ਸਮਾਣਾ 21-12-2011 –ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਅਕਾਲੀ-ਭਾਜਪਾ ਸਰਕਾਰ ਦੀ ਪੰਜ ਸਾਲਾਂ ਦੀ ਕਾਰਗੁਜ਼ਾਰੀ ‘ਤੇ ਤਸੱਲੀ ਪ੍ਰਗਟ ਕਰਦਿਆਂ ਦਾਅਵਾ ਕੀਤਾ ਕਿ ਲੋਕ ਕਾਂਗਰਸੀ ਉਮੀਦਵਾਰਾਂ ਨੂੰ ਮੂੰਹ ਨਹੀਂ ਲਗਾਉਣਗੇ ਅਤੇ ਵਿਰੋਧੀਆਂ ਦੀਆਂ ਜਮਾਨਤਾਂ ਜ਼ਬਤ ਹੋ ਜਾਣਗੀਆਂ। ਇਥੇ ਸਮਾਣਾ ਵਿਧਾਨ ਸਭਾ ਹਲਕੇ ਵਿੱਚ ਸ੍ਰ: ਸੁਰਜੀਤ ਸਿੰਘ ਰੱਖੜਾ ਦੇ ਹੱਕ ਵਿੱਚ ਕੀਤੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਣ ਦੇ ਸੁਪਨੇ ਲੈਣੇ ਛੱਡ ਦੇਵੇ ਕਿਉਂਕਿ ਜਿਸ ਆਗੂ ਨੂੰ ਸਨੌਰ ਅਤੇ ਘਨੌਰ ਦੀਆਂ ਗਲੀਆਂ ਨਾਲੋਂ ਲਾਹੋਰ ਦੀਆਂ ਗਲੀਆਂ ਦਾ ਜਿਆਦਾ ਪਤਾ ਹੈ, ਅਜਿਹੇ ਆਗੂ ਨੂੰ ਲੋਕ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਨਾ ਦੇ ਕੇ ਉਹਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਅਤੇ ਨੌਜਵਾਨਾਂ ਨਾਲ ਰੋਜ਼ਗਾਰ ਦੇਣ ਦੇ ਨਾਂ ‘ਤੇ ਉਹਨਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ । ਇਥੋਂ ਤੱਕ ਕਿ 19 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਬਠਿੰਡਾ ਤੇਲ ਸੋਧਕ ਕਾਰਖਾਨੇ ਦੇ ਰਾਹ ਵਿੱਚ ਅੜਿਕੇ ਖੜੇ ਕੀਤੇ ਗਏ, ਇਸ ਲਈ ਕੈਪਟਨ ਨੂੰ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ। ਸ੍ਰ: ਬਾਦਲ ਨੇ ਕਿਹਾ ਕਿ ਜੇ ਪੰਜਾਬ ਵਿੱਚ ਮੁੜ ਕਾਂਗਰਸ ਦਾ ਰਾਜ ਆ ਗਿਆ ਤਾਂ ਉਹਨਾਂ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਮੁਫਤ ਬਿਜਲੀ, ਆਟਾ ਦਾਲ ਅਤੇ ਸ਼ਗਨ ਸਕੀਮ ਵਰਗੀਆਂ ਸਾਰੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ ਅਤੇ ਪੰਜਾਬ ਮੁੜ ਤਬਾਹੀ ਦੇ ਕੰਢੇ ‘ਤੇ ਖੜਾ ਹੋ ਜਾਵੇਗਾ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਹਿਜਧਾਰੀ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਵੋਟ ਪਾਉਣ ਦਾ ਹੱਕ ਦਿੱਤੇ ਜਾਣ ਸਬੰਧੀ ਫੈਸਲੇ ਬਾਰੇ ਪੁੱਛੇ ਜਾਣ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ: ਬਾਦਲ ਨੇ ਕਿਹਾ ਕਿ ਇਸ ਬਾਰੇ ਵੀਰਵਾਰ ਨੂੰ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ ।
