December 19, 2011 admin

ਕ੍ਰਾਈਮ ਰਿਪੋਰਟਰ ਸ੍ਰ: ਮਹਿੰਦਰਪਾਲ ਸਿੰਘ ਤੇ ਹੋਏ ਕਾਤਲਾਨਾ ਹਮਲੇ ਦੀ ਸਖਤ ਨਿਖੇਧੀ

ਅੰਮ੍ਰਿਤਸਰ:- ਅੰਮ੍ਰਿਤਸਰ ਵਿਕਾਸ ਮੰਚ ਨੇ ਪੰਜਾਬੀ ਜਾਗਰਣ ਦੇ ਕ੍ਰਾਈਮ ਰਿਪੋਰਟਰ ਸ੍ਰ:  ਮਹਿੰਦਰਪਾਲ ਸਿੰਘ ਤੇ ਹੋਏ ਕਾਤਲਾਨਾ ਹਮਲੇ ਦੀ ਸਖਤ ਨਿਖੇਧੀ ਕਰਦੇ ਹੋਏ ਮੰਗ ਕੀਤੀ ਹੈ ਕਿ ਜਿੱਥੇ ਦੋਸ਼ੀਆਂ ਨੂੰ ਫੌਰੀ ਫੜ੍ਹ ਕੇ ਸਖਤ ਸਜਾ ਦਿੱਤੀ ਜਾਵੇ, ਉਥੇ ਗੁਰੂ ਕੀ ਨਗਰੀ ਵਿੱਚ ਜੰਗਲੀ ਰਾਜ ਖਤਮ ਕਰਕੇ ਕਾਨੂੰਨ ਦਾ ਰਾਜ ਕਾਇਮ ਕੀਤਾ ਜਾਵੇ ਤੇ ਇੱਥੋਂ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਜੁਆਬਦੇਹ ਬਣਾਇਆ ਜਾਵੇ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਮੰਚ ਦੇ ਪ੍ਰਧਾਨ ਸ੍ਰੀ ਅੰਮ੍ਰਿਤ ਲਾਲ ਮੰਨਣ, ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਅਤੇ ਪ੍ਰੈਸ ਸਕੱਤਰ ਸ੍ਰ: ਲਖਬੀਰ ਸਿੰਘ ਘੁੰਮਣ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਜਦ ਪੁਲਿਸ ਕਮਿਸ਼ਨਰ ਪ੍ਰਣਾਲੀ ਸ਼ੁਰੂ ਕੀਤੀ ਗਈ ਸੀ ਤਾਂ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਜਿੰਨ੍ਹਾਂ ਪਾਸ ਗ੍ਰਹਿ ਵਿਭਾਗ ਜਿਸ ਅਧੀਨ ਪੁਲਿਸ ਆਉਂਦੀ ਹੈ ਨੇ ਕਿਹਾ ਸੀ ਕਿ ਇਸ ਨਾਲ ਪੁਲਿਸ ਅਧਿਕਾਰੀਆਂ ਨੂੰ ਮੈਜਿਸਟਰੇਟੀ ਤਾਕਤਾਂ ਮਿਲਣ ਨਾਲ ਅਮਨ ਕਾਨੂੰਨ ਵਿੱਚ ਕ੍ਰਾਂਤੀਕਾਰੀ ਤਬਦੀਲੀ ਆਵੇਗੀ, ਪਰ ਇਹ ਪੁਲਿਸ ਕਮਿਸ਼ਨਰ ਪ੍ਰਣਾਲੀ ਬਿਲਕੁੱਲ ਅਸਫਲ ਰਹੀ ਹੈ। ਦਿਨ ਦਿਹਾੜੇ ਲੁੱਟਾਂ, ਖੋਹਾਂ, ਚੇਨੀ ਝਪਟਮਾਰਾਂ ਤੇ ਅਵਾਰਾਗਰਦੀਆਂ ਦਾ ਰਾਜ ਹੈ। ਇੱਥੇ ਕਿਸੇ ਦੀ ਜਾਨ ਸੁਰੱਖਿਅਤ ਨਹੀਂ। ਵਿਦੇਸ਼ਾਂ ਅਤੇ ਦੂਜੇ ਸੂਬਿਆਂ ਤੋਂ ਯਾਤਰੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ, ਪਰ ਉਹ ਆਪਣੇ ਪਰਸ ਖੁਆ ਕੇ ਚਲੇ ਜਾਂਦੇ ਹਨ। ਸ੍ਰ: ਮਹਿੰਦਰਪਾਲ ਸਿੰਘ ਤੇ ਹਮਲਾ ਇਸ ਜੰਗਲ ਦੇ ਰਾਜ ਦੀ ਮੂੰਹ ਬੋਲਦੀ ਤਸਵੀਰ ਹੈ। ਜੇ ਪੱਤਰਕਾਰ ਸੁਰੱਖਿਅਤ ਨਹੀਂ ਤਾਂ ਆਮ ਜਨਤਾ ਦੀ ਹਾਲਤ ਦਾ ਇੱਥੋਂ ਅੰਦਾਜਾ ਲਗਾਇਆ ਜਾ ਸਕਦਾ ਹੈ। ਮੰਚ ਆਗੂਆਂ ਨੇ ਉਪ ਮੁੱਖ ਮੰਤਰੀ ਸ੍ਰ:ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ਉਹ ਗੁਜਰਾਤ ਅਤੇ ਬਿਹਾਰ ਵਾਂਗ ਪੰਜਾਬ ਵਿੱਚ ਇਸ ਸਮੇਂ ਚੱਲ ਰਹੀ ਗੁੰਡਾ ਗੁਰਦੀ ਦਾ ਰਾਜ ਖਤਮ ਕਰਨ ਲਈ ਨਿੱਜੀ ਦਿਲਚਸਪੀ ਲੈਣ। ਜੇ ਪੰਜਾਬ ਵਿੱਚ ਬਿਹਾਰ ਅਤੇ ਗੁਜਰਾਤ ਵਾਂਗ ਕਾਨੂੰਨ ਦਾ ਰਾਜ ਕਾਇਮ ਹੋ ਜਾਵੇ ਤਾਂ ਜਿੱਥੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਹੋਵੇਗੀ, ਉਥੇ ਆਉਂਦੀਆਂ ਚੋਣਾਂ ਵਿੱਚ ਇਸ ਦਾ ਅਕਾਲੀ ਭਾਜਪਾ ਗਠਜੋੜ ਨੂੰ ਲਾਭ ਵੀ ਹੋਵੇਗਾ।

Translate »