December 21, 2011 admin

ਸ਼ਾਮਲਾਟ ਜ਼ਮੀਨਾਂ ਦੀ ਮਾਲਕੀ ਮਿਲਣ ਤੋਂ ਖੁਸ਼ ਕਿਸਾਨਾਂ ਵੱਲੋਂ ਉਪ-ਮੁੱਖ ਮੰਤਰੀ ਦਾ ਸਨਮਾਨ

ਬਠਿੰਡਾ , 21 ਦਸੰਬਰ – ਉਪ-ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਛੇ ਪਿੰਡਾਂ ਦੇ ਕਾਸ਼ਤਕਾਰ ਕਿਸਾਨਾਂ ਨੂੰ ਸ਼ਾਮਲਾਟ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਦੇ ਫੈਸਲੇ ਨੇ ਉਨ੍ਹਾਂ ਨੂੰ ਦਿਲੀ ਖੁਸ਼ੀ ਬਖਸ਼ੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਪਿੰਡਾਂ ਵਿਰਕ ਕਲਾਂ, ਗੋਨੇਆਣਾ ਖੁਰਦ, ਜੀਦਾ, ਖੇਮੂਆਣਾ, ਹਰਰਾਏਪੁਰ ਅਤੇ ਜੰਡਵਾਲਾ ਦੇ ਕਿਸਾਨਾਂ ਦੀ ਇਹ ਮਾਲਕੀ ਹੱਕ ਲੈਣ ਦੀ ਕਾਫੀ ਚਿਰਾਂ ਤੋਂ ਮੰਗ ਰਹੀ ਹੈ ਜਿਸਨੂੰ ਮੌਜੂਦਾ ਪੰਜਾਬ ਸਰਕਾਰ ਨੇ ਪੂਰਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਇਸ ਜ਼ਮੀਨ ਉੱਪਰ 1950 ਤੋਂ ਪਹਿਲਾਂ ਦੇ ਖੇਤੀ ਕਰ ਰਹੇ ਸਨ ਪਰ ਉਨ੍ਹਾਂ ਨੂੰ ਇਸ ਜ਼ਮੀਨ ਦੇ ਮਾਲਕੀ ਹੱਕ ਨਹੀਂ ਮਿਲੇ ਸਨ।
ਸ. ਬਾਦਲ ਨੇ ਇਹ ਗੱਲ ਪਿੰਡ ਹਰਰਾਏਪੁਰ ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਆਖੀ। ਇਹ ਸਮਾਗਮ ਉਕਤ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਸਨਮਾਨ ਲਈ ਰੱਖਿਆ ਗਿਆ ਸੀ। ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਨੇ ਜ਼ਿਲ੍ਹੇ ਦੇ ਪਿੰਡ ਪੂਹਲਾ ਵਿਖੇ ਨਿਊ ਲਾਈਨਡ ਢੇਲਵਾਂ ਡਿਸਟ੍ਰੀਬਿਊਟਰੀ ਦੇ ਕੰਮ ਦੀ ਰਸਮੀ ਸ਼ੁਰੂਆਤ ਕਰਵਾਈ।
ਸਮਾਗਮ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਫੈਸਲੇ ਨਾਲ ਇਨ੍ਹਾਂ ਪਿੰਡਾਂ ਦੇ ਕਿਸਾਨ ਕਾਸ਼ਤਕਾਰਾਂ ਨੂੰ 8100 ਏਕੜ ਦੇ ਕਰੀਬ ਜ਼ਮੀਨ ਦੀ ਮਾਲਕੀ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਵੱਲੋਂ ਜ਼ਮੀਨਾਂ ਲਈ ਪਾਣੀ ਦੀ ਘਾਟ ਦਾ ਮਸਲਾ ਵੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਅਤੇ ਢਿੱਲਵਾਂ ਮਾਈਨਰ ਦੇ ਬਣਨ ਨਾਲ ਕਿਸਾਨਾਂ ਦੀ ਇਹ ਸਮੱਸਿਆ ਵੀ ਹੱਲ ਹੋ ਗਈ।
Êਸ.ਬਾਦਲ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਸਮੁੱਚੇ ਪੰਜਾਬ ਦੇ ਕੀਤੇ ਗਏ ਵਿਕਾਸ ਦੇ ਤਹਿਤ ਜ਼ਿਲ੍ਹਾ ਬਠਿੰਡਾ ਦਾ ਵੀ ਬਹੁਪੱਖੀ ਵਿਕਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਯੂਨੀਵਰਸਿਟੀ, ਬਠਿੰਡਾ ਤੇਲ ਸੋਧਕ ਕਾਰਖਾਨਾ ਤੇ ਹੋਰ ਅਹਿਮ ਪ੍ਰਾਜੈਕਟ ਇਸ ਖੇਤਰ ਵਿੱਚ ਸਥਾਪਤ ਹੋਏ ਜਿਸ ਨਾਲ ਇਹ ਜ਼ਿਲ੍ਹਾ ਵੀ ਵਿਕਾਸ ਦੇ ਨਾਲ ਨਾਲ ਸਿੱਖਿਆ ਤੇ ਸਿਹਤ ਸਹੂਲਤਾਂ ਦਾ ਕੇਂਦਰ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਮੌਕੇ ਇਹ ਖੇਤਰ ਵਿਕਾਸ ਪੱਖੋਂ ਪੂਰੀ ਤਰ੍ਹਾਂ ਵਿਸਾਰਿਆ ਹੋਇਆ ਸੀ।
ਇਸ ਸਮਾਗਮ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਕਮਲ ਕਿਸ਼ੋਰ ਯਾਦਵ, ਜ਼ਿਲ੍ਹਾ ਪੁਲੀਸ ਮੁਖੀ  ਡਾ. ਸੁਖਚੈਨ ਸਿੰਘ ਗਿੱਲ, ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਸ੍ਰੀ ਦਰਸ਼ਨ ਸਿੰਘ ਕੋਟਫੱਤਾ, ਹਲਕਾ ਇੰਚਾਰਜ ਸ੍ਰੀ ਲਖਵਿੰਦਰ ਸਿੰਘ ਲੱਖੀ ਜ਼ੈਲਦਾਰ, ਡਾਇਰੈਕਟਰ ਪਨਬੱਸ ਪੰਜਾਬ ਸ੍ਰੀ ਦਿਆਲ ਦਾਸ ਸੋਢੀ, ਪੀ.ਆਰ.ਟੀ.ਸੀ ਦੇ ਵਾਈਸ ਚੇਅਰਮੈਨ ਸ੍ਰੀ ਬਲਕਾਰ ਸਿੰਘ, ਜ਼ਿਲ੍ਹਾ ਸਿਹਤ ਸਲਾਹਕਾਰ ਕਮੇਟੀ ਦੇ ਮੈਂਬਰ ਡਾ. ਓਮ ਪ੍ਰਕਾਸ਼ ਸ਼ਰਮਾਂ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Translate »