ਸ੍ਰ: ਬਾਦਲ ਨੇ ਕਿਹਾ ਕਿ ਆਉਂਦੇ ਇੱਕ ਸਾਲ ਵਿੱਚ ਸੂਬੇ ‘ਚ ਬਿਜਲੀ ਦੀ ਕੋਈ ਥੁੜ ਨਹੀਂ ਰਹੇਗੀ ਸਗੋਂ ਇਥੇ ਲੱਗ ਰਹੇ ਥਰਮਲ ਪਲਾਟਾਂ ਨਾਲ ਏਨੀ ਬਿਜਲੀ ਪੈਦਾ ਹੋਣ ਲੱਗ ਜਾਵੇਗੀ ਕਿ ਵਾਧੂ ਬਿਜਲੀ ਬਾਹਰਲੇ ਸੂਬਿਆਂ ਨੂੰ ਵੇਚ ਕੇ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਈ ਜਾ ਸਕੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ ਹਰ ਸਮੇਂ ਲੋਕਾਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ ਅਤੇ ਕੋਈ ਵੀ ਆਮ ਅਕਾਲੀ ਵਰਕਰ ਉਨ੍ਹਾਂ ਨੂੰ ਕਿਸੇ ਵੀ ਸਮੇਂ ਮਿਲ ਸਕਦਾ ਹੈ , ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਹਰ ਕੋਈ ਜਾਣਦਾ ਹੈ ਕਿ ਉਹ ਆਪਣੇ ਮੰਤਰੀਆਂ ਨੂੰ ਵੀ ਛੇਤੀ ਨਹੀਂ ਮਿਲਦੇ ਸਨ ਤਾਂ ਆਮ ਲੋਕਾਂ ਦੀ ਵਾਰੀ ਕਿਥੋਂ ਆਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਦੇ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਨਹੀਂ ਮਿਲੇ ਉਹਨਾਂ ਪੰਜਾਬ ਦੇ ਹੋਰਨਾਂ ਲੋਕਾਂ ਨੂੰ ਕੀ ਮਿਲਣਾ ਹੈ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਸ੍ਰ: ਮਨਪ੍ਰੀਤ ਸਿੰਘ ਬਾਦਲ ਬਾਰੇ ਪੁੱਛੇ ਜਾਣ ‘ਤੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਜਿਸ ਦਾ ਸਬੂਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਮਿਲ ਜਾਵੇਗਾ। ਸ਼ਹਿਰਾਂ ਵਿੱਚ ਅਕਾਲੀ -ਭਾਜਪਾ ਗੱਠਜੋੜ ਦੇ ਵੋਟ ਬੈਂਕ ਨੂੰ ਖੋਰਾ ਲੱਗਣ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਸ਼ਹਿਰੀ ਵੋਟਰ ਪੂਰੀ ਮਜ਼ਬੂਤੀ ਨਾਲ ਸਾਡੇ ਹੱਕ ਵਿੱਚ ਖੜ੍ਹੇ ਹਨ।
ਸ੍ਰ: ਬਾਦਲ ਨੇ ਕਿਹਾ ਕਿ ਦੇਸ਼ ਵਿੱਚ ਲੰਬਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਸਰਕਾਰ ਨੇ ਦੇਸ਼ ਦੀ ਜਨਤਾ ਨੂੰ ਦੋਵੇਂ ਹੱਥਾਂ ਨਾਲ ਲੁੱਟਿਆ ਹੈ ਅਤੇ ਕੇਂਦਰ ਦੀਆਂ ਗਲਤ ਨੀਤੀਆਂ ਕਾਰਨ ਦਿਨੋ-ਦਿਨ ਮਹਿੰਗਾਈ ਵੱਧ ਰਹੀ ਹੈ ਜਿਸ ਕਾਰਨ ਅੱਜ ਲੋਕਾਂ ਨੂੰ ਦੋ ਵਕਤ ਦੀ ਰੋਟੀ ਮਿਲਣੀ ਵੀ ਮੁਸ਼ਕਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਵਿੱਚ ਹੀ ਵੱਡੇ ਘੁਟਾਲੇ ਸਾਹਮਣੇ ਆਏ ਹਨ ਜਿਸ ਕਾਰਨ ਲੋਕਾਂ ਵਿੱਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਆਪਣਾ ਸਾਰਾ ਜੀਵਨ ਪਾਰਟੀ ਅਤੇ ਪੰਜਾਬ ਦੇ ਲੋਕਾਂ ਦੇ ਲੇਖੇ ਲਗਾ ਦਿੱਤਾ ਹੈ ਅਤੇ ਸਰਦਾਰ ਬਾਦਲ ਦੀ ਅਗਵਾਈ ਹੇਠ ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਰਿਕਾਰਡਤੋੜ ਵਿਕਾਸ ਹੁੰਦਾ ਆ ਰਿਹਾ ਹੈ ਜਿਸ ਦੀ ਮਿਸਾਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਵਿੱਚ ਲੋਕਾਂ ਦੇ ਹੋ ਰਹੇ ਭਰਵੇਂ ਇਕੱਠ ਤੋਂ ਆਪ ਮੁਹਾਰੇ ਸਾਹਮਣੇ ਆ ਜਾਂਦੀ ਹੈ ।
