December 19, 2011 admin

ਜਾਗੋ ! ਪੰਜਾਬੀ ਔਰਤੋ ਜਾਗੋ !!

ਮਰਣਿ ਨ ਮੂਰਤੁ ਪੁਛਿਆ
ਪੁਛੀ ਥਿਤਿ ਨ ਵਾਰੁ .  (ਸਾਰੰਗ, 1244)
ਕੋਈ ਤਾਂ ਮੈਨੂੰ ਦੱਸੋ 60 ਸਾਲ ਵਿੱਚ ਮਰ ਜਾਣਾ ਕਿਥੋਂ ਦਾ ਇਨਸਾਫ  ਹੈ ? 61 ਸਾਲ ਵੀ ਪੂਰਾ ਨਹੀਂ ਕਰਨ ਵਾਲੇ ਕੁਲਦੀਪ ਮਾਣਕ ਸਾਹਿਬ ਅਸੀਂ ਸਾਰਿਆਂ ਨੂੰ ਛੱਡ ਕੇ ਤੁਰ ਗਏ ….. ਤੁਰ ਹੀ ਨਹੀਂ ਗਏ ….. ਬਲਕਿ ਤੁਰਨ ਲਈ ਉਹਨਾਂ ਨੂੰ ਮਜ਼ਬੂਰ ਕੀਤਾ ਗਿਆ | ਹਰ ਥਾਂ ਤੇ ਸ਼ਰਾਬ ਦੇ ਠੇਕਿਆਂ ਨੂੰ ਬਣਾਉਣ ਵਾਲਿਆਂ ਨੂੰ ਪੁੱਛਣਾ ਪਵੇਗਾ ਕਿ ਕੌਣ ਹੈ, ਮਾਣਕ ਸਾਹਿਬ ਦੀ ਬੇਵਕਤ ਮੌਤ ਦੇ ਜਿੰਮੇਦਾਰ | ਉਹਨਾਂ ਨੂੰ ਪੁੱਛਣਾ ਪਵੇਗਾ ਜਿਨ੍ਹਾਂ ਨੇ ਮਾਣਕ ਸਾਹਿਬ ਲਈ ਪੈਗ ਬਣਾ ਕੇ ਹਰ ਪੈਗ ਵਿੱਚ ਸਾਥ ਦਿੱਤਾ | ਮਾਣਕ ਸਾਹਿਬ ਹੋਰ ਨਹੀਂ ਪੀਣਾ ਚਾਹੁੰਦੇ ਸਨ ਪਰ ਪੈਗ ਤੇ ਪੈਗ ਪਿਲਾ ਕੇ ਮਾਣਕ ਸਾਹਿਬ ਦੇ ਜਿਗਰ ਨੂੰ ਖਰਾਬ ਕਰਨ ਵਾਲਿਆਂ ਨੂੰ ਪੁੱਛਣਾ ਪਵੇਗਾ | ਉਹਨਾਂ ਨੂੰ ਵੀ ਪੁੱਛਣਾ ਪਵੇਗਾ, ਜਿਨ੍ਹਾਂ ਨੇ ‘ਘਰ ਦੀ ਸ਼ਰਾਬ ਹੋਵੇ’ ਗਾ ਕੇ ਹਰੇਕ ਘਰ ਦੇ ਵਿੱਚ ਮਹਾਸ਼ਰਾਬੀ ਪੈਦਾ ਕਰ ਦਿੱਤੇ | ਮਾਣਕ ਸਾਹਿਬ ਦੀ ਬੇਵਕਤ ਮੌਤ ਦੇ ਜਿੰਮੇਦਾਰਾਂ ਨੂੰ ਪੁਛੱਣਾ ਪਵੇਗਾ, ਕਿ ‘ਮਾਂ ਹੁੰਦੀ ਹੈ ਮਾਂ’ ਗਾਉਣ ਵਾਲੇ ਮਹਾਨ ਕਲਾਕਾਰ ਨੂੰ ਪੰਜਾਬ ਮਾਂ ਬੋਲੀ ਤੋਂ ਕਿਵੇਂ ਇੰਨੀ ਜਲਦੀ ਅਲਵਿਦਾ ਕਹਿ   ਦਿੱਤਾ | ਪੂਰੇ ਇਤਿਹਾਸ ਦੇ ਪੰਨੇ ਵਿੱਚ ਸ਼ਾਂਤ ਰਹਿਣ ਵਾਲੇ ਪੰਜਾਬੀ ਔਰਤਾਂ ਨੂੰ ਵੀ ਪੁੱਛਣਾ ਪਵੇਗਾ ਕਿ ਕੁਲਦੀਪ ਮਾਣਕ ਸਾਹਿਬ ਦੇ ਬੇਵਕਤ ਮੌਤ ਦੇ ਜਿੰਮੇਵਾਰ ਕੌਣ ਹਨ |
ਇਤਿਹਾਸ ਦੇ ਕੋਈ ਵੀ ਪੰਨੇ ਵਿੱਚ ‘ਹੱਲਾ-ਬੋਲ’ ਕਹਿ ਕੇ ਨਹੀਂ ਗਰਜਨ ਵਾਲੀ ਪੰਜਾਬੀ ਔਰਤ, ਦੱਖਣੀ ਭਾਰਤ ਦੀ ਔਰਤ ਦੀ ਕ੍ਰਾਂਤੀਕਾਰੀ ਸੋਚ ਨੂੰ ਪੜ੍ਹਨਾ ਚਾਹੀਦਾ ਹੈ | ਕਿਉਂਕਿ ਕਦੇ ਦੱਖਣੀ ਭਾਰਤੀ ਵੀ ਸ਼ਰਾਬ ਦੇ ਜਾਲ ਵਿੱਚ ਫਸ ਗਏ ਸਨ | ਸਭ ਤੋਂ ਵੱਧ ਸ਼ਰਾਬ ਦੱਖਣ ਭਾਰਤ ਦੇ ਲੋਕ ਹੀ ਪੀਂਦੇ ਸਨ | ਸ਼ਰਾਬ ਪੀ ਕੇ ਔਰਤਾਂ ਦੇ ਖਿਲਾਫ ਜੁਲਮ ਕਰਦੇ ਸਨ | ਸ਼ਰਾਬੀ ਪਤੀਆਂ ਤੋਂ ਹਿੰਸਾ ਨਾ ਸਹਿਣ ਵਾਲੇ ਦੱਖਣ ਭਾਰਤ ਦੀਆਂ ਔਰਤਾਂ ਨੇ ਸ਼ਰਾਬ ਦੇ ਖਿਲਾਫ ਅਵਾਜ਼ ਉਠਾਈ | ਅਵਾਜ਼ ਇੰਨੀ ਬੁਲੰਦ ਸੀ ਕਿ ਸਾਰੀ ਦੁਨੀਆਂ ਨੇ ਉਹਨਾਂ ਦੀ ਅਵਾਜ਼ ਸੁਣ ਲਈ | ਉਥੇ ਦੀਆਂ ਸਾਰੀਆਂ ਔਰਤਾਂ ਨੇ ਮਿਲ ਕੇ ਫੈਸਲਾ ਕੀਤਾ ਸੀ ਕਿ ਜਿਹੜਾ ਵੀ ਸ਼ਰਾਬ ਪੀ ਕੇ ਪਿੰਡ ਵਿੱਚ ਆਉਂਦਾ ਹੈ, ਉਹਨਾਂ ਨੂੰ ਸਾਰੀਆਂ ਔਰਤਾਂ ਨੇ ਮਿਲ ਕੇ ਝਾੜੂ ਤੇ ਚੱਪਲਾਂ ਨਾਲ ਕੁੱਟਣਾ ਹੈ | ਔਰਤਾਂ ਦਾ ਇਹ ਅੰਦੋਲਨ ਇਸ ਹੱਦ ਤੱਕ ਪਹੁੰਚ ਗਿਆ ਸੀ ਕਿ ਹਰ ਘਰ ਤੋਂ ਝਾੜੂ ਤੇ ਚੱਪਲ ਦੀ ਮਾਲਾ ਅੰਦੋਲਨ ਦਾ ਹਿੱਸਾ ਬਣ ਗਏ ਸਨ | ਸਰਵ ਜਨਕ ਵਿੱਚ ਔਰਤ ਤੋਂ ਮਾਰ ਖਾਏ ਹੋਏ ਬੇਸ਼ਰਮ ਸ਼ਰਾਬੀ ਪੁਰਸ਼ ਪ੍ਰਧਾਨ ਸਮਾਜ ਇਸ ਅੰਦੋਲਨ ਤੋਂ ਹਾਰ ਗਿਆ | ਸਰਕਾਰ ਨੇ ਵੀ ਔਰਤ ਦੇ ਇਸ ਮਜ਼ਬੂਤ ਅੰਦੋਲਨ ਤੋਂ ਹਾਰ ਕੇ ਸ਼ਰਾਬ ਬੇਚਣਾ ਹੀ ਨਿਸ਼ੇਦ ਕਰ ਦਿੱਤਾ ਸੀ | ਮੈਂ ਪੁੱਛਦਾ ਹਾਂ ਕਿ ਸ਼ਰਾਬ ਦੇ ਖਿਲਾਫ ਇਹੋ ਜਿਹਾ ਔਰਤਾਂ ਦਾ ਅੰਦੋਲਨ ਪੰਜਾਬ ਵਿੱਚ ਅੱਜ ਤੱਕ ਕਿਂਉਂ ਨਹੀਂ ਹੋਇਆ ? ਬਚਪਨ ਤੋਂ ਹੀ, ਗੁਰੂਆਂ ਦੇ ਤਿਆਗ ਅਤੇ ਬਹਾਦੁਰੀ ਦੀਆਂ ਕਹਾਣੀਆਂ ਸੁਨਣ ਵਾਲੀਆਂ ਪੰਜਾਬੀ ਔਰਤਾਂ ਦੇ ਦਿਮਾਗ ਵਿੱਚ ਸ਼ਰਾਬ ਦੇ ਖਿਲਾਫ ਲੜਨ ਦੀ ਸੋਚ ਹੁਣ ਤੱਕ ਕਿਉਂ ਨਹੀਂ ਪੈਦਾ ਹੋਈ ? ਮੈਨੂੰ ਤਾਂ ਲਗਦਾ ਹੈ ਕਿ ਪੰਜਾਬੀ ਔਰਤ ਨਾ ਸਿਰਫ ਇਤਿਹਾਸ ਦੇ ਪੰਨੇ ਵਿੱਚ ਸ਼ਾਂਤ ਸੀ, ਬਲਕਿ ਦੇਸ਼ ਦੀ ਵੰਡ ਦੇ ਵਕਤ ਵੀ ਚੁੱਪ ਸੀ | ਆਤੰਕਵਾਦ ਦੇ ਵਕਤ ਵੀ ਚੁੱਪ ਸੀ | ਪਰ ਕੀ ਆਧੁਨਿਕ ਯੁੱਗ ਦੇ ਵਗਦੇ ਛੇਵਾਂ ਦਰਿਆ ‘ਸ਼ਰਾਬਪਨ’ ਦੇ ਖਿਲਾਫ ਵੀ ਪੰਜਾਬੀ ਔਰਤ ਚੁੱਪ ਰਹੇਗੀ ? ਇਤਿਹਾਸ ਵਿੱਚ ਮਾਈ ਭਾਗੋ ਨੂੰ ਛੱਡ ਕੇ ਹੋਰ ਕੋਈ ਵੀ ਤਲਵਾਰ ਨਾ ਉਠਾਉਣ ਵਾਲੀ ਪੰਜਾਬੀ ਔਰਤ ਨੂੰ, ਅਧੁਨਿਕ ਕਾਲ ਵਿੱਚ ਸ਼ਰਾਬੀ ਪੁਰਸ਼ ਪ੍ਰਧਾਨ ਸਮਾਜ ਦੇ ਖਿਲਾਫ ਘੱਟੋ-ਘੱਟ ਝਾੜੂ-ਚੱਪਲ ਤਾਂ ਉਠਾਣੀ ਪਵੇਗੀ | ਸ਼ਰਾਬ ਪੀ ਕੇ ਪਵਿੱਤਰ ਪੰਜਾਬ ਨੂੰ ਅਪਵਿੱਤਰ ਕਰਨ ਵਾਲੇ ਸ਼ਰਾਬੀ ਤਾਂ ਤਲਵਾਰ ਦੀ ਮਾਰ ਨੂੰ ਖਾਣ ਦੀ ਹੈਸੀਅਤ ਵੀ ਨਹੀਂ ਰੱਖਦੇ, ਪਰ ਝਾੜੂ-ਚੱਪਲ ਦੀ ਮਾਰ ਨੂੰ ਖਾਣ ਲਈ, ਪੂਰੀ ਦੀ ਪੂਰੀ ਹੈਸੀਅਤ ਰੱਖਦੇ ਹਨ | ਓ ਮੇਰੇ ਪੰਜਾਬੀ ਭੈਣੋਂ, ਤੁਸੀਂ ਸਾਰੀਆਂ ਨੇ ਇਕੱਠਾ ਹੋ ਕੇ ਉਹਨਾਂ ਨੂੰ ਕੁੱਟਣਾ ਨਹੀਂ, ਪਰ ਝਾੜੂ-ਚੱਪਲ ਜ਼ਰੂਰ ਦਿਖਾਓ |  ਉਹਨਾਂ ਨੂੰ ਵੀ ਚੱਪਲ ਦੇ ਰੰਗ ਦਿਖਾਓ, ਜਿਨ੍ਹਾਂ ਨੇ ਸ਼ਰਾਬੀ ਗਾਣੇ ਲਿਖ ਕੇ ਮਾਸੂਮ ਲੋਕਾਂ ਨੂੰ ਵੀ ਵਿਆਹਾਂ ਵਿੱਚ ਨਚਾਇਆ | ਤੇ ਉਹਨਾਂ ਕਲਮਕਾਰਾਂ ਨੂੰ ਵੀ ਨਹੀਂ ਛੱਡਣਾ ਜਿਨ੍ਹਾਂ ਨੇ ਕਲਮ ਦੀ ਸਿਆਹੀ ਨੂੰ ਵੀ ਸ਼ਰਾਬੀ ਸਿਆਹੀ ਬਣਾ ਕੇ ਕਲਮ ਦੀ ਤਾਕਤ ਨੂੰ ਵੀ ਸ਼ਰਾਬੀ ਬਣਾ ਦਿੱਤਾ |
ਜੇਕਰ ਅਹਿੰਸਾਵਾਦੀ ਲੋਕ ਇਹ ਕਹਿਣਗੇ ਕਿ ਇਹ ਸਾਰੀ ਗੱਲ ਹਿੰਸਾ ਦੇ ਪ੍ਰਤੀਕ ਹੈ ਤੇ ਹਿੰਸਾਂ ਗੈਰ ਕਾਨੂੰਨੀ ਹੈ ਤਾਂ ਉਹਨਾਂ ਨੂੰ ਤੁਸੀਂ ਜ਼ਰੂਰ ਪੁੱਛੋ ‘ਸ਼ਰਾਬ ਪੀ ਕੇ ਪਤਨੀ ਨੂੰ ਮਾਰਨਾ-ਕੁੱਟਣਾ ਹਿੰਸਾ ਨਹੀਂ ਸੀ ?’ ਸ਼ਰਾਬ ਪੀ-ਪੀ ਕੇ ਮਰ ਜਾਣ ਤੋਂ ਬਾਦ ਘਰ ਦੀ ਜਿੰਮੇਵਾਰੀ ਨੂੰ ਬੇਸਹਾਰਾ ਪਤਨੀ ਤੇ ਛੱਡ ਕੇ ਰਾਮ ਨਾਮ ਸੱਤ ਹੈ ਹੋ ਜਾਣ ਵਾਲੇ ਪਤੀ ਦੀ ਇਹ ਹਿੰਸਾ ਨਹੀਂ ਹੈ ? ਹਰ ਥਾਂ ਤੇ ਸ਼ਰਾਬ ਦੇ ਠੇਕੇ ਬਣਾ ਕੇ ਮਾਸੂਮ ਲੋਕਾਂ ਦੇ ਜਿਗਰ-ਗੁਰਦਾ ਖਰਾਬ ਕਰਨਾ ਹਿੰਸਾਂ ਨਹੀਂ ਹੈ ? ਹਿੰਸਾਂ ਦੀ ਪਰਿਭਾਸ਼ਾ ਇਹਨਾਂ ਨੂੰ ਜ਼ਰੂਰ ਪੁੱਛੋ |
ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਂਉਂਦੇ ਹਨ:-
ਬਾਬਾ ! ਹੋਰੁ ਖਾਣਾ ਖੁਸੀ ਖੁਆਰੁ
ਜਿਤੁ ਖਾਧੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ,   (ਸਿਰੀ, 16)
ਮੇਰੇ ਸਤਿਗੁਰੂ ਜੀ ਸਾਫ-ਸਾਫ ਸੰਦੇਸ਼ ਦਿੰਦੇ ਹਨ ਕਿ ਸ਼ਰੀਰ ਤੇ ਮਾਨਸਿਕ ਸਥਿੱਤੀ ਨੂੰ ਹਾਨੀ ਪਹੁਚਾਉਣ ਵਾਲੀ ਐਸੀ ਕੋਈ ਵੀ ਚੀਜ਼ ਪੀਣੀ ਤੇ ਖਾਣੀ ਨਹੀਂ ਚਾਹੀਦੀ | ਪਰ ਪੁਰਸ਼ ਪ੍ਰਧਾਨ ਸਮਾਜ ਨੇ ਹੁਣ ਤੱਕ ਗੁਰੂਆਂ ਦੀ ਬਾਣੀ ਨੂੰ ਸਮਝਿਆ ਹੀ ਨਹੀਂ | ਪੂਰੇ ਇਤਿਹਾਸ ਵਿੱਚ ਪੁਰਸ਼ ਪ੍ਰਧਾਨ ਸਮਾਜ ਨੇ ਔਰਤ ਅਤੇ ਸ਼ਰਾਬ ਨੂੰ ਮੌਜ ਦੀ ਵਸਤੂ ਬਣਾ ਰੱਖਿਆ ਹੈ | ਇਸ ਲਈ ਮੇਰੇ ਸੱਤਗੁਰੂ ਦੀ ਇਸ ਬਾਣੀ ਨੂੰ ਹਰੇਕ ਸ਼ਰਾਬੀ ਦੇ ਕੰਨ ਪਕੜ ਕੇ ਨਹੀਂ ਸਮਝਾਣਾ, ਬਲਕਿ ਤੁਹਾਡੇ ਕੋਮਲ ਮੰਨ ਤੋਂ ਸਮਝਾਉਣਾ ਹੈ | ਜੇਕਰ ਇਹ ਸ਼ਰਾਬੀ ਲੋਕ ਫਿਰ ਵੀ ਨਾ ਸਮਝੇ ਤਾਂ ਸਾਰਿਆਂ ਨੇ ਇੱਕਠੇ ਹੋ ਕੇ ਝਾੜੂ ਤੇ ਚੱਪਲ ਦਾ ਅੰਦੋਲਨ ਸ਼ੁਰੂ ਕਰਨਾ ਹੈ ਤਾਂਕਿ ਕੁਲਦੀਪ ਮਾਣਕ ਵਰਗੇ ਅਨਮੋਲ ਰਤਨ ਬੇ-ਵਕਤ ਮੌਕੇ ਸ਼ਰਾਬ ਦੀ ਭੇਂਟ ਨਾ ਚੜ੍ਹਨ | ‘ਮਾਂ ਹੁੰਦੀ ਹੈ ਮਾਂ’ ਗਾ ਕੇ ਤੁਹਾਡਾ ਦਰਜ਼ਾ ਸਰਵਉਚ ਕਰਨ ਵਾਲੇ ਮਾਣਕ ਸਾਹਿਬ ਦੀ ਆਤਮਾ ਨੂੰ ਸ਼ਾਂਤੀ ਦੇਣ ਲਈ ਤੁਹਾਡੇ ਅੰਦੋਲਨ ਦੀ ਲੋੜ ਹੈ | ਇਹ ਅੰਦੋਲਨ ਪੁਰਸ਼ ਕਦੇ ਵੀ ਨਹੀਂ ਕਰ  ਸਕਦਾ | ਤਬਦੀਲੀਆਂ ਤੁਹਾਡੇ ਅੰਦੋਲਨ ਤੋਂ ਹੀ ਹੋ ਸਕਦੀਆਂ ਹਨ | ਜਾਗੋ ਆਈ ਜਾਗੋ ਗਾ ਕੇ ਪੁਰਸ਼ ਦੇ ਵਿਆਹ ਵਿੱਚ ਪੂਰੀ ਰਾਤ ਸਭ ਨੂੰ ਜਗਾਉਣ ਵਾਲੀ ਪੰਜਾਬੀ ਔਰਤ ਨੂੰ ਖੁਦ ਜਾਗਣ ਦੀ ਲੋੜ ਹੈ | ਇਸ ਲਈ  ਜਾਗੋ ! ਪੰਜਾਬੀ ਔਰਤੋ ਜਾਗੋ !!
ਪ੍ਰੋ. ਪੰਡਤ ਰਾਓ ਧਰੈਨੱਵਰ
ਸਰਕਾਰੀ ਕਾਲਜ, ਸੈਕਟਰ 46, ਚੰਡੀਗੜ੍ਹ |
ਮੋਬਾਇਲ ਨੰ.: 9988351695
ਈਮੇਲ: ਬਚਅਹ.ਲਜ|ਠ.ਲਰ;ਜ“ਖ.ੀਰਰ|ਫਰਠ
ਨੋਟ: ਪ੍ਰੋ. ਪੰਡਤਰਾਓ ਧਰੈਨੱਵਰ ਕਰਨਾਟਕ ਤੋਂ ਹੈ ਪਰ ਪੰਜਾਬੀ ਭਾਸ਼ਾ ਸਿਖ ਕੇ ਹੁਣ ਤੱਕ ਉਹ 8 ਕਿਤਾਬਾਂ ਪੰਜਾਬੀ ਵਿੱਚ ਲਿਖ ਚੁੱਕੇ ਹਨ ਤੇ ‘ਸ਼੍ਰੀ ਜਪੁਜੀ ਸਾਹਿਬ’, ਸ਼੍ਰੀ ਸੁਖਮਨੀ ਸਾਹਿਬ’ ਦਾ ਕੰਨੜ ਭਾਸ਼ਾ ਵਿੱਚ ਤਰਜਮਾ ਕਰ ਚੁੱਕੇ ਹਨ) |

Translate »