ਅੰਮ੍ਰਿਤਸਰ, 20 ਦਸੰਬਰ – ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ (ਇਨਟੈਕ) ਚੈਪਟਰ ਅੰਮ੍ਰਿਤਸਰ ਵੱਲੋਂ ਸਕੂਲ ਹੈਰੀਟੇਜ ਕਲੱਬਾਂ ਦੀਆਂ ਸਲਾਨਾ ਗਤੀਵਿਧੀਆਂ ਤਹਿਤ ਵਿਦਿਆਰਥੀਆਂ ਨੂੰ ਵਿਰਾਸਤੀ ਥਾਵਾਂ ਦੀ ਸੈਰ ਕਰਵਾਈ ਗਈ। ਸਕੂਲ ਕਲੱਬਾਂ ਦੇ ਕੋਆਰਡੀਨੇਟਰ ਸ੍ਰੀ ਅੰਮ੍ਰਿਤ ਲਾਲ ਮੰਨਣ ਨੇ ਦੱਸਿਆ ਕਿ ਇਸ ਵਿਰਾਸਤੀ ਫੇਰੀ ਨੂੰ ਇਨਟੈਕ ਦੇ ਸਟੇਟ ਕਨਵੀਨਰ ਡਾ. ਸੁਖਦੇਵ ਸਿੰਘ ਨੇ ਹਰੀ ਝੰਡੀ ਦੇ ਕੇ ਵਿਦਾ ਕੀਤਾ। ਸ੍ਰੀ ਮੰਨਣ ਨੇ ਦੱਸਿਆ ਕਿ ਇਸ ਵਿਰਾਸਤੀ ਫੇਰੀ ਵਿੱਚ ਸਪਰਿੰਗ ਡੇਲ ਪਬਲਿਕ ਸਕੂਲ, ਪੁਲਿਸ ਲਾਇਨ ਡੀ.ਏ.ਵੀ. ਪਬਲਿਕ ਸਕੂਲ, ਰਾਮ ਆਸ਼ਰਮ ਪਬਲਿਕ ਸਕੂਲ, ਐਸ.ਐਲ.ਭਵਨ ਸਕੂਲ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵਨਿਊ ਦੇ ਤਕਰੀਬਨ 75 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ। ਇਨਟੈਕ ਦੇ ਕੋ-ਕਨਵੀਨਰ ਇੰਜੀਨੀਅਰ ਹੀਰਾ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਵਿਰਾਸਤੀ ਫੇਰੀ ਦੌਰਾਨ ਵੱਖ ਵੱਖ ਥਾਵਾਂ ਦੇ ਇਤਿਹਾਸ ਬਾਰੇ ਦੱਸਿਆ। ਉਨ•ਾਂ ਕਸੇਲ ਵਿਖੇ ਪ੍ਰਾਚੀਨ ਸ਼ਿਵ ਮੰਦਰ ਬਾਰੇ ਦੱਸਦੇ ਹੋਏ ਕਿਹਾ ਕਿ ਇੱਥੇ ਸ੍ਰੀ ਰਾਮ ਚੰਦਰ ਜੀ ਦੇ ਮਾਤਾ ਕੌਸ਼ੱਲਿਆ ਦਾ ਪੇਕੇ ਘਰ ਸੀ, ਇਸ ਮੰਦਰ ਵਿਖੇ ਇੱਕ ਪੁਰਾਣਾ ਖੂਹ ਹੈ, ਜਿਸਦਾ ਪਾਣੀ ਪੇਟ ਦੀਆਂ ਬਿਮਾਰੀਆਂ ਲਈ ਬਹੁਤ ਲਾਭਦਾਇਕ ਹੈ। ਸਰਾਏ ਅਮਾਨਤ ਖਾਂ ਦੀ ਮਸ਼ਹੂਰ ਸਰਾਂ ਜਿਸ ਦੇ ਮੁੱਖ ਦਰਵਾਜਿਆਂ ਉੱਪਰ ਤਾਜ ਮਹਿਲ ਵਾਂਗ ਕੈਲੀਗ੍ਰਾਫੀ ਕੀਤੀ ਗਈ ਹੈ ਅਤੇ ਭਵਨ ਨਿਰਮਾਣ ਕਲਾ ਦਾ ਇੱਕ ਉੱਚ ਕੋਟੀ ਦਾ ਨਮੂਨਾ ਹੈ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ, ਪੁੱਲ ਮੌਰਾਂ ਜਿਸਦੀ ਸਾਂਭ ਸੰਭਾਲ ਆਰਕੀਆਲੋਜੀਕਲ ਸਰਵੇ ਆਫ ਇੰਡੀਆ ਵੱਲੋਂ ਕਰਵਾਈ ਗਈ ਹੈ ਅਤੇ ਅੱਜ ਕੱਲ ਸਪਰਿੰਗ ਡੇਲ ਸਕੂਲ ਨੇ ਇਸ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਲਈ ਹੋਈ ਹੈ। ਇਸ ਸਥਾਨ ਤੇ ਮੌਜੂਦ ਸਰੋਵਰ ਦੀ ਨਿਰਮਾਣ ਕਲਾ ਉੱਚ ਕੋਟੀ ਦੀ ਹੈ। ਪ੍ਰੀਤ ਨਗਰ ਜਿਸ ਦੀ ਸਥਾਪਨਾ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਸੁਪਨਾ ਸੀ ਬਾਰੇ ਹਿਰਦੇਪਾਲ ਸਿੰਘ ਜੀ ਨੇ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ•ਾਂ ਕਿਹਾ ਕਿ ਇਹ ਸਾਡੀ ਬਦਕਿਸਮਤੀ ਹੈ ਕਿ ਵੱਖ ਵੱਖ ਸਮਿਆਂ ਤੇ ਇਸ ਨਗਰ ਦੀਆਂ ਵਿਕਾਸ ਸਕੀਮਾਂ ਨੂੰ ਭਾਰੀ ਧੱਕਾ ਲੱਗਦਾ ਰਿਹਾ, ਜਿਸ ਕਾਰਣ ਗੁਰਬਖਸ਼ ਸਿੰਘ ਜੀ ਦਾ ਪ੍ਰੀਤ ਨਗਰ ਵਸਾਉਣ ਦਾ ਸੁਪਨਾ ਸਹੀ ਮਾਣਿਆਂ ਵਿੱਚ ਸਕਾਰ ਨਹੀਂ ਹੋ ਸਕਿਆ, ਪ੍ਰੰਤੂ ਉਨ•ਾਂ ਨੇ ਸੰਸਾਰ ਨੂੰ ਇਹ ਨਗਰ ਵਸਾ ਕੇ ਦੱਸ ਦਿੱਤਾ ਕਿ ਸਰਬ ਸਾਂਝੀਵਾਲਤਾ ਨਾਲ ਇਕੱਠੇ ਰਹਿਣਾ ਸੰਭਵ ਹੈ, ਜਿਸ ਵਿੱਚ ਜਾਤ-ਪਾਤ, ਊਚ-ਨੀਚਤਾ ਦੇ ਸਭ ਵੱਖਰੇਵਿਆਂ ਨੂੰ ਭੁਲਾਇਆ ਜਾ ਸਕਦਾ ਹੈ। ਵਿਦਿਆਰਥੀਆਂ ਨੇ ਪ੍ਰੀਤ ਨਗਰ ਵਿਖੇ ਗੁਰਬਖਸ਼ ਸਿੰਘ ਅਤੇ ਨਾਨਕ ਸਿੰਘ ਦੀ ਯਾਦ ਵਿੱਚ ਉਸਾਰੇ ਗਏ ਆਡੀਟੋਰੀਅਮ ਦੇ ਲਾਨ ਵਿੱਚ ਘਰੋਂ ਲਿਆਂਦੇ ਰਵਾਇਤੀ ਪਕਵਾਨ ਇੱਕ ਦੂਜੇ ਨਾਲ ਸਾਂਝੇ ਕਰਦੇ ਹੋਏ ਆਨੰਦ ਮਾਣਿਆ। ਵਿਦਿਆਰਥੀਆਂ ਲਈ ਇਹ ਵਿਰਾਸਤੀ ਯਾਤਰਾ ਇੱਕ ਯਾਦਗਾਰੀ ਸਫਰ ਹੋ ਨਿੱਬੜੀ।