ਲੁਧਿਆਣਾ-21-ਦਸੰਬਰ-2011
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਜਨਤਕ ਸਿਹਤ ਅਤੇ ਐਪਡੀਮਾਲੋਜੀ ਵਿਭਾਗ ਵੱਲੋਂ ਕੈਨੇਡਾ ਦੀ ਸਸਕੈਚਵਨ ਯੂਨੀਵਰਸਿਟੀ ਦੇ ਸਹਿਯੋਗ ਨਾਲ ‘ਅਤਿ ਸੂਖਮ ਤਕਨਾਲੋਜੀ: ਵੈਟਨਰੀ ਵਿਗਿਆਨ ਵਿੱਚ ਇਸ ਦਾ ਮਨੋਰਥ ਅਤੇ ਪਰਿਪੇਖ, ਜਨਤਕ ਸਿਹਤ ਦੇ ਸੰਦਰਭ ਵਿੱਚ’ ਵਿਸ਼ੇ ਤੇ ਅੰਤਰ-ਰਾਸਟਰੀ ਸੈਮੀਨਾਰ ਕਰਵਾਇਆ ਗਿਆ। ਉਦਘਾਟਨੀ ਭਾਸ਼ਣ ਵਿੱਚ ਡਾ. ਵਿਜੇ ਕੁਮਾਰ ਤਨੇਜਾ ਉਪ-ਕੁਲਪਤੀ ਨੇ ਕਿਹਾ ਕਿ ਇਸ ਸੂਖਮ ਤਕਨਾਲੋਜੀ ਵਿੱਚ ਬਹੁਤ ਸੰਭਾਵਨਾਵਾਂ ਛੁਪੀਆਂ ਹੋਈਆਂ ਹਨ। ਪਸ਼ੂਆਂ ਦੇ ਪ੍ਰਜਨਣ, ਜੀਵ ਵਿਗਿਆਨ, ਉਤਪਤੀ ਵਿਗਿਆਨ ਅਤੇ ਉਤਪਾਦਨ ਸਬੰਧੀ ਇਹ ਤਕਨਾਲੋਜੀ ਕਈ ਰੂਪਾਂ ਵਿੱਚ ਸਹਾਈ ਹੋ ਸਕਦੀ ਹੈ। ਇੱਥੇ ਇਹ ਦੱਸਣਾ ਵਰਨਣਯੋਗ ਹੈ ਕਿ ਅਤਿ ਸੂਖਮ ਤਕਨਾਲੋਜੀ ਨੂੰ ਅੰਗਰੇਜ਼ੀ ਵਿੱਚ ਨੈਨੋ ਤਕਨਾਲੋਜੀ ਕਿਹਾ ਜਾਂਦਾ ਹੈ ਜਿਸਦਾ ਅਰਥ ਹੈ ਕਿ ਕਿਸੇ ਵੀ ਕਿਸਮ ਦੇ ਮਾਦੇ, ਦਵਾਈਆਂ, ਸਮੱਗਰੀ ਅਤੇ ਟੀਕਿਆਂ ਆਦਿ ਦਾ ਹੋਰ ਸੂਖਮਤਰ ਰੂਪ ਵਿੱਚ ਵਿਕਾਸ ਅਤੇ ਉਤਪਾਦਨ ਕਰਨਾ।
ਸਸਕੈਚਵਨ ਯੂਨੀਵਰਸਿਟੀ ਕੈਨੇਡਾ ਦੇ ਸਹਿਯੋਗੀ ਡੀਨ, ਡਾ. ਬਲਜੀਤ ਸਿੰਘ ਗਿੱਲ ਨੇ ਕਿਹਾ ਕਿ ਇਸ ਤਕਨਾਲੋਜੀ ਦੇ ਮਾਧਿਅਮ ਨਾਲ ਹੁਣ ਦੇ ਉਪਲਬਧ ਮਾਦੇ ਤੋਂ ਸੂਖਮ ਮਾਦੇ ਤਿਆਰ ਕਰਕੇ ਉਸ ਦਾ ਦਵਾਈਆਂ, ਸਾਜ ਸ਼ਿੰਗਾਰ ਦੇ ਸਮਾਨ ਅਤੇ ਪਦਾਰਥਕ ਵਸਤਾਂ ਦੇ ਵਿੱਚ ਉਪਯੋਗ ਕੀਤਾ ਜਾ ਸਕਦਾ ਹੈ।ਉਨ•ਾਂ ਕਿਹਾ ਕਿ ਨੈਨੋ ਉਦਯੋਗ ਸੰਨ 2015 ਤੱਕ ਖਰਬਾਂ ਰੁਪਏ ਤੱਕ ਪਹੁੰਚ ਜਾਏਗਾ ਅਤੇ ਇਸ ਖੇਤਰ ਵਿੱਚ ਰੁਜ਼ਗਾਰ ਦੀਆਂ ਅਸੀਮ ਸੰਭਾਵਨਾਵਾਂ ਪੈਦਾ ਹੋਣਗੀਆਂ।
ਡਾ. ਸਰਨਰਿੰਦਰ ਸਿੰਘ ਰੰਧਾਵਾ, ਨਿਰਦੇਸ਼ਕ ਖੋਜ ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਇਸ ਤਕਨਾਲੋਜੀ ਦੇ ਮਾਧਿਅਮ ਨਾਲ ਦਵਾਈਆਂ ਤੇ ਹੋਣ ਵਾਲੇ ਖਰਚੇ, ਇਲਾਜ ਵਿੱਚ ਲੱਗਣ ਵਾਲਾ ਵਕਤ ਅਤੇ ਨਿਰੀਖਣ ਵਿੱਚ ਹੋਣ ਵਾਲੀ ਦੇਰੀ ਨੂੰ ਵੀ ਸੁਧਾਰਿਆ ਜਾ ਸਕੇਗਾ। ਇਸ ਨਾਲ ਦਵਾਈਆਂ ਅਤੇ ਉਤਪਾਦਾਂ ਦੇ ਬਿਹਤਰ ਪ੍ਰਦਰਸ਼ਨ ਦੇ ਮੌਕੇ ਬਨਣਗੇ।
ਸੈਮੀਨਾਰ ਦੇ ਪ੍ਰਬੰਧਕੀ ਸਕੱਤਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਵੈਟਨਰੀ ਅਤੇ ਡਾਕਟਰੀ ਵਿਗਿਆਨ ਵਿੱਚ ਇਹ ਤਕਨਾਲੋਜੀ ਕਈ ਰੂਪਾਂ ਨਾਲ ਸਹਾਈ ਹੋਵੇਗੀ। ਉਨ•ਾਂ ਕਿਹਾ ਕਿ ਇਸ ਤਕਨਾਲੋਜੀ ਨਾਲ ਦਵਾਈ ਸਿੱਧੀ ਰੋਗੀ ਸਥਾਨ ਉੱਤੇ ਹੀ ਪ੍ਰਭਾਵੀ ਹੋਏਗੀ ਜਦਕਿ ਸਰੀਰ ਦੇ ਦੂਸਰੇ ਅੰਗ ਉਸਦੇ ਮਾੜੇ ਪ੍ਰਭਾਵਾਂ ਤੋਂ ਬਚੇ ਰਹਿਣਗੇ। ਡਾ. ਗਿੱਲ ਨੇ ਦੱਸਿਆ ਕਿ ਸਮਾਗਮ ਵਿੱਚ ਵੱਖ ਵੱਖ ਸੰਸਥਾਵਾਂ ਤੋਂ 200 ਦੇ ਕਰੀਬ ਵਿਗਿਆਨੀ ਪਹੁੰਚੇ। ਉਨ•ਾਂ ਨੇ ਆਏ ਹੋਏ ਮਹਿਮਾਨਾਂ ਲਈ ਧੰਨਵਾਦ ਦਾ ਮਤਾ ਵੀ ਪੇਸ਼ ਕੀਤਾ।
ਫਾਰਮੇਸੀ ਸਿੱਖਿਆ ਦੇ ਮਾਹਿਰ ਡਾ. ਸੰਯੋਗ ਜੈਨ ਨੇ ਅਤਿ ਸੂਖਮ ਦਵਾਈਆਂ ਅਤੇ ਟੀਕਿਆਂ ਸਬੰਧੀ ਆਪਣਾ ਗਿਆਨ ਭਰਪੂਰ ਭਾਸ਼ਣ ਦਿੱਤਾ।
ਪੀ.ਜੀ.ਆਈ. ਚੰਡੀਗੜ• ਦੇ ਡਾ. ਸਮੀਰ ਮਲਹੋਤਰਾ ਨੇ ਦੱਸਿਆ ਕਿ ਤਪਦਿਕ ਰੋਗ ਦੇ ਵਿੱਚ ਨੈਨੋ ਤਕਨਾਲੋਜੀ ਦਵਾਈਆਂ ਕਾਰਣ ਦਵਾਈ ਦੀ ਲੋੜ ਇਨੀ ਘੱਟ ਜਾਂਦੀ ਹੈ ਜਿੱਥੇ ਆਮ ਦਵਾਈ ਰੋਜ਼ ਲੈਣੀ ਪੈਂਦੀ ਹੈ ਉੱਥੇ ਇਸ ਦਵਾਈ ਨੂੰ ਦਸ ਦਿਨ ਬਾਅਦ ਲੈ ਕੇ ਵੀ ਬਿਹਤਰ ਨਤੀਜੇ ਮਿਲਦੇ ਹਨ।
ਸੈਮੀਨਾਰ ਵਿੱਚ ਡਾ. ਜਸਬੀਰ ਸਿੰਘ ਬੇਦੀ, ਵੈਟਨਰੀ ਯੂਨੀਵਰਸਿਟੀ ਲੁਧਿਆਣਾ, ਡਾ. ਡੇਵਿਡ ਸਸਕੈਚਵਨ ਯੂਨੀਵਰਸਿਟੀ ਕੈਨੇਡਾ, ਡਾ. ਬੀ. ਐਸ. ਸੇਖੋਂ, ਡੀਨ ਪੰਜਾਬ ਕਾਲਜ ਆਫ ਟੈਕਨੀਕਲ ਐਜੁਕੇਸ਼ਨ, ਡਾ. ਆਈ. ਐਸ ਸੰਧੂ, ਡੀਨ ਚਿਤਕਾਰਾ ਯੂਨੀਵਰਸਿਟੀ ਅਤੇ ਡਾ. ਅਨੂ ਕਾਲੀਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਤਕਨਾਲੋਜੀ ਦੇ ਵੱਖ ਵੱਖ ਪਹਿਲੂਆਂ ਤੇ ਜਾਣਕਾਰੀ ਭਰਪੂਰ ਭਾਸ਼ਣ ਦਿੱਤੇ ਅਤੇ ਇਸ ਤਕਨਾਲੋਜੀ ਨੂੰ ਵਿਗਿਆਨ ਦਾ ਨਵਾਂ ਚਿਹਰਾ ਦੱਸਿਆ।