਪੁਲ ਉੱਪਰ ਮਨੁੱਖੀ ਕੰਧ ਬਣਾ ਕੇ ਆਵਾਜਾਈ ਨੂੰ ਠੱਪ ਕੀਤਾ| ਜਿਸਦੇ ਸਿੱਟੇ ਵਜੋਂ ਸ਼ਹਿਰ ਦੇ ਬਹੁਤੇ ਹਿੱਸਿਆ ਵਿੱਚ ਆਵਾਜਾਈ ਅਸਤ-ਵਿਅਸਤ ਹੋ ਗਈ ਅਤੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ| ਭੰਡਾਰੀ ਪੁਲ ਉੱਪਰ ਅਧਿਆਪਕਾਂ ਦੁਆਰਾ ਸਰਕਾਰ ਦਾ ਪੁਰ-ਜੋਰ ਸਿਆਪਾ ਕੀਤਾ ਗਿਆ ਅਤੇ ਮੌਜੂਦਾ ਸਰਕਾਰ ਦੇ ਸਥਾਨਕ ਐਮ.ਐਲ.ਏ ਅਤੇ ਮੰਤਰੀਆਂ ਵਿਰੁੱਧ ਵੀ ਜੰਮ ਕੇ ਭੜਾਸ ਕੱਢੀ| ਧਰਨੇ ਨੂੰ ਸੰਬੋਧਨ ਕਰਦੇ ਹੋਏ ਪ੍ਰੋ.ਸੇਖੋਂ ਨੇ ਕਿਹਾ ਕਿ ਅਸੀਂ ਕਈ ਵਾਰ ਆਪਣੀਆਂ ਮੰਗਾਂ ਪ੍ਰਤੀ ਸ਼ਹਿਰ ਦੇ ਐਮ.ਐਲ.ਏ ਅਤੇ ਮੰਤਰੀਆਂ ਤੱਕ ਪਹੁੰਚ ਕੀਤੀ ਲੇਕਿਨ ਕਿਸੇ ਨੇ ਵੀ ਸਾਡੀ ਬਾਂਹ ਨਹੀ ਫੜ੍ਹੀ| ਉਹਨਾਂ ਦੱਸਿਆ ਕਿ ਅੱਜ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਅੰਮ੍ਰਿਤਸਰ ਜਿਲ੍ਹੇ ਦੇ ਸਾਰੇ ਕਾਲਜ ਪੂਰਨ ਤੌਰ ਤੇ ਬੰਦ ਰਹੇ ਅਤੇ ਅਧਿਆਪਕ ਅਤੇ ਬਾਕੀ ਅਮਲਾ ਜਿਲ੍ਹੇ ਦੀ ਰੈਲੀ ਵਿੱਚ ਸਾਮਲ ਹੋਏ| ਪ੍ਰੋ.ਸੇਖੋਂ ਨੇ ਦੱਸਿਆ ਕਿ ਪਹਿਲਾਂ ਅੱਜ ਸਰਕਾਰ ਦਾ ਅੰਮ੍ਰਿਤਸਰ ਜਿਲ੍ਹੇ ਵਿੱਚ ਪੁਤਲਾ ਸਾੜਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ, ਪ੍ਰੰਤੂ ਹੁਣ ਇਹ ਪ੍ਰੋਗਰਾਮ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਸਾਰੇ ਪੰਜਾਬ ਵਿੱਚ ਇੱਕੋ ਦਿਨ ਕੀਤਾ ਜਾਵੇਗਾ| ਇਸ ਲਈ ਅੰਮ੍ਰਿਤਸਰ ਜਿਲ੍ਹੇ ਵਿੱਚ ਵੀ ਇਸ ਪ੍ਰੋਗਰਾਮ ਨੂੰ ਅੱਗੇ ਪਾ ਦਿੱਤਾ ਗਿਆ ਹੈ|
ਉਹਨਾਂ ਕਿਹਾ ਕਿ ਜਿਲ੍ਹੇ ਦੇ ਬਾਕੀ ਕਾਲਜ ਯੂਨਿਟਾਂ ਦੇ ਪ੍ਰਧਾਨ ਜਿੰਨ੍ਹਾਂ ਵਿੱਚ ਪ੍ਰੋ. ਪੂਨਮ ਰਾਮਪਾਲ ਪ੍ਰਧਾਨ ਬੀ.ਬੀ.ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ, ਪ੍ਰੋ. ਸਤਵੰਤ ਪ੍ਰਧਾਨ ਡੀ.ਏ.ਵੀ ਕਾਲਜ ਆਫ ਐਜੂਕੇਸ਼ਨ, ਪ੍ਰੋ. ਐਸ.ਐਸ ਰੰਗੀ ਪ੍ਰਧਾਨ ਖਾਲਸਾ ਕਾਲਜ ਅੰਮ੍ਰਿਤਸਰ, ਪ੍ਰੋ.ਹਰਜਿੰਦਰ ਕੌਰ ਸਕੱਤਰ ਖਾਲਸਾ ਕਾਲਜ ਫਾਰ ਵੂਮੈਨ, ਪ੍ਰੋ. ਪ੍ਰੇਮ ਪ੍ਰਧਾਨ ਸਹਿਯਾਦਾ ਨੰਦ ਕਾਲਜ ਅਤੇ ਪ੍ਰੋ. ਡੀ.ਕੇ ਵਾਲੀਆ ਪ੍ਰਧਾਨ ਹਿੰਦੂ ਸਭਾ ਕਾਲਜ ਆਪਣੇ – ਆਪਣੇ ਕਾਲਜਾਂ ਵਿੱਚੋਂ ਵੱਡੇ ਪੱਧਰ ਤੇ ਸਟਾਫ ਨੂੰ ਨਾਲ ਲੈ ਕੇ ਭੰਡਾਰੀ ਪੁਲ ਉੱਪਰ ਧਰਨੇ ਵਿੱਚ ਸਾਮਲ ਹੋਏ| ਰੈਲੀ ਨੂੰ ਪ੍ਰੋ.ਸੇਖੋਂ ਤੋ ਇਲਾਵਾ ਰੈਲੀ ਨੂੰ ਪ੍ਰੋ.ਵਾਲੀਆ, ਪ੍ਰੋ.ਗੁਰਜੀਤ ਸਿੰਘ ਸਿੱਧੂ , ਪ੍ਰੋ.ਰੰਧਾਵਾ ਅਤੇ ਨਾਨ-ਟੀਚਿੰਗ ਦੇ ਸਕੱਤਰ ਸ੍ਰੀ ਰਾਜੀਵ ਸ਼ਰਮਾ ਨੇ ਵੀ ਸੰਬੋਧਨ ਕੀਤਾ|