ਫਤਹਿਗੜ੍ਹ ਸਾਹਿਬ 20 ਦਸੰਬਰ : ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਖਦੇਵ ਸਿੰਘ ਨੇ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਮਾਜ ਭਲਾਈ ਦੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਸਬੰਧੀ ਜ਼ਿਲ੍ਹੇ ਦੇ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ ਵੱਖ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰਾਂ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਕਿਹਾ ਕਿ ਸਮਾਜ ਦੇ ਅਣਗੌਲੇ ਅਤੇ ਗਰੀਬ ਵਰਗ ਦੇ ਲੋਕਾਂ ਦੀਆਂ ਮੁਢਲੀਆਂ ਆਰਥਿਕ ਲੋੜਾਂ ਦੀ ਪੂਰਤੀ ਲਈ ਸਰਕਾਰ ਵੱਲੋਂ ਉਲੀਕੀਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਲਾਭ ਸਭ ਲੋੜਵੰਦਾਂ ਨੂੰ ਪਹੁੰਚਾਉਣ ਲਈ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਅਤੇ ਵੱਖ ਵੱਖ ਬੈਕਾਂ ਦੀਆਂ ਬਰਾਚਾਂ ਦੇ ਅਧਿਕਾਰੀ ਹੋਰ ਵਧੇਰੇ ਗਤੀਸ਼ੀਲਤਾ ਨਾਲ ਇਨ੍ਹਾਂ ਸਕੀਮਾਂ ਨੂੰ ਲਾਗੂ ਕਰਨ ਲਈ ਆਪਣਾ ਲੋੜੀਂਦਾ ਯੋਗਦਾਨ ਪਾਉਣ ਤਾਂ ਜੋ ਲੋੜਵੰਦ ਪਰਿਵਾਰ ਆਤਮ ਨਿਰਭਰ ਹੋ ਕੇ ਵਧੀਆ ਜਿੰਦਗੀ ਬਤੀਤ ਕਰ ਸਕਣ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਕਿਹਾ ਕਿ ਬਂੈਕਾਂ ਨੂੰ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਖਾਸ ਤੌਰ ਤੇ ਸਮਾਜਿਕ ਖੇਤਰ, ਖੇਤੀ ਅਤੇ ਹੋਰ ਤਰਜ਼ੀਹੀ ਸੈਕਟਰਾਂ ਨੂੰ ਪ੍ਰਫੁਲੱਤ ਕਰਨ ਲਈ ਵਿਸ਼ੇਸ ਉਪਰਾਲੇ ਕਰਨੇ ਚਾਹੀਦੇ ਹਨ । ਉਨ੍ਹਾਂ ਆਖਿਆ ਕਿ ਲਾਭਪਾਤਰਾਂ ਨੂੰ ਸਮੇਂ ਸਿਰ ਮਾਲੀ ਸਹਾਇਤਾ ਮਿਲਣੀ ਚਾਹੀਦੀ ਹੈ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 1898 ਸਵੈ ਮਦਦ ਗਰੁੱਪ ਬਣਾਏ ਜਾ ਚੁੱਕੇ ਹਨ ਜ਼ਿਨ੍ਹਾਂ ਵਿਚੋਂ 1499 ਗਰੁੱਪਾਂ ਨੂੰ ਵੱਖ ਵੱਖ ਸਕੀਮਾਂ ਅਧੀਨ ਵੱਖ ਵੱਖ ਬੈਕਾਂ ਰਾਹੀ ਕਰਜ਼ਾ ਦਵਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 125 ਲਾਭਪਾਤਰਾਂ ਦੇ ਸਵੈ ਰੋਜ਼ਗਾਰ ਕਰੈਡਿਟ ਕਾਰਡ ਬਣਾਏ ਗਏ ਹਨ , ਜਿਹਨਾਂ ਨੂੰ ਵੱਖ ਵੱਖ ਬੈਂਕਾਂ ਦੀਆਂ ਬਰਾਂਚਾਂ ਵੱਲੋਂ 36 ਲੱਖ 25 ਹਜਾਰ ਰੁਪਏ ਦੇ ਕਰਜੇਦਿੱਤੇ ਗਏ ਹਨ । ਇਸੇ ਤਰ੍ਹਾ 250 ਲਾਭਪਾਤਰਾਂ ਦੇ ਜਨਰਲ ਕਰੈਡਿਟ ਕਾਰਡ ਬਣਾਏ ਗਏ ਹਨ, ਜਿਹਨਾਂ ਨੂੰ 61 ਲੱਖ 95 ਹਜਾਰ ਰੁਪਏ ਦੇ ਕਰਜੇ ਮੁਹੱਈਆ ਕਰਵਾਏ ਗਏ ਹਨ । ਉਨ੍ਹਾਂ ਦੱਸਿਆ ਕਿ ਡੀ.ਆਰ.ਆਈ ਸਕੀਮ ਤਹਿਤ ਹੁਣ ਤੱਕ ਜ਼ਿਲ੍ਹੇ ਵਿੱਚ ਵੱਖ ਵੱਖ ਬੈਕਾਂ ਵੱਲੋਂ 334 ਲਾਭਪਾਤਰਾਂ ਨੂੰ 4 ਫੀਸਦੀ ਵਿਆਜ ਤੇ 37 ਲੱਖ 36 ਹਜਾਰ ਰੁਪਏ ਦੇ ਕਰਜੇ ਦਿਤੇ ਗਏ ਹਨ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿਜ਼ਿਲ੍ਹੇ ਵਿੱਚ ਪੱਂੈਦੀਆਂ ਸਾਰੀਆਂ ਬੈਂਕਾਂ ਦੀਆਂ ਬਰਾਂਚਾਂ ਡੀ.ਆਰ .ਆਈ ਸਕੀਮ ਅਧੀਨ ਘੱਟੋ ਘੱਟ ਹਰ ਮਹੀਨੇ 5 ਕੇਸ ਪਾਸ ਕਰਨੇ ਯਕੀਨੀ ਬਣਾਉਣ ।
ਸ੍ਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੇ ਬੇਰੋਜ਼ਗਾਰ 305 ਲੜਕੇ ਅਤੇ ਲੜਕੀਆਂ ਨੂੰ ਆਪਣਾ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਸਟੇਟ ਬੈਂਕ ਪਟਿਆਲਾ ਵੱਲੋਂ ਫਤਹਿਗੜ੍ਹ ਸਾਹਿਬ ਵਿਖੇ ਚਲਾਈ ਜਾ ਰਹੀ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਵੱਲੋਂ ਵੱਖ ਵੱਖ ਕਿੱਤਿਆਂ ਦੀ ਟਰੇਨਿੰਗ ਦਿੱਤੀ ਜਾ ਚੁੱਕੀ ਹੈ ਜਿਹਨਾਂ ਵਿੱਚੋਂ ਹੁਣ ਤੱਕ 100 ਤੋਂ ਵੱਧ ਲੜਕੇ ਅਤੇ ਲੜਕੀਆਂ ਆਪਣਾ ਸਵੈ ਰੋਜ਼ਗਾਰ ਸ਼ੁਰੂ ਕਰਕੇ ਆਤਮ ਨਿਰਭਰ ਹੋਏ ਹਨ।ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਇਸ ਸੰਸਥਾ ਤੋਂ ਟਰੇਨਿੰਗ ਪ੍ਰਾਪਤ ਕਰਨ ਵਾਲੇ ਯੁਵਕਾਂ ਨੂੰ ਆਪਣੇ ਧੰਦੇ ਸ਼ੁਰੂ ਕਰਨ ਲਈ ਪਹਿਲ ਦੇ ਆਧਾਰ ਤੇ ਕਰਜ਼ੇ ਮੁਹੱਈਆ ਕਰਵਾਏ ਜਾਣ।ਇਸ ਮੀਟਿੰਗ ਵਿੱਚ ਸਹਾਇਕ ਲੀਡ ਬੈਂਕ ਮੈਨੇਜਰ ਸ੍ਰੀ ਵਰਿੰਦਰ ਕਟਿਆਰ, ਏ.ਜੀ.ਐਮ. ਨਬਾਰਡ ਸ੍ਰੀ ਸਸ਼ੀ ਭੂਸ਼ਣ, ਏ.ਪੀ.ਓ. ਸ੍ਰੀ ਅਰਵਿੰਦਰਪਾਲ ਸਿੰਘ ਨਾਗਰਾ ਤੋਂ ਇਲਾਵਾ ਵੱਖ ਵੱਖ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਅਤੇ ਅਧਿਕਾਰੀ ਸ਼ਾਮਲ ਹੋਏ।