ਪੰਜਾਬ ਵਿੱਚ ਨਸ਼ਿਆਂ ਦੀ ਵੱਧ ਰਹੀ ਬੁਰਾਈ ਨੂੰ ਠੱਲ ਪਾਉਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਵਿਸ਼ਵ ਕਬੱਡੀ ਕੱਪ ਦੌਰਾਨ 14 ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ ਸੀ ਜਦਕਿ ਅਗਲੇ ਸਾਲ ਪੰਜਾਬ ਵਿੱਚ ਕਬੱਡੀ ਕੱਪ ਦੌਰਾਨ 25 ਦੇਸ਼ਾਂ ਦੀਆਂ ਕਬੱਡੀ ਟੀਮਾਂ ਹਿੱਸਾ ਲੈਣਗੀਆਂ । ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਕਬੱਡੀ ਸਟੇਡੀਅਮ ਬਣਵਾਏ ਜਾਣਗੇ ਅਤੇ ਹਰ ਜ਼ਿਲ੍ਹੇ ਵਿੱਚ ਖੇਡਾਂ ਦਾ ਇੱਕ ਵੱਖਰਾ ਸਕੂਲ ਬਣਵਾ ਕੇ ਖਿਡਾਰੀਆਂ ਦੀ ਸਿਖਲਾਈ ਅਤੇ ਪੜ੍ਹਾਈ ਦਾ ਪੂਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾਵੇਗਾ । ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਪਹਿਲ ਨਾਲ ਦੇਸ਼ ਦੀਆਂ ਸਾਰੀਆਂ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਦੀ ਸ਼ਮੂਲੀਅਤ ਯਕੀਨੀ ਬਣ ਸਕੇਗੀ । ਸਮਾਣਾ ਵਿਖੇ ਹੋਏ ਬੇਮਿਸਾਲ ਇਕੱਠ ਤੋਂ ਪ੍ਰਭਾਵਿਤ ਹੋਏ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ ਨੇ ਪਿਛਲੇ ਪੰਜ ਸਾਲਾਂ ਵਿੱਚ ਕੰਮ ਦੀ ਰਫਤਾਰ ਤੇਜ਼ ਰੱਖੀ ਅਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਜਾ ਕੇ ਨਾ ਕੇਵਲ ਲੋਕਾਂ ਦੀਆਂ ਸਮੱਸਿਆਵਾਂ ਦਾ ਜਾਇਜ਼ਾ ਲਿਆ ਬਲਕਿ ਲੋਕਾਂ ਦੀ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਰਾਹ ਵੀ ਬਣਵਾਏ । ਉਨ੍ਹਾਂ ਨੇ ਕਿਹਾ ਕਿ ਰਾਜ ਦੀ ਮੌਜੂਦਾ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਮਹਿੰਗਾਈ ਨਾਲ ਨਪੀੜੇ ਪਏ ਲੋਕਾਂ ਦੀ ਬਾਂਹ ਫੜੀ ਅਤੇ ਗਰੀਬਾਂ ਲਈ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ, ਸਰਕਾਰੀ ਸਕੂਲਾਂ ਵਿੱਚ ਲੜਕੀਆਂ ਨੂੰ ਮੁਫਤ ਸਿੱਖਿਆ, ਗਿਆਰਵੀ ਅਤੇ ਬਾਰਵੀ ਕਲਾਸ ਦੀਆਂ ਲੜਕੀਆਂ ਨੂੰ ਮੁਫਤ ਸਾਇਕਲ ਸਮੇਤ ਹੋਰ ਵੱਡੀਆਂ ਸਹੂਲਤਾ ਉਪਲਬਧ ਕਰਵਾਈਆਂ ਹਨ । ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਜ਼ਾਰਾਂ ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਿੱਚ ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਫਤਿਹ ਮਿਨਾਰ, ਵਿਰਾਸਤ-ਏ-ਖਾਲਸਾ ਦਾ ਨਿਰਮਾਣ ਕਰਵਾਇਆ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਕੌਮ ਦੇ ਮਾਣਾਂ ਵਾਲੇ ਵਿਰਸੇ ਦੇ ਰੂਬਰੂ ਹੋ ਸਕਣ ਅਤੇ ਇਹ ਉਪਰਾਲਾ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ ਸਾਫ ਸੁਥਰੀ ਸੋਚ ਸਦਕਾ ਹੀ ਸਾਕਾਰ ਹੋ ਸਕਿਆ ਹੈ । ਸਰਦਾਰ ਸੁਖਬੀਰ ਸਿਘ ਬਾਦਲ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਰਾਜ ਸਰਕਾਰ ਵੱਲੋਂ ਰਾਈਟ ਟੂ ਸਰਵਿਸ ਐਕਟ ਲਾਗੂ ਕੀਤਾ ਗਿਆ ਹੈ ਜਿਸ ਤਹਿਤ ਲੋਕਾਂ ਨੂੰ ਆਪਣੇ ਕੰਮਕਾਰ ਕਰਵਾਉਣ ਲਈ ਹੁਣ ਸਰਕਾਰੀ ਦਫਤਰਾਂ ਵਿੱਚ ਖੱਜਲਖੁਆਰ ਨਹੀਂ ਹੋਣਾ ਪਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਇੱਕ ਲੱਖ 15 ਹਜ਼ਾਰ ਤੋਂ ਵੀ ਵੱਧ ਨੌਜਵਾਨਾਂ ਨੂੰ ਪਾਰਦਰਸ਼ੀ ਪ੍ਰਣਾਲੀ ਨਾਲ ਨੌਕਰੀਆਂ ਦਿੱਤੀਆਂ । ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ 4 ਸਾਲਾਂ ਵਿੱਚ ਪੰਜਾਬ ਭਰ ਵਿੱਚ ਫਰਦ ਕੇਂਦਰ ਬਣਾ ਦਿੱਤੇ ਅਤੇ ਆਉਂਦੇ ਇੱਕ-ਦੋ ਮਹੀਨਿਆਂ ਵਿੱਚ ਕੋਈ ਵੀ ਆਨਲਾਈਨ ਪ੍ਰਣਾਲੀ ਸਦਕਾ ਕਿਤੇ ਵੀ ਫਰਦ ਪ੍ਰਾਪਤ ਕਰ ਸਕੇਗਾ ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਪਾਰਟੀ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ । ਇਸ ਮੌਕੇ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਵੱਲੋਂ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਲਈ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਸਬੰਧੀ ਦਿੱਤੇ ਜਾ ਰਹੇ ਬਿਆਨ ਪੂਰੀ ਤਰ੍ਹਾਂ ਖੋਖਲੇ ਹਨ ਜਦੋਂਕਿ ਹਕੀਕਤ ਇਹ ਹੈ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਬੀਤੇ ਪੰਜ ਸਾਲਾਂ ਵਿੱਚ ਆਪਣੀ ਆਮਦਨ ਨੂੰ 35 ਹਜ਼ਾਰ ਕਰੋੜ ਰੁਪਏ ਤੋਂ ਵਧਾ ਕੇ 76 ਹਜ਼ਾਰ ਕਰੋੜ ਰੁਪਏ ਕੀਤਾ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਆਖਰੀ ਵਾਰ ਚੋਣ ਮੈਦਾਨ ਵਿੱਚ ਨਿਤਰੇ ਹਨ, ਇਸ ਲਈ ਪੰਜਾਬ ਦੇ ਲੋਕ ਮੁੜ ਅਕਾਲੀ-ਭਾਜਪਾ ਸਰਕਾਰ ਬਣਾ ਕੇ ਸ .ਬਾਦਲ ਨੂੰ ਪੰਜਵੀਂ ਵਾਰ ਮੁੱਖ ਮੰਤਰੀ ਬਣਾਉਣ ਵਿੱਚ ਆਪਣਾ ਸਹਿਯੋਗ ਦੇਣ ਅਤੇ ਵੋਟ ਪਾਉਣ ਸਮੇਂ ਚੰਗੇ ਅਤੇ ਮਾੜੇ ਦੀ ਪਰਖ ਜਰੂਰ ਕਰ ਲੈਣ।
