ਪਟਿਆਲਾ, 22 ਦਸੰਬਰ : ਭਾਰਤ ਸਕਾਊਟ ਐਂਡ ਗਾਈਡ ਦੇ ਰਾਸ਼ਟਰੀ ਹੈਡਕੁਆਟਰ ਨਵੀਂ ਦਿੱਲੀ ਵਿਖੇ ਆਯੋਜਿਤ ਲਕਸ਼ਮੀ ਮਜੂਮਦਾਰ ਰਾਸ਼ਟਰੀ ਐਵਾਰਡ 2010-11 ਦੌਰਾਨ ਪਟਿਆਲਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਲੋਨੀ ਦੇ ਗਾਈਡ ਵਿੰਗ ਨੇ ਦੇਸ਼ ਭਰ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਅਮਰਜੀਤ ਕੌਰ ਗਿੱਲ ਨੇ ਦੱਸਿਆ ਕਿ ਭਾਰਤ ਸਕਾਊਟ ਐਂਡ ਗਾਈਡ ਦਾ ਇਹ ਵੱਕਾਰੀ ਐਵਾਰਡ ਉਸ ਸਕੂਲ ਨੂੰ ਦਿੱਤਾ ਜਾਂਦਾ ਹੈ ਜਿਸਨੇ ਲਗਾਤਾਰ ਸਮਾਜ ਸੇਵਾ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੋਵੇ ਅਤੇ ਸਮਾਜਿਕ ਬੁਰਾਈਆਂ ਜਿਵੇਂ ਨਸ਼ਿਆਂ, ਭਰੂਣ ਹੱਤਿਆ ਆਦਿ ਦੇ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਹੋਵੇ ।
ਉਨ੍ਹਾਂ ਦੱਸਿਆ ਕਿ ਇਸ ਸਕੂਲ ਦੇ ਗਾਈਡਜ਼ ਨੇ ਸਾਲ 2010-11 ਵਿੱਚ ਲਗਾਤਾਰ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਧਾਰਮਿਕ ਸਥਾਨਾਂ ਵਿੱਚ ਛਬੀਲ ਦੀ ਸੇਵਾ ਪੂਰੀ ਤਨਦੇਹੀ ਨਾਲ ਕੀਤੀ ਜਿਸ ਸਦਕਾ ਸਕੂਲ ਦੇ 32 ਗਾਈਡਜ਼, ਗਰੁੱਪ ਮੁਖੀ-ਕਮ-ਪ੍ਰਿੰਸੀਪਲ, ਸ਼੍ਰੀ ਜਗਮੋਹਨ ਸਿੰਘ, ਸ਼ੀ੍ਰਮਤੀ ਕਰਮਜੀਤ ਕੌਰ ਅਤੇ ਸ਼੍ਰੀਮਤੀ ਪ੍ਰਭਜੋਤ ਕੌਰ ਗਾਈਡ ਕੈਪਟਨ ਨੇ ਸਕੂਲ ਨੂੰ ਇਹ ਐਵਾਰਡ ਦਿਵਾਉਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ । ਇਸ ਮੌਕੇ ਸ਼੍ਰੀਮਤੀ ਗਿੱਲ ਨੇ ਭਾਰਤ ਸਕਾਊਟ ਐਂਡ ਗਾਈਡ ਪੰਜਾਬ ਦੇ ਸਕੱਤਰ ਸ਼੍ਰੀ ਜੀ.ਐਸ. ਗਰੇਵਾਲ, ਪੰਜਾਬ ਸਟੇਟ ਆਰਗੇਨਾਈਜ਼ਰ ਕਮਿਸ਼ਨਰ (ਗਾਈਡ ਵਿੰਗ) ਸ਼੍ਰੀਮਤੀ ਸੁਰਿੰਦਰ ਕੌਰ ਅਬਰੋਲ, ਜ਼ਿਲ੍ਹਾ ਸਕਾਊਟ ਤੇ ਗਾਈਡ ਕਮਿਸ਼ਨਰ-ਕਮ-ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਪਰਮੋਦ ਕੁਮਾਰ ਅਤੇ ਗਾਈਡ ਵਿੰਗ ਦੇ ਹੀ ਸ਼੍ਰੀਮਤੀ ਰਵਿੰਦਰ ਕੌਰ ਸਿੱਧੂ ਵੱਲੋਂ ਦਿੱਤੇ ਗਏ ਸਹਿਯੋਗ ਲਈ ਵੀ ਧੰਨਵਾਦ ਕੀਤਾ ।