ਲੁਧਿਆਣਾ, 21 ਦਸੰਬਰ :
ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ‘ ਰਾਜ ਨਹੀਂ ਸੇਵਾ ‘ ਦੇ ਆਸ਼ੇ ਨੂੰ ਮੁੱਖ ਰੱਖਦਿਆਂ ਅੱਜ ਸ੍ਰੀ ਸਤਪਾਲ ਗੋਸਾਈ ਸਿਹਤ ਤੇ ਪ੍ਰੀਵਾਰ ਭਲਾਈ ਮੰਤਰੀ ਵੱਲੋਂ ਪੰਜਾਬੀ ਭਵਨ ਵਿਖੇ ਸਿਹਤ ਵਿਭਾਗ ਵਿੱਚ ਤਰਸ ਦੇ ਅਧਾਰ ਤੇ 20 ਵਿਅੱਕਤੀਆਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ।
ਸਿਹਤ ਮੰਤਰੀ ਸ੍ਰੀ ਸਤਪਾਲ ਗੋਸਾਈਂ ਨੇ ਕਿਹਾ ਕਿ ਸੇਵਾ ਦੌਰਾਨ ਕਿਸੇ ਕ੍ਰਮਚਾਰੀ ਦੀ ਮੌਤ ਹੋ ਜਾਣ ਤੇ ਉਸ ਦੇ ਆਸ਼ਰਿਤ ਮੈਂਬਰ ਨੁੰ ਤਰਸ ਦੇ ਅਧਾਰ ਤੇ ਨੌਕਰੀ ਮਿਲਣ ਨਾਲ ਉਹ ਪ੍ਰੀਵਾਰ ਆਪਣਾ ਜੀਵਨ ਨਿਰਬਾਹ ਚੰਗੇ ਢੰਗ ਨਾਲ ਕਰਨ ਦੇ ਯੋਗ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਮਾਨਵਤਾ ਦੀ ਭਲਾਈ ਸਰਵ-ਉੱਤਮ ਕਾਰਜ ਹੈ, ਇਸ ਲਈ ਨਰੋਏ ਸਮਾਜ ਦੀ ਸਿਰਜਣਾ ਲਈ ਸਾਨੂੰ ਸਮਾਜ ਭਲਾਈ ਕਾਰਜਾਂ ਵਿੱਚ ਵੱਧ ਚੜ੍ਹ ਕੇ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਂਜੋ ਸਾਡੇ ਸਮਾਜ, ਸੂਬੇ ਅਤੇ ਦੇਸ਼ ਦਾ ਭਲਾ ਹੋ ਸਕੇ। ਉਹਨਾਂ ਕਿਹਾ ਕਿ ਕਿਸੇ ਪ੍ਰੀਵਾਰ ਦੇ ਮੁਖੀ ਦੇ ਅਕਾਲ-ਚਲਾਣੇ ਉਪਰੰਤ ਉਸ ਪ੍ਰੀਵਾਰ ਤੇ ਮੁਸੀਬਤਾਂ ਦਾ ਪਹਾੜ ਟੁੱਟ ਪੈਂਦਾ ਹੈ ਅਤੇ ਉਸ ਪ੍ਰੀਵਾਰ ਦੀ ਸਹਾਇਤਾ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ।
