ਅੰਮ੍ਰਿਤਸਰ: 19 ਦਸੰੰਬਰ:ਜ਼ਿਲਾ੍ਹ ਰੈੱਡ ਕਰਾਸ ਵਿਖੇ ਸਥਾਪਿਤ ਪੰਘੂੜੇ ਵਿੱਚ ਅੱਜ ਇੱਕ ਹੋਰ ਬੱਚੀ ਦੀ ਆਮਦ ਹੋਈ ਹੈ, ਜਿਸ ਦੀ ਉਮਰ ਲੱਗਭਗ 11 ਮਹੀਨੇ ਦੀ ਲਗਦੀ ਹੈ, ਜੋ ਕਿਸੇ ਅਣਜਾਨ ਵਿਅਕਤੀ ਵੱਲੋਂ ਪੰਘੂੜੇ ਵਿੱਚ ਪਾਈ ਗਈ। ਇਹ ਜਾਣਕਾਰੀ ਸ੍ਰੀਮਤੀ ਰਿਤੂ ਅਗਰਵਾਲ ਧਰਮਪਤਨੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਬੱਚੀ ਨੂੰ ਮੁੱਢਲੀ ਸਹਾਇਤਾ ਲਈ ਈ:ਐਮ:ਸੀ ਹਸਪਤਾਲ ਰਣਜੀਤ ਐਵੀਨਿਊ ਵਿਖੇ ਦਾਖਲ ਕਰਵਾਇਆ ਗਿਆ। ਇਹ ਬੱਚੀ ਬਿਲਕੁਲ ਠੀਕ ਠਾਕ ਹੈ, ਬੱਚੀ ਨੂੰ ਪਾਲਣ ਪੋਸ਼ਣ ਅਤੇ ਕਾਨੂੰਨੀ ਅਡਾਪਸ਼ਨ ਹਿੱਤ ਸਵਾਮੀ ਗੰਗਾ ਨੰਦ ਭੂਰੀ ਵਾਲੇ , ਇੰਟਰਨੈਸ਼ਨਲ ਫਾਉਡੇਸ਼ਨ ਧਾਮ, ਪਿੰਡ ਤਲਵੰਡੀ ਖੁਰਦ, ਲੁਧਿਆਣਾ ਪਰਵਰਿਸ਼ ਲਈ ਤਬਦੀਲ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋ ਰੈਡ ਕਰਾਸ ਸੋਸਾਇਟੀ ਅੰਮ੍ਰਿਤਸਰ ਵਿਖੇ ਮਿਤੀ 1/1/2008 ਤੋ ਪੰਘੂੜਾ ਸਕੀਮ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਅਧੀਨ ਰੈਡ ਕਰਾਸ ਦਫਤਰ ਦੇ ਬਾਹਰ ਬੇਸਹਾਰਾ ਨਵਜੰਮੇ ਬੱਚਿਆਂ ਲਈ ਇਕ ਪੰਘੂੜਾ ਸਥਾਪਿਤ ਕੀਤਾ ਗਿਆ। ਪੰਘੂੜੇ ਅਣਹੌਂਦ ਸਮੇਂ ਆਮ ਤੌਰ ਤੇ ਬੱਚੀਆਂ ਨੂੰ ਕੂੜੇ ਦੇ ਢੇਰ, ਸੜਕਾਂ ਕਿਨਾਰੇ ਜਾਂ ਝਾੜੀਆਂ ਵਿੱਚ ਸੁੱਟੇ ਜਾਣ ਦੀਆਂ ਘਟਨਾਵਾਂ ਵਾਪਰਦੀਆਂ ਸਨ ਅਤੇ ਪ੍ਰਸਾਸ਼ਨ ਦੇ ਉਪਰਾਲੇ ਸਦਕਾ ਹੁਣ ਤੱਕ 50 ਬੱਚਿਆਂ ਦੀ ਜਾਨ ਬਚਾਉਣ ਵਿੱਚ ਸਫਲਤਾ ਹਾਸਲ ਹੋਈ ਹੈ।