December 19, 2011 admin

ਬਰਾੜ ਤੇ ਢਿੱਲੋਂ ਦੀ ਕਾਂਗਰਸ ‘ਚ ਸ਼ਮੂਲੀਅਤ ਸ਼ਹੀਦਾਂ ਦੀ ਮਿੱਟੀ ਨਾਲ ਵਾਪਰਿਆ ਦੁਖ਼ਦ ਹਾਦਸਾ-ਮਜੀਠੀਆ

ਚੰਡੀਗੜ੍ਹ,19 ਦਸੰਬਰ-ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੀਪਲਜ਼ ਪਾਰਟੀ ਦੇ ਮੁੱਖੀ ਮਨਪ੍ਰੀਤ ਸਿੰਘ ਬਾਦਲ ਦੀਆਂ ਸੱਜੀਆਂ-ਖੱਬੀਆਂ ਬਾਹਵਾਂ ਜਗਬੀਰ ਸਿੰਘ ਬਰਾੜ ਤੇ ਕੁਸ਼ਲਦੀਪ ਸਿੰਘ ਢਿੱਲੋਂ ਦੀ ਕਾਂਗਰਸ ਵਿੱਚ ਸ਼ਮੂਲੀਅਤ ਨੂੰ ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖ਼ਟਕੜ ਕਲਾਂ ਦੀ ਮਿੱਟੀ ਨਾਲ ਹੁਣ ਤੱਕ ਵਾਪਰਿਆ ਸਭ ਤੋਂ ਵੱਡਾ ਦੁਖ਼ਦਾਈ ਹਾਦਸਾ ਕਰਾਰ ਦਿੱਤਾ ਹੈ।
   ਅੱਜ ਇੱਥੇ ਜਾਰੀ ਇੱਕ ਬਿਆਨ ਰਾਹੀਂ ਮਜੀਠੀਆ ਨੇ ਕਿਹਾ ਕਿ ਜਗਬੀਰ ਸਿੰਘ ਬਰਾੜ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਦੁਆਰਾ ਇਸੇ ਵਰ੍ਹੇ ਮਾਰਚ ਮਹੀਨੇ ਦੌਰਾਨ ਹਜ਼ਾਰਾਂ ਲੋਕਾਂ ਦੇ ਸਾਹਮਣੇ ਖ਼ਟਕੜ ਕਲਾਂ ਦੀ ਮਿੱਟੀ ਨੂੰ ਮੱਥੇ ਨਾਲ ਲਾ ਕੇ ਵੱਡਾ ਸਿਆਸੀ ਪ੍ਰਪੰਚ ਰਚੇ ਜਾਣ ਦੀਆਂ ਖ਼ਬਰਾਂ ਦੀ ਅਜੇ ਸਿਆਹੀ ਵੀ ਨਹੀਂ ਸੁੱਕੀ ਕਿ ਇਹਨਾਂ ਆਗੂਆਂ ਨੇ ਇਕ ਹੋਰ ਸਿਆਸੀ ਕਲਾਬਾਜ਼ੀ ਕਰ ਵਿਖਾਈ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਸ ਵੇਲੇ ਵੀ ਇਹੋ ਸਟੈਂਡ ਸੀ ਕਿ ਸਿਆਸੀ ਮੁਫ਼ਾਦ ਲਈ ਸ਼ਹੀਦਾਂ ਦੀ ਮਿੱਟੀ ਮੱਥਿਆਂ ਨਾਲ ਲਾ ਕੇ ਜਜ਼ਬਾਤੀ ਡਰਾਮਾ ਰਚਣ ਵਾਲੇ ਆਗੂ ਲੋਕਾਂ ਜਾਂ ਲੋਕ-ਮੁੱਦਿਆਂ ਪ੍ਰਤੀ ਕਦੇ ਵੀ ਸੰਜੀਦਾ ਤੇ ਸੁਹਿਰਦ ਨਹੀਂ ਹੋ ਸਕਦੇ। ਬਰਾੜ ਅਤੇ ਢਿੱਲੋਂ ਦੀ ਪੁੱਠੀ ਛਾਲ ਨੇ ਅਕਾਲੀ ਦਲ ਦੇ ਸਟੈਂਡ ਦੀ ਪੁਸ਼ਟੀ ਤਾਂ ਜ਼ਰੂਰ ਕੀਤੀ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਇਹਨਾਂ ਦੋਵ੍ਹਾਂ ਨੇ ਸ਼ਹੀਦਾਂ ਦੀ ਧਰਤੀ ‘ਤੇ ਚੁੱਕੀਆਂ ਸਹੁੰਆਂ ਦਾ ਵੀ ਨਿਰਾਦਰ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਜਿਹੜੇ ਮਹਾਨ ਸ਼ਹੀਦਾਂ ਨੇ ਗੋਰੇ ਅੰਗਰੇਜ਼ਾਂ ਖਿਲਾਫ਼ ਲੜਦਿਆਂ ਅਤੇ ਇੱਕ ਲੁਕਵੇਂ ਸਿਆਸੀ ਸੌਦੇ ਰਾਹੀਂ ਦੇਸ਼ ਦੀ ਸੱਤਾ ਹਾਸਲ ਕਰਨ ਵਾਲੇ ਕਾਂਗਰਸ ਰੂਪੀ ਕਾਲੇ ਅੰਗਰੇਜ਼ਾਂ ਤੋਂ ਬਚ ਕੇ ਰਹਿਣ ਲਈ ਸੁਚੇਤ ਕਰਦਿਆਂ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ ਸਨ, ਪੀਪਲਜ਼ ਪਾਰਟੀ ਦੇ ਇਹਨਾਂ ਉਡਾਰੂਆਂ ਨੇ ਉਹਨਾਂ ਸ਼ਹੀਦਾਂ ਦੀ ਮਿੱਟੀ ਦੀ ਸਹੁੰ ਨੂੰ ਉਹਨਾਂ ਹੀ ਕਾਲੇ-ਅੰਗਰੇਜ਼ਾਂ ਦੀ ਝੋਲੀ ਪਾਉਣ ਦਾ ਕਾਰਨਾਮਾ ਕਰ ਵਿਖਾਇਆ ਹੈ।
         ਮਜੀਠੀਆ ਨੇ ਕੱਲ੍ਹ ਕਿੱਲੀ ਚਹਿਲ ਮੋਗਾ ਵਿਖੇ ਪੰਜਾਬ ਦੇ ਸਿਆਸੀ ਇਤਿਹਾਸ ਦੀ ਹੋਈ ਸਭ ਤੋਂ ਵੱਡੀ ਰੈਲੀ ਨੂੰ ਕਾਮਯਾਬ ਕਰਨ ਲਈ ਸਮੂਹ ਪੰਜਾਬੀਆਂ,ਅਕਾਲੀ ਤੇ ਯੂਥ ਅਕਾਲੀ ਵਰਕਰਾਂ,ਆਗੂਆਂ ਅਤੇ ਆਮ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਹਾਂ-ਰੈਲੀ ਨੇ ਪੰਜਾਬ ‘ਚ ਮੁੜ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗ਼ਵਾਈ ਹੇਠ ਅਕਾਲੀ-ਭਾਜਪਾ ਸਰਕਾਰ ਦੇ ਗਠਨ ‘ਤੇ ਮੋਹਰ ਲਾ ਦਿੱਤੀ ਹੈ। ਉਹਨਾਂ ਕਿਹਾ ਕਿ ਰਾਜ ਦੇ ਲੋਕ ਐਤਕੀਂ ‘ਰਾਜ ਨਹੀਂ ਸਗੋਂ ਸਰਕਾਰਾਂ ਬਦਲਣ ਦਾ ਰਿਵਾਜ਼ ਬਦਲਣਗੇ।”

Translate »