ਲੁਧਿਆਣਾ: 19 ਦਸੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਪਨਸਪ ਦੇ 51 ਅਧਿਕਾਰੀਆਂ ਲਈ ਵਿਸ਼ੇਸ਼ ਸਿਖਲਾਈ ਕੋਰਸ ਦਾ ਉਦਘਾਟਨ ਕਰਦਿਆਂ ਕਿਹਾ ਹੈ ਕਿ ਅਨਾਜ ਉਤਪਾਦਨ ਵਧਾਉਣ ਵਾਂਗ ਹੀ ਸਾਨੂੰ ਅਨਾਜ ਸੰਭਾਲ ਵਿਧੀਆਂ ਬਾਰੇ ਵੀ ਸੁਚੇਤ ਹੋਣ ਦੀ ਲੋੜ ਹੈ। ਉਨ•ਾਂ ਆਖਿਆ ਕਿ ਦੇਸ਼ ਦੀ ਅਨਾਜ ਸੁਰੱਖਿਆ ਲਈ ਜਿਥੇ ਵਿਗਿਆਨੀ ਅਤੇ ਕਿਸਾਨ ਰਲ ਕੇ ਉਤਪਾਦਨ ਰਾਹੀਂ ਵਿਸੇਸ਼ ਯੋਗਦਾਨ ਪਾ ਰਹੇ ਹਨ ਉਥੇ ਅਨਾਜ ਸੰਭਾਲ ਏਜੰਸੀਆਂ ਨੂੰ ਵੀ ਨਵੀਨਤਮ ਢੰਗ ਅਪਣਾਉਣੇ ਚਾਹੀਦੇ ਹਨ ਤਾਂ ਜੋ ਪੈਦਾ ਹੋਇਆ ਅਨਾਜ ਕਿਸੇ ਲੋੜਵੰਦ ਦੇ ਮੂੰਹ ਪਵੇ। ਉਨ•ਾਂ ਆਖਿਆ ਕਿ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਇਸ ਸੰਬੰਧੀ ਕਰਵਾਏ ਜਾਂਦੇ ਸਿਖਲਾਈ ਕੋਰਸਾਂ ਤੋਂ ਬਾਅਦ ਵੀ ਪਨਸਪ ਅਤੇ ਹੋਰ ਏਜੰਸੀਆਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਯੂਨੀਵਰਸਿਟੀ ਨਾਲ ਸੰਪਰਕ ਰੱਖਣਾ ਚਾਹੀਦਾ ਹੈ।
ਖੇਤੀਬਾੜੀ ਵਣਜ ਪ੍ਰਬੰਧ ਅਤੇ ਮੰਡੀਕਰਨ ਬਾਰੇ ਡਾ: ਸੰਦੀਪ ਕਪੂਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਪਣੀ ਉਪਜ ਦਾ ਮੰਡੀਕਰਨ ਕਰਕੇ ਕੁਝ ਕਿਸਾਨ ਭਰਾ ਆਪਣੀ ਕਮਾਈ ਵਧਾ ਰਹੇ ਹਨ ਪਰ ਖਰੀਦ ਏਜੰਸੀਆਂ ਨੂੰ ਵੀ ਇਸ ਸੰਬੰਧੀ ਉਤਪਾਦਕਾਂ ਨੂੰ ਚੇਤੰਨ ਕਰਨਾ ਚਾਹੀਦਾ ਹੈ। ਡਾ: ਤਰਸੇਮ ਚੰਦ ਨੇ ਅਨਾਜ ਦੀ ਭੰਡਾਰਨ ਵਿਧੀ ਅਤੇ ਅਨਾਜ ਭੰਡਾਰ ਪੈਮਾਨਿਆਂ ਬਾਰੇ ਵਿਚਾਰ ਪੇਸ਼ ਕੀਤੇ। ਕੋਰਸ ਕੋਆਰਡੀਨੇਟਰ ਡਾ: ਤੇਜਿੰਦਰ ਸਿੰਘ ਰਿਆੜ ਨੇ ਤਣਾਓ ਮੁਕਤ ਮਾਹੌਲ ਵਿੱਚ ਕੰਮ ਕਾਰ ਕਰਨ ਬਾਰੇ ਵਿਚਾਰ ਪੇਸ਼ ਕੀਤੇ। ਪਨਸਪ ਦੇ ਜ਼ੋਨਲ ਮੈਨੇਜਰ ਸ: ਸ਼ੇਰ ਸਿੰਘ, ਸ: ਹਰਪ੍ਰੀਤ ਸਿੰਘ ਅਤੇ ਡਾ: ਰੁਪਿੰਦਰ ਕੌਰ ਤੂਰ ਨੇ ਵੀ ਸੰਬੋਧਨ ਕੀਤਾ।