ਇਸ ਮੌਕੇ ਉਨ੍ਹਾਂ ਨਵ-ਨਿਯੁਕਤ ਮੁਲਾਜ਼ਮਾਂ ਦੀ ਹੌਂਸਲਾ ਅਫਜ਼ਾਈਂ ਕਰਦਿਆਂ ਕਿਹਾ ਕਿ ਉਹਨਾਂ ਨੂੰ ਜਨਤਾ ਦੀ ਭਲਾਈ ਲਈ ਤਨਦੇਹੀ ਅਤੇ ਇਮਾਨਦਾਰੀ ਨਾਲ ਸੇਵਾ ਨਿਭਾਉਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ 22 ਦਸੰਬਰ ਨੂੰ ਸਰਕਟ ਹਾਊਸ ਵਿਖੇ 113 ਵਿਅੱਕਤੀਆਂ ਨੂੰ ਮਲਟੀ-ਪਰਪਜ਼ ਹੈਲਥ ਵਰਕਰ ਦੀਆਂ ਆਸਾਮੀਆਂ ਲਈ ਤਰਸ ਦੇ ਆਧਾਰ ਤੇ ਨਿਯੁਕਤੀ ਪੱਤਰ ਦਿੱਤੇ ਜਾਣਗੇ। ਉਹਨਾਂ ਵਿਭਾਗ ਦੇ ਅਧਿਕਾਰੀਆਂ ਤੇ ਕ੍ਰਮਚਾਰੀਆਂ ਦੀਆਂ ਉਚਿਤ ਮੰਗਾਂ ਤੇ ਹਮਦਰਦੀ ਨਾਲ ਗੌਰ ਕਰਨ ਦਾ ਵਿਸ਼ਵਾਸ ਦਿਵਾਇਆ।
ਇਸ ਮੌਕੇ ਤੇ ਜੱਚਾ-ਬੱਚਾ ਸਿਹਤ ਸਬੰਧੀ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਗਿਆ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਜੇ.ਪੀ. ਸਿੰਘ ਨੇ ਮੰਤਰੀ ਦਾ ਧੰਨਵਾਦ ਕਰਦਿਆਂ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਸੇਵਾ ਸਮਰਪਣ ਦੀ ਭਾਵਨਾ ਨਾਲ ਕਰਨ ਦਾ ਵਿਸ਼ਵਾਸ਼ ਦਿਵਾਇਆ। ਉਹਨਾਂ ਦੱਸਿਆ ਕਿ ਅੱਜ 18 ਦਰਜਾ-ਤਿੰਨ ਅਤੇ 2 ਦਰਜਾ-ਚਾਰ ਆਸਾਮੀਆਂ ਲਈ ਨਿਯੁਕਤੀ ਪੱਤਰ ਵੰਡੇ ਗਏ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਜੇ.ਪੀ. ਸਿੰਘ, ਸਿਵਲ ਸਰਜਨ ਡਾ. ਸੁਭਾਸ਼ ਬੱਤਾ, ਸਹਾਇਕ ਸਿਵਲ ਸਰਜਨ ਡਾ. ਯਸ਼ ਪਾਲ ਮਹਿਤਾ, ਡਾ. ਕੁਲਵਿੰਦਰ ਸਿੰਘ ਜ਼ਿਲਾ ਸਿਹਤ ਅਫ਼ਸਰ, ਡਾ. ਸੰਜੀਵ ਹਾਂਸ ਜ਼ਿਲਾ ਪ੍ਰੀਵਾਰ ਭਲਾਈ ਅਫ਼ਸਰ, ਡਾ. ਕੇ.ਐਸ. ਸੈਣੀ ਜ਼ਿਲਾ ਟੀਕਾਕਰਨ ਅਫ਼ਸਰ, ਡਾ. ਰਾਜਿੰਦਰ ਗੁਲਾਟੀ (ਬੱਚਿਆਂ ਦੇ ਮਾਹਿਰ), ਡਾ: ਮਲਵਿੰਦਰ ਮਾਹਲਾ, ਡਾ: ਕੰਵਲਜੀਤ ਕੌਰ, ਸ੍ਰੀ ਹਰਜਿੰਦਰ ਸਿੰਘ ਅਤੇ ਸ੍ਰੀ ਜਗਤ ਰਾਮ (ਦੋਵੇਂ ਡਿਪਟੀ ਮਾਸ ਮੀਡੀਆ ਅਫ਼ਸਰ) ਅਤੇ ਸ੍ਰੀ ਨਵਨੀਤ ਸਿੰਘ ਹਾਜ਼ਰ ਸਨ।