*ਬਠਿੰਡਾ ‘ਚ ਚਾਰ ਅਹਿਮ ਪ੍ਰਾਜੈਕਟਾਂ ਦਾ ਉਦਘਾਟਨ
ਬਠਿੰਡਾ, 20 ਦਸੰਬਰ -ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਜ਼ਿਲ੍ਹੇ ‘ਚ ਚਾਰ ਅਹਿਮ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਕੀਤਾ ਅਤੇ ਇਕ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਲੋਕਾਂ ਦੀ ਸਹੂਲਤ ਤੇ ਵਿਕਾਸ ਨੂੰ ਮੁੱਖ ਰੱਖ ਕੇ ਤਿਆਰ ਕੀਤੇ ਇਨ੍ਹਾਂ ਪ੍ਰਾਜੈਕਟਾਂ ‘ਚ ਮਿੰਨੀ ਸਕੱਤਰੇਤ ਵਿਖੇ ਸਬ ਰਜਿਸਟਰਾਰ/ਤਹਿਸੀਲ ਦਫ਼ਤਰ, ਕੇਂਦਰੀ ਸਹਿਕਾਰੀ ਬੈਂਕ ਬਠਿੰਡਾ ਦੇ ਮੁੱਖ ਦਫ਼ਤਰ ਦੀ ਨਵੀਂ ਬਣੀ ਇਮਾਰਤ, ਸਿਵਲ ਸਟੇਸ਼ਨ ਵਿਖੇ ਮਨਿਸਟ੍ਰੀਅਲ ਸਟਾਫ਼ ਲਈ ਬਣੇ ਸਰਕਾਰੀ ਕੁਆਟਰਾਂ ਅਤੇ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਬਣਿਆ ਸ਼ਹੀਦ ਭਾਈ ਫਤਿਹ ਸਿੰਘ ਯਾਦਗਾਰੀ ਪਾਰਕ ਸ਼ਾਮਿਲ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਰੈਡ ਕਰਾਸ ਵਰਕਿੰਗ ਵਿਮਨ ਹੋਸਟਲ ਬਠਿੰਡਾ ਵਿਖੇ ਸਰਾਂ (ਸ਼ਾਰਟ ਸਟੇਅ ਹੋਮ) ਨੀਂਹ ਪੱਥਰ ਰੱਖਿਆ।
ਕੇਂਦਰੀ ਸਹਿਕਾਰੀ ਬੈਂਕ ਦੇ ਮੁੱਖ ਦਫ਼ਤਰ ਦੇ ਇਮਾਰਤ ਦਾ ਉਦਘਾਟਨ ਕਰਨ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਰੇ ਪ੍ਰਾਜੈਕਟ ਵਿਕਾਸਮੁਖੀ ਅਤੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਆਸ਼ੇ ਨਾਲ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਹੀ ਉਨ੍ਹਾਂ ਸਰਕਾਰ ਦਾ ਮੁੱਖ ਮਕਸਦ ਹੈ ਅਤੇ ਇਸ ਲਈ ਉਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਬਠਿੰਡਾ ਵਿਖੇ ਕੈਂਸਰ ਹਸਪਤਾਲ ਦਾ ਉਦਘਾਟਨ ਕੀਤਾ ਸੀ ਤਾਂ ਉਸ ਵੇਲੇ ਇਹ ਮਹਿਸੂਸ ਕੀਤਾ ਕਿ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦੀ ਠਹਿਰ ਲਈ ਢੁੱਕਵੀਂ ਥਾਂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸੇ ਨੂੰ ਧਿਆਨ ‘ਚ ਰੱਖਦਿਆਂ 3 ਕਰੋੜ 15 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਕ ਸਰਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸੇ ਤਰ੍ਹਾਂ ਕੇਂਦਰੀ ਸਹਿਕਾਰੀ ਬੈਂਕ ਦੀ ਨਵੀਂ ਇਮਾਰਤ 3.50 ਕਰੋੜ ਰੁਪਏ ਵਿਚ ਬਣ ਕੇ ਤਿਆਰ ਹੋਈ ਹੈ ਅਤੇ ਤਹਿਸੀਲ ਦਫ਼ਤਰ ਦੀ ਇਮਾਰਤ ‘ਤੇ ਇਕ ਕਰੋੜ 75 ਲੱਖ ਰੁਪਏ ਖਰਚ ਹੋਏ ਹਨ। ਸ: ਬਾਦਲ ਨੇ ਕਿਹਾ ਕਿ ਦਫ਼ਤਰਾਂ ‘ਚ ਕੰਮ ਕਰ ਰਹੇ ਮੁਲਾਜ਼ਮਾਂ ਲਈ ਬਣਾਏ ਕੁਆਟਰਾਂ ‘ਤੇ 8 ਕਰੋੜ 50 ਲੱਖ ਰੁਪਏ ਦੀ ਲਾਗਤ ਆਈ ਹੈ।
