December 21, 2011 admin

ਕੁਰਸੀ ਦੀ ਲੜਾਈ ਲੜਨ ਵਾਲੇ ਸਿਆਸੀ ਵਪਾਰੀ ਲੋਕਾਂ ਦੀ ਲੜਾਈ ਨਹੀਂ ਲੜ ਸਕਦੇ – ਅਮਨਪ੍ਰੀਤ ਛੀਨਾ

ਅੰਮ੍ਰਿਤਸਰ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਸੰਯੁਕਤ ਸਕੱਤਰ ਅਮਨਪ੍ਰੀਤ ਸਿੰਘ ਛੀਨਾ ਨੇ ਕਿਹਾ ਕਿ ਕੁਰਸੀ ਦੀ ਲੜਾਈ ਲੜਨ ਵਾਲੇ ਸਿਆਸੀ ਵਪਾਰੀ ਕਦੇ ਵੀ ਲੋਕਾਂ ਦੀ ਲੜਾਈ ਨਹੀਂ ਲੜ ਸਕਦੇ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੋਕਾਂ ਦੀ ਲੜਾਈ ਲੜਨ ਲਈ ਧੰਨਵਾਡ ਸਿਆਸੀਆਂ ਦੀ ਲੋੜ ਨਹੀਂ ਬਲਕਿ ਪਾਰਟੀ ਨੂੰ ਲੋਕਾਂ ਦੇ ਵਿੱਚੋਂ  ਲੋਕਾਂ ਦੀ ਲੜਾਈ ਲੜਨ ਵਾਲੇ ਲੀਡਰਾਂ ਦੀ ਲੋੜ ਹੈ।
ਉਹਨਾਂ ਨੇ ਬੀਤੇ ਦਿਨੀਂ ਪਾਰਟੀ ਛੱਡ ਜਾਣ ਵਾਲੇ ਨੇਤਾਵਾਂ ਤੇ ਵਿਅੰਗ ਕਸਦਿਆਂ ਕਿਹਾ ਕਿ ਜੋ ਸਿਆਸੀ ਵਪਾਰੀ ਕੁਰਸੀ ਨੂੰ ਮੁੱਖ ਰਖਕੇ ਸ਼ਹੀਦਾਂ ਦੇ ਦਰਸਾਏ ਰਸਤੇ ਨੂੰ ਛੱਡਨਗੇ ਪੰਜਾਬੀ ਉਹਨਾਂ ਗੱਦਾਰਾਂ ਨੂੰ ਕਦੀ ਮੁਆਫ ਨਹੀਂ ਕਰਨਗੇ। ਸ. ਅਮਨਪ੍ਰੀਤ ਛੀਨਾ ਨੇ ਕਿਹਾ ਕਿ ਸਿਆਸਤ ਦੇ ਵਪਾਰੀਕਰਨ ਦੇ ਕਾਰਨ ਸੂਬੇ ਦੀ ਸਿਆਸਤ ਵਿੱਚ ਵੱਡਾ ਵਗਾੜ ਪੈਦਾ ਹੋ ਗਿਆ ਹੈ। ਭ੍ਰਿਸ਼ਟ ਅਤੇ ਮੌਕਾ ਪ੍ਰਸਤ ਸਿਆਸਤਦਾਨਾਂ ਨੇ ਸੂਬੇ ਨੂੰ ਵੇਚ ਕੇ  ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਕੋਲ ਕੋਈ ਨੀਤੀ ਨਹੀਂ , ਇਸ ਕਰਕੇ ਹੁਣ ਸੂਬੇ ਦੇ ਲੋਕ ਸਕਾਰਾਤਮਕ ਤਬਦੀਲੀ ਲਿਆਉਣ ਲਈ ਕਾਹਲੇ ਹਨ। ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਲੋਕ ਅਕਾਲੀ-ਭਾਜਪਾ ਤੇ ਕਾਂਗਰਸ ਨੂੰ ਮੁੰਹ ਤੋੜ ਜਵਾਬ ਦੇਣਗੇ ਅਤੇ ਭ੍ਰਿਸ਼ਟਾਚਾਰ, ਗਰੀਬੀ, ਬੇਰੋਜਗਾਰੀ, ਨਸ਼ਾ ਅਤੇ ਅਨਪੜਾ ਦੇ ਖਾਤਮੇ ਲਈ ਸਿਆਸੀ ਵਪਾਰੀਆਂ ਨੂੰ ਮੁੰਹ ਨਹੀਂ ਲਾਉਣਗੇ।  
ਪਾਰਟੀ ਦੇ ਵਰਕਰ ਤੇ ਲੀਡਰ ਸ.ਮਨਪ੍ਰੀਤ ਸਿੰਘ ਬਾਦਲ ਦੀ ਪੰਜਾਬ ਪ੍ਰਤੀ ਸੋਚ ਦੇ ਨਾਲ ਖੜੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸਾਂਝੇ ਮੋਰਚੇ ਦੀ ਸਰਕਾਰ ਬਨਾਉਣ ਲਈ ਦਿਨ-ਰਾਤ ਇੱਕ ਕਰ ਦੇਣਗੇ। ਉਹਨਾਂ ਦੱਸਿਆ ਕਿ ਪਾਰਟੀ ਆਉਣ ਵਾਲੇ ਦਿਨਾਂ ਵਿੱਚ ਤਿੰਨ ਵੱਡੀਆਂ ਰੈਲੀਆਂ ਕਰਕੇ ਦੋਵਾਂ ਪਾਰਟੀਆਂ ਨੂੰ ਇਹ ਸੁਨੇਹਾ ਦੇ ਦਵੇਗੀ ਕਿ ਆਉਣ ਵਾਲੀ ਸਰਕਾਰ ਲੋਕਾਂ ਦੀ ਸਰਕਾਰ ਹੋਵੇਗੀ ਨਾ ਕਿ ਧਨਾਡ ਸਿਆਸਤਦਾਨਾਂ ਦੀ।  
ਉਹਨਾਂ ਨੇ ਇਹ ਵੀ ਦੱਸਿਆ ਕਿ ਮਾਝੇ ਦੀ ਵਿਸ਼ਾਲ ਰੈਲੀ ਜਨਵਰੀ ਦੇ ਮਹੀਨੇ ਚ ਹੋਣ ਜਾ ਰਹੀ ਹੈ ਜਿਸ ਵਿੱਚ ਸਮੂਚਾ ਮਾਝਾ ਥੰਮ ਬਣਕੇ ਸਾਂਝੇ ਮੋਰਚੇ ਦਾ ਸਾਥ ਦਵੇਗਾ। ਮੌਜੂਦਾ ਸਮੇਂ ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ ਤੇ ਨਾਜਾਇਜ਼ ਪਰਚਿਆਂ ਦਾ ਦਬਾਅ ਬਣਾਕੇ ਲੋਕਾਂ ਨੂੰ ਦਬਾਇਆ ਹੈ ਪਰ ਲੋਕ ਧੜਾਧੜ ਪੀਪੀਪੀ ਦੇ ਨਾਲ ਜੁੜ ਰਹੇ ਹਨ ਤੇ ਚੋਣ ਜਾਪਤਾ ਲਗਦਿਆਂ ਹੀ ਵੱਡੇ ਥੱਮ ਖੁਲਕੇ ਸਾਂਝੇ ਮੋਰਚੇ ਦਾ ਸਮਰਥਨ ਕਰਨਗੇ।

Translate »