December 21, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਾਰਥ ਜ਼ੋਨ ਅੰਤਰ ਯੂਨੀਵਰਸਿਟੀ ਯੂਥ ਫੈਸਟੀਵਲ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ

ਅੰਮ੍ਰਿਤਸਰ, 21 ਦਸੰਬਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਨਾਰਥ ਜ਼ੋਨ ਅੰਤਰ ਯੂਨੀਵਰਸਿਟੀ ਯੂਥ ਫੈਸਟੀਵਲ ਵਿਚ 5ਵਰਆਲ ਚੈਂਪੀਅਨਸ਼ਿਪ ਟਰਾਫੀ ਹਾਸਲ ਕੀਤੇ ਜਾਣ ‘ਤੇ ਜੇਤੂ ਵਿਦਿਆਰਥੀਆਂ ਦੇ ਸਨਮਾਨ ਵਿਚ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸਦੀ ਪ੍ਰਧਾਨਗੀ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਕੀਤੀ। ਇਸ ਤੋਂ ਪਹਿਲਾਂ ਸਮਾਰੋਹ ਦਾ ਆਗਾਜ਼ ਸ਼ਬਦ ਕੀਰਤਨ ਨਾਲ ਹੋਇਆ।
ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਇੰਦਰਜੀਤ ਸਿੰਘ, ਡੀਨ, ਅਕਾਦਮਿਕ ਮਾਮਲੇ, ਡਾ. ਰਜਿੰਦਰਜੀਤ ਕੌਰ ਪੁਆਰ, ਯੂਨੀਵਰਸਿਟੀ ਦੇ ਯੁਵਕ ਭਲਾਈ ਦੀ ਡਾਇਰੈਕਟਰ, ਡਾ. ਜਗਜੀਤ ਕੌਰ, ਸਪੋਰਟਸ ਵਿਭਾਗ ਦੇ ਓ.ਐਸ.ਡੀ., ਡਾ. ਕੰਵਲਜੀਤ ਸਿੰਘ, ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਅਤੇ ਵਿਦਿਆਰਥੀ ਕਲਾਕਾਰ ਹਾਜਰ ਸਨ।
ਵਾਈਸ-ਚਾਂਸਲਰ, ਪ੍ਰੋ. ਬਰਾੜ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਨਾਰਥ ਜ਼ੋਨ ਅੰਤਰ ਯੂਨੀਵਰਸਿਟੀ ਯੂਥ ਫੈਸਟੀਵਲ ਵਿਚ 5ਵਰਆਲ ਚੈਂਪੀਅਨਸ਼ਿਪ ਟਰਾਫੀ ਹਾਸਲ ਕੀਤੇ ਜਾਣ ‘ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਜਨਵਰੀ ਵਿਚ ਹੋਣ ਵਾਲੇ ਨੈਸ਼ਨਲ ਯੂਥ ਫੈਸਟੀਵਲ ਵਿਚ ਵੀ ਵਿਦਿਆਰਥੀ ਯੂਨੀਵਰਸਿਟੀ ਦਾ ਨਾਂ ਰੌਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਇਸ ਦੇ ਵਿਦਿਆਰਥੀ ਅਤੇ ਅਧਿਆਪਕ ਵੱਧ ਚੜ੍ਹ ਕੇ ਕਾਫੀ ਮਿਹਨਤ ਕਰ ਰਹੇ ਹਨ। ਉਨਾਂ੍ਹ ਵਿਦਿਆਰਥੀਆਂ ਨੂੰ ਇਹ ਵੀ ਕਿਹਾ ਕਿ ਉਹ ਸਭਿਆਚਾਰਕ ਗਤੀਵਿਧੀਆਂ ਤੋਂ ਇਲਾਵਾ ਤਕਨੀਕ, ਸਿਖਿਆ ਅਤੇ ਹੋਰਨਾਂ ਗਤੀਵਿਧੀਆਂ ਵਿਚ ਵੀ ਆਪਣਾ ਯੋਗਦਾਨ ਪਾ ਕੇ ਦੁਨੀਆਂ ਦਾ ਸਾਹਮਣੇ ਇਕ ਮਿਸਾਲ ਬਣਨ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਸੰਗੀਤ ਕਾਫੀ ਪਸੰਦ ਕੀਤਾ ਜਾਂਦਾ ਹੈ। ਵਿਦਿਆਰਥੀ ਕਲਾਕਾਰ ਹਿੰਦੋਸਤਾਨ ਦੇ ਹਰ ਹਿੱਸੇ ਵਿਚ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵੱਧ ਤੋਂ ਵੱਧ ਯੋਗਦਾਨ ਪਾ ਰਹੇ ਹਨ, ਜੋ ਕਿ ਸਾਰਿਆਂ ਲਈ ਮਾਣ ਵਾਲੀ ਗੱਲ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਖੁੱਲ੍ਹੇ ਮਨ ਨਾਲ ਅਤੇ ਬਿਨਾ ਕਿਸੇ ਈਰਖਾ ਤੋਂ ਮਿਹਤਨ ਕਰਕੇ ਦੁਨੀਆਂ ਵਿਚ ਆਪਣਾ ਸਿੱਕਾ ਜਮਾਉਣ। ਉਨ੍ਹਾਂ ਨੇ ਇਕ ਵਾਰ ਫਿਰ ਵਿਦਿਆਰਥੀਆਂ ਨੁੰ ਅਪੀਲ ਕੀਤੀ ਕਿ ਉਹ ਨਾਗਪੁਰ ਵਿਚ ਹੋਣ ਵਾਲੇ ਨੈਸ਼ਨਲ ਯੂਥ ਫੈਸਟੀਵਲ ਵਿਚ ਪਰਮਾਤਮਾ ਦਾ ਨਾਂ ਲੈ ਕੇ ਮਿਹਨਤ ਅਤੇ ਲਗਨ ਨਾਲ ਜਾਣ ਅਤੇ ਇਕ ਵਾਰ ਫਿਰ ਯੂਨੀਵਰਸਿਟੀ ਦਾ ਨਾਂ ਰੌਸ਼ਨ ਕਰਨ।
ਇਸ ਮੌਕੇ ਰਜਿਸਟਰਾਰ, ਡਾ. ਇੰਦਰਜੀਤ ਸਿੰਘ ਨੇ ਜਿੱਥੇ ਵਿਦਿਆਰਥੀਆਂ ਨੁੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ, ਉਥੇ ਉਨ੍ਹਾਂ ਨੇ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਕਲਾਕਾਰਾਂ ਦੇ ਬਾਰੇ ਵੀ ਜ਼ਿਕਰ ਕੀਤਾ, ਜੋ ਕਿ ਪੂਰੇ ਭਾਰਤ ਵਿਚ ਆਪਣੀ ਗਾਇਕੀ ਅਤੇ ਪ੍ਰਤਿਭਾ ਦੀ ਪਛਾਣ ਕਾਇਮ ਕਰ ਰਹੇ ਹਨ। ਉਨ੍ਹਾਂ ਨੇ  ਕਿਹਾ ਕਿ ਜਿੱਥੇ ਖੇਡਾਂ ਵਿਚ ਪ੍ਰਤਿਭਾਵਾਨ ਵਿਦਿਆਰਥੀਆਂ ਨੂੰ ਵਿਸ਼ੇਸ਼ ਸਹੂਲਤਾਂ ਮੁਹਈਆ ਕੀਤੀਆਂ ਜਾਂਦੀਆਂ ਹਨ, ਉਥੇ ਵਿਦਿਆਰਥੀ ਕਲਾਕਾਰਾਂ ਲਈ ਵੀ ਹਰ ਖੇਤਰ ਵਿਚ ਸੀਟਾਂ ਰਾਖਵੀਆਂ ਹੋਣੀਆਂ ਚਾਹੀਦੀਆਂ ਹਨ।
ਇਸ ਤੋਂ ਪਹਿਲਾਂ ਡਾ. ਜਗਜੀਤ ਕੌਰ ਨੇ ਨਾਰਥ ਜ਼ੋਨ ਅੰਤਰ ਯੂਨੀਵਰਸਿਟੀ ਯੂਥ ਫੈਸਟੀਵਲ ਵਿਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਦਸਦਿਆਂ ਕਿਹਾ ਕਿ ਇਸ ਫੈਸਟੀਵਲ ਵਿਚ 40 ਵਿਦਿਆਰਥੀ ਕਲਾਕਾਰਾਂ ਨੇ ਭਾਗ ਲਿਆ। ਫੈਸਟੀਵਲ ਵਿਚ ਪੇਸ਼ ਕੀਤੀਆਂ 22 ਸਭਿਆਚਾਰਕ ਆਈਟਮਾਂ ਵਿਚੋਂ 20 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੇਤੂ ਰਹੀ, ਜਿਸ ਵਿਚ ਨੌਂ ਆਈਟਮਾਂ ਵਿਚ ਪਹਿਲਾ ਸਥਾਨ,  ਅੱਠ ਵਿਚ ਦੂਜਾ ਅਤੇ ਤਿੰਨ ਆਈਟਮਾਂ ਵਿਚ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਫੈਸਟੀਵਲ ਵਿਚ ਪਹਿਲੇ ਸਥਾਨ ‘ਤੇ ਆਈਆਂ ਆਈਟਮਾਂ ਪ੍ਰਸਤੁਤ ਕੀਤੀਆਂ ਗਈਆਂ, ਜਿਸ ਵਿਚ ਮਿਮਕਰੀ, ਗਜ਼ਲ, ਕਲਾਸੀਕਲ ਡਾਂਸ, ਸਕਿੱਟ ਆਦਿ ਸ਼ਾਮਿਲ ਸਨ।
ਸਮਾਰੋਹ ਦੇ ਅੰਤ ਵਿਚ ਡੀਨ, ਅਕਾਦਮਿਕ ਮਾਮਲੇ, ਡਾ. ਪੁਆਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Translate »