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਭਾਈ ਫਤਿਹ ਸਿੰਘ ਯਾਦਗਾਰੀ ਪਾਰਕ ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਮੌਕੇ ਕਿਹਾ ਕਿ ਭਾਈ ਫਤਿਹ ਸਿੰਘ ਦਾ ਨਾਂਅ ਸਿੱਖ ਇਤਿਹਾਸ ‘ਚ ਸੁਨਹਿਰੀ ਅੱਖਰਾਂ ‘ਚ ਲਿਖਿਆ ਗਿਆ ਹੈ ਕਿਉਂਕਿ ਉਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਵਾਲੇ ਸਰਹਿੰਦ ਦੇ ਨਵਾਬ ਦਾ ਸਿਰ ਵੱਢਿਆ ਸੀ। ਇਸ ਮੌਕੇ ਭਾਈ ਇੰਦਰਜੀਤ ਸਿੰਘ ਅਤੇ ਪਿੰਡ ਦੀਆਂ ਹੋਰ ਮੋਹਤਬਰ ਸ਼ਖਸੀਅਤਾਂ ਹਾਜ਼ਰ ਸਨ।
Êਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀ ਮੌਜੂਦਾ ਸਰਕਾਰ ਬਣੀ ਸੀ ਉਦੋਂ ਬਿਜਲੀ ਪੈਦਾਵਾਰ 6200 ਮੈਗਾਵਾਟ ਸੀ। ਉਨ੍ਹਾਂ ਕਿਹਾ ਕਿ ਬਿਜਲੀ ਤਰੱਕੀ ਦਾ ਜ਼ਰੂਰੀ ਅੰਗ ਹੈ। ਇਸੇ ਨੂੰ ਧਿਆਨ ਵਿਚ ਰੱਖਦਿਆਂ ਬਿਜਲੀ ਉਤਪਾਦਨ ਨੂੰ ਦੁੱਗਣਾ ਕਰਨ ਲਈ ਸਰਕਾਰ ਨੇ ਥਰਮਲ ਪਲਾਂਟ ਲਾਉਣੇ ਸ਼ੁਰੂ ਕੀਤੇ ਅਤੇ ਇਨ੍ਹਾਂ ਪਲਾਂਟਾਂ ਦੀ ਸਥਾਪਤੀ ਤੋਂ ਬਾਅਦ ਪੰਜਾਬ ਮੁਲਕ ਦਾ ਇਕੋ-ਇਕ ਬਿਜਲੀ ਸਰਪਲੱਸ ਵਾਲਾ ਸੂਬਾ ਬਣ ਜਾਵੇਗਾ। ਉਨ੍ਹਾਂ ਬਠਿੰਡਾ ਵਿਖੇ ਬਣਿਆ ਤੇਲ ਸੋਧਕ ਕਾਰਖਾਨਾ, ਕੇਂਦਰੀ ਯੂਨੀਵਰਸਿਟੀ, ਸਪੋਰਟਸ ਸਕੂਲ ਆਦਿ ਦਾ ਜ਼ਿਕਰ ਕਰਨ ਦੇ ਨਾਲ-ਨਾਲ ਕਿਹਾ ਕਿ ਪੰਜਾਬ ਦੇ ਹਰੇਕ ਸ਼ਹਿਰ ‘ਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸੜਕਾਂ, ਸੀਵਰੇਜ, ਪੀਣ ਵਾਲੇ ਪਾਣੀ ਆਦਿ ‘ਤੇ 4 ਹਜ਼ਾਰ ਕਰੋੜ ਰੁਪਏ ਖ਼ਰਚੇ ਗਏ ਹਨ। ਪੰਜਾਬ ਨੂੰ ਮੁਲਕ ਅੰਦਰ ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲੇ ਸੂਬਾ ਦੱਸਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਮਾੜੀਆਂ ਨੀਤੀਆਂ ਕਾਰਨ ਅੱਜ ਇਸ ਸੂਬੇ ਦੇ ਕਿਸਾਨ ਵੀ ਕਰਜ਼ਈ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਡੀਜ਼ਲ, ਖਾਦਾਂ ਦੀਆਂ ਕੀਮਤਾਂ ਵਧਣ ਨਾਲ ਖੇਤੀ ਲਾਗਤਾਂ ਇੰਨੀਆਂ ਵਧ ਗਈਆਂ ਹਨ ਕਿ ਖੇਤੀਬਾੜੀ ਲਾਹੇਵੰਦ ਧੰਦਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਖੇਤੀ ਲਾਗਤਾਂ ‘ਚ ਤਾਂ ਕਈ ਗੁਣਾ ਵਾਧਾ ਹੋ ਗਿਆ ਹੈ ਪਰੰਤੂ ਜਿਨਸਾਂ ਦੀਆਂ ਕੀਮਤਾਂ ਵਧਾਉਣ ਲੱਗਿਆਂ ਕੇਂਦਰ ਨੇ ਹਮੇਸ਼ਾ ਹੀ ਹੱਥ ਖਿੱਚਿਆ ਹੈ ਜਿਸ ਕਾਰਨ ਪੰਜਾਬ ਦੇ ਕਿਸਾਨ 32 ਹਜ਼ਾਰ ਕਰੋੜ ਦੇ ਕਰਜ਼ੇ ਹੇਠਾਂ ਆ ਗਏ ਹਨ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅੰਨਾ ਹਜ਼ਾਰੇ ਵੱਲੋਂ ਜਨ ਲੋਕਪਾਲ ਬਿੱਲ ਦੀ ਉਠਾਈ ਜਾ ਰਹੀ ਮੰਗ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਿੱਲ ਸਖ਼ਤ ਤੋਂ ਸਖ਼ਤ ਬਣਾਉਣਾ ਚਾਹੀਦਾ ਹੈ ਤਾਂ ਜੋ ਭ੍ਰਿਸ਼ਟਾਚਾਰ ਨੂੰ ਮੁਕੰਮਲ ਰੂਪ ਵਿਚ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਭ੍ਰਿਸ਼ਟਾਚਾਰ ਮੁਲਕ ਨੂੰ ਘੁਣ ਵਾਂਗ ਖਾ ਰਿਹਾ ਹੈ ਅਤੇ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਪੂਰੀ ਤਰ੍ਹਾਂ ਘਿਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਲਾ ਧਨ ਅੱਜ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈ ਅਤੇ ਕੇਂਦਰ ਸਰਕਾਰ ਵਿਦੇਸ਼ੀ ਬੈਂਕ ‘ਚ ਕਾਲਾ ਧਨ ਜਮ੍ਹਾਂ ਕਰਨ ਵਾਲਿਆਂ ਦੀ ਸੂਚੀ ਵੀ ਜਾਰੀ ਕਰਨੋਂ ਭੱਜ ਰਹੀ ਹੈ। ਸ: ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਮੁਲਕ ‘ਚੋਂ ਗਰੀਬੀ, ਬੇਰੁਜ਼ਗਾਰੀ ਆਦਿ ਦੂਰ ਕਰਨ ਅਤੇ ਸੁਰੱਖਿਆ ਦੇ ਪੱਖੋਂ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਗਾਂਧੀਵਾਦੀ ਨੇਤਾ ਅੰਨਾ ਹਜ਼ਾਰੇ ਨੂੰ ਦਲਬਦਲੀ ਬਾਰੇ ਕਾਨੂੰਨ ਬਣਾਉਣ ਦਾ ਮੁੱਦਾ ਵੀ ਉਠਾਉਣਾ ਚਾਹੀਦਾ ਹੈ ਕਿਉਂਕਿ ਦਲਬਦਲੂ ਆਮ ਲੋਕਾਂ ਨਾਲ ਧੋਖਾ ਕਰਦੇ ਹਨ ਅਤੇ ਇਸ ਤੋਂ ਮਾੜੀ ਗੱਲ ਕੋਈ ਹੋਰ ਨਹੀਂ ਹੋ ਸਕਦੀ।
ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ: ਸਿਕੰਦਰ ਸਿੰਘ ਮਲੂਕਾ, ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਸ: ਅਮਰਜੀਤ ਸਿੰਘ ਸਿੱਧੂ, ਹਲਕਾ ਇੰਚਾਰਜ ਬਠਿੰਡਾ ਸ਼ਹਿਰੀ ਸ੍ਰੀ ਸਰੂਪ ਚੰਦ ਸਿੰਗਲਾ, ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਜ਼ਿਲ੍ਹਾ ਪੁਲਿਸ ਮੁਖੀ ਡਾ. ਸੁਖਚੈਨ ਸਿੰਘ ਗਿੱਲ, ਐਸ. ਡੀ. ਐਮ. ਬਠਿੰਡਾ ਸ੍ਰੀ ਸੰਦੀਪ ਰਿਸ਼ੀ, ਮੇਅਰ ਨਗਰ ਨਿਗਮ ਸ: ਬਲਜੀਤ ਸਿੰਘ ਬੀੜ ਬਹਿਮਣ, ਕੇਂਦਰੀ ਸਹਿਕਾਰੀ ਬੈਂਕ ਦੇ ਡਾਇਰੈਕਟਰ ਸ: ਗੁਰਪ੍ਰੀਤ ਸਿੰਘ ਮਲੂਕਾ, ਬੈਂਕ ਦੇ ਐਮ ਡੀ ਸ: ਕੇ. ਐਸ. ਸੰਘਾ, ਜ਼ਿਲ੍ਹਾ ਸਿਹਤ ਸਲਾਹਕਾਰ ਕਮੇਟੀ ਦੇ ਮੈਂਬਰ ਡਾ. ਓਮ ਪ੍ਰਕਾਸ਼ ਸ਼ਰਮਾ ਅਤੇ ਹੋਰ ਆਗੂ ਹਾਜ਼ਰ ਸਨ।