ਇਸ ਮੌਕੇ ਜ਼ਿਲ੍ਹਾ ਯੋਜਨਾਂ ਕਮੇਟੀ ਪਟਿਆਲਾ ਦੇ ਚੇਅਰਮੈਨ ਸ੍ਰ: ਸੁਰਜੀਤ ਸਿੰਘ ਰੱਖੜਾ ਨੇ ਮੌਜੂਦਾ ਪੰਜਾਬ ਸਰਕਾਰ ਵੱਲੋਂ ਸਮਾਣਾ ਹਲਕੇ ਵਿੱਚ ਕਰਵਾਏ ਬੇਮਿਸਾਲ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਨ੍ਹਾਂ ਵਿਕਾਸ ਮੌਜੂਦਾ ਸਰਕਾਰ ਨੇ ਸਮਾਣਾ ਹਲਕੇ ਦਾ ਕਰਵਾਇਆ ਹੈ ਉਹ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਕਰਵਾਇਆ । ਉਨ੍ਹਾਂ ਇਸ ਮੌਕੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ, ਪੁੱਜੀਆਂ ਸਖਸ਼ੀਅਤਾਂ ਅਤੇ ਹਲਕੇ ਦੇ ਲੋਕਾਂ ਨੂੰ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰਵਾਸੀ ਭਾਰਤੀ ਸ੍ਰ: ਚਰਨਜੀਤ ਸਿੰਘ ਧਾਲੀਵਾਲ, ਪਨਸੀਡ ਪੰਜਾਬ ਦੇ ਚੇਅਰਮੈਨ ਸ੍ਰ: ਸੁਰਜੀਤ ਸਿੰਘ ਅਬਲੋਵਾਲ, ਫੂਡਗ੍ਰੇਨ ਦੇ ਚੇਅਰਮੈਨ ਸ੍ਰ: ਰਣਧੀਰ ਸਿੰਘ ਰੱਖੜਾ, ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਸ੍ਰ: ਅਜੈਬ ਸਿੰਘ ਮੁਖਮੇਲਪੁਰ, ਪੱਛੜੀਆਂ ਸ਼੍ਰੇਣੀਆ ਕਮਿਸ਼ਨ ਦੇ ਉਪ ਚੇਅਰਮੈਨ ਸ੍ਰ: ਹਰਜੀਤ ਸਿੰਘ ਅਦਾਲਤੀਵਾਲਾ, ਐਸ.ਐਸ.ਬੋਰਡ ਦੇ ਸਾਬਕਾ ਚੇਅਰਮੈਨ ਸ੍ਰ: ਤੇਜਿੰਦਰਪਾਲ ਸਿੰਘ ਸੰਧੂ, ਐਸ.ਜੀ.ਪੀ.ਸੀ. ਮੈਂਬਰ ਸ੍ਰ: ਕੁਲਦੀਪ ਸਿੰਘ ਨੱਸੂਪੁਰ ਤੇ ਸ੍ਰ: ਨਿਰਮਲ ਸਿੰਘ ਹਰਿਆਊ, ਨਗਰ ਸੁਧਾਰ ਟਰਸਟ ਸਮਾਣਾ ਦੇ ਚੇਅਰਮੈਨ ਸ਼੍ਰੀ ਅਸ਼ੋਕ ਮੋਦਗਿਲ, ਭਾਜਪਾ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਡਾ: ਲਛਮਣ ਦਾਸ ਸੇਵਕ, ਨਗਰ ਪਾਲਿਕਾ ਸਮਾਣਾ ਦੇ ਪ੍ਰਧਾਨ ਸ਼੍ਰੀ ਕਪੂਰ ਚੰਦ ਬਾਂਸਲ, ਇਸਤਰੀ ਅਕਾਲੀ ਦਲ ਦੀ ਜਨਰਲ ਸਕੱਤਰ ਬੀਬੀ ਵਨਿੰਦਰ ਕੌਰ ਲੂੰਬਾ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ੍ਰ: ਮਹਿੰਦਰ ਸਿੰਘ ਲਾਲਵਾ , ਉਪ ਚੇਅਰਮੈਨ ਸ੍ਰ: ਜਸਪਾਲ ਸਿੰਘ ਕਲਿਆਣ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਸ੍ਰ: ਰਣਜੀਤ ਸਿੰਘ ਨਿੱਕੜਾ, ਸ੍ਰ: ਅਮਰਜੀਤ ਸਿੰਘ ਪੰਜਰਥ, ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਸ਼੍ਰੀ ਸੰਜੀਵ ਸਿੰਗਲਾ ਤੇ ਸ੍ਰ: ਸੁਖੀ ਰੱਖੜਾ, ਐਨ.ਆਰ.ਆਈ. ਯੂਥ ਵਿੰਗ ਦੇ ਪ੍ਰਧਾਨ ਸ੍ਰ: ਕਰਮਜੀਤ ਸਿੰਘ ਰੱਖੜਾ, ਸ੍ਰ: ਇੰਦਰਜੀਤ ਸਿੰਘ ਰੱਖੜਾ, ਕੌਂਸਲਰ ਸ੍ਰ: ਜਸਪਾਲ ਸਿੰਘ ਪ੍ਰਧਾਨ, ਸ਼੍ਰੀ ਰਵੀ ਆਹਲੂਵਾਲੀਆ, ਸ੍ਰ: ਸੁਖਜੀਤ ਸਿੰਘ ਬਘੋਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਵੀ ਹਾਜ਼ਰ ਸਨ।