December 22, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਕੰਪਿਊਟਰ ਸਾਇੰਸ ਵਿਸ਼ੇ 21 ਦਿਨਾ ਰਿਫਰੈਸ਼ਰ ਕੋਰਸ ਸ਼ੁਰੂ

ਅੰਮ੍ਰਿਤਸਰ, 22 ਦਸੰਬਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਕੰਪਿਊਟਰ ਸਾਇੰਸ ਵਿਸ਼ੇ 21 ਦਿਨਾ