December 20, 2011 admin

ਸ. ਹੀਰਾ ਸਿੰਘ ਗਾਬੜੀਆ ਜੇਲ੍ਹ ਮੰਤਰੀ ਨੇ ਕੇਂਦਰੀ ਜੇਲ੍ਹ ਵਿਖੇ ਕੈਦੀਆਂ ਨੂੰ 1100 ਰਜਾਈਆਂ ਵੰਡੀਆਂ।

ਲੁਧਿਆਣਾ 20 ਦਸੰਬਰ: ਇਨਸਾਨ ਨੂੰ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਨੈਤਿਕ ਕਦਰਾਂ-ਕੀਮਤਾਂ ਦੇ ਧਾਰਨੀ ਹੋ ਕੇ ਉੱਚਾ-ਸੁੱਚਾ ਜੀਵਨ ਬਤੀਤ ਕਰਨਾ ਚਾਹੀਦਾ ਹੈ, ਤਾਂ ਂਜੋ ਸਾਡਾ ਸਮਾਜ ਵਿੱਚ ਮਾਣ-ਸਨਮਾਨ ਬਰਕਰਾਰ ਰਹਿ ਸਕੇ।
               ਇਹ ਪ੍ਰਗਟਾਵਾ ਸ. ਹੀਰਾ ਸਿੰਘ ਗਾਬੜੀਆ ਜੇਲ੍ਹਾਂ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਪੰਜਾਬ ਨੇ ਅੱਜ ਕੇਂਦਰੀ ਜੇਲ੍ਹ ਵਿਖੇ ਕੈਦੀਆਂ ਅਤੇ ਹਵਾਲਾਤੀਆਂ ਨੂੰ 1100 ਰਜਾਈਆਂ ਵੰਡਣ ਸਮੇਂ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਹ ਰਜਾਈਆਂ ਸਵਾਮੀ ਰਾਮ ਤੀਰਥ ਜੀ ਭੂਰੀ ਵਾਲੇ ਅਤੇ ਸੰਤ ਗੁਰਚਰਨ ਸਿੰਘ ਸਿਆੜ ਜੀ ਦੀ ਪ੍ਰੇਰਣਾ ਸਦਕਾ ਸ੍ਰੀ ਮਹਿੰਦਰ ਗੋਇਲ ਚੇਅਰਮੈਨ ਕੇ.ਲਾਲ ਓਵਰਸੀਜ਼ ਗਰੁੱਪ, ਸ੍ਰੀ ਬੀ.ਸੀ.ਨਾਗਪਾਲ, ਸੂਬਾ ਹਰਭਜਨ ਸਿੰਘ (ਓਸਟਰ ਗਰੁੱਪ) ਅਤੇ ਸ੍ਰੀ ਸਵੀਟੀ ਅਰੋੜਾ (ਅਰੋੜਾ ਨੈੱਟ ਫ਼ੈਬਰਿਕ) ਵੱਲੋਂ ਕੈਦੀਆਂ ਨੂੰ ਮੁਹੱਈਆਂ ਕਰਵਾਈਆਂ ਗਈਆਂ ਹਨ।
               ਇਸ ਮੌਕੇ ਤੇ ਸ. ਗਾਬੜੀਆ ਨੇ ਕੈਦੀਆਂ ਅਤੇ ਹਵਾਲਾਤੀਆਂ ਨੁੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੂੰ ਜਿੰਦਗੀ ਦੇ ਇਸ ਕੀਮਤੀ ਸਮੇਂ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ ਸਗੋਂ ਇਸ ਨੂੰ ਸੰਵਾਰਨ ਦਾ ਯਤਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਸਮੇਂ ਦੀ ਨਬਜ਼ ਪਛਾਣਦੇ ਹੋਏ ਜਿੰaਦਗੀ ਦੇ ਸੁਨਹਿਰੇ ਪਲਾਂ ਨੂੰ ਅਜਾਈਂ ਨਹੀਂ ਗੁਆਉਣਾ ਚਾਹੀਦਾ। ਉਹਨਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਕੈਦੀਆਂ ਅਤੇ ਹਵਾਲਾਤੀਆਂ ਦੀ ਸੁਵਿਧਾ ਲਈ ਆਧੁਨਿਕ ਸਹੂਲਤਾਂ ਵਾਲੀਆਂ ਪਠਾਨਕੋਟ, ਰੋਪੜ, ਨਾਭਾ, ਮਾਨਸਾ, ਫ਼ਰੀਦਕੋਟ ਅਤੇ ਕਪੂਰਥਲਾ ਵਿਖੇ 6 ਨਵੀਆਂ ਜੇਲ੍ਹਾਂ ਸਥਾਪਿਤ ਕੀਤੀਆਂ ਗਈਆਂ ਹਨ, ਪਰ ਸਾਨੂੰ ਮਾੜੇ ਕੰਮਾਂ ਤੋਂ ਦੂਰ ਰਹਿ ਕੇ ਚੰਗੇ ਕਰਮ ਕਰਨੇ ਚਾਹੀਦੇ ਹਨ ਤਾਂ ਂਜੋ ਜੇਲ੍ਹ ਜਾਣ ਤੱਕ ਦੀ ਨੌਬਤ ਹੀ ਨਾ ਆਵੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਕੈਦੀਆਂ ਨੁੰ ਟੈਲੀਫ਼ੋਨ ਦੀ ਸਹੂਲਤ ਮਹੁੱਈਆ ਕਰਵਾਈ ਗਈ ਹੈ, ਪਰੰਤੂ ਕੈਦੀਆਂ ਨੁੰ ਇਸ ਸਹੂਲਤ ਦਾ ਦੁਰ-ਉਪਯੋਗ ਨਹੀਂ ਕਰਨਾ ਚਾਹੀਦਾ। ਉਹਨਾਂ ਇਸ ਨੇਕ ਕੰਮ ਬਦਲੇ ਸਵਾਮੀ ਰਾਮ ਤੀਰਥ ਜੀ ਭੂਰੀ ਵਾਲੇ ਅਤੇ ਸੰਤ ਗੁਰਚਰਨ ਸਿੰਘ ਸਿਆੜ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
                ਇਸ ਤੋਂ ਪਹਿਲਾਂ ਮੰਤਰੀ ਨੇ ਜੇਲ੍ਹ ਵਿੱਚ ਜਲ-ਸਪਲਾਈ ਅਤੇ ਜ਼ਮੀਨ ਦੀ ਸਿੰਚਾਈ ਲਈ ਲਗਾਏ ਗਏ ਟਿਊਬਵੈੱਲ ਦਾ ਉਦਘਾਟਨ ਕੀਤਾ।
               ਸਵਾਮੀ ਰਾਮ ਤੀਰਥ ਜੀ ਭੂਰੀ ਵਾਲਿਆਂ ਨੇ ਕੈਦੀਆਂ ਨੁੰ ਉਪਦੇਸ਼ ਦਿੰਦਿਆਂ ਕਿਹਾ ਕਿ ਉਹਨਾਂ ਨੁੰ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿੰਦੇ ਹੋਏ ਨਾਮ-ਸਿਮਰਨ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ, ਕਿਉਕਿ ਨਾਮ-ਸਿਮਰਨ ਨਾਲ ਦੁੱਖਾਂ ਦਾ ਨਾਸ਼ ਅਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ।
               ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸ. ਰਣਜੀਤ ਸਿੰਘ ਕੌਂਸਲਰ, ਸ. ਸੁਖਦੇਵ ਸਿੰਘ ਮੰਡੇਰ, ਸ੍ਰੀ ਰਵਿੰਦਰ ਲੂੰਬਾ ਜੇਲ੍ਹ ਸੁਪਰਡੈਂਟ, ਸ. ਪਰਮਿੰਦਰ ਸਿੰਘ ਸੋਹਲ, ਸ੍ਰੀ ਸਤੀਸ਼ ਚੌਧਰੀ, ਸ. ਗੁਰਬਖਸ਼ੀਸ ਸਿੰਘ ਆਦਿ ਹਾਜ਼ਰ ਸਨ।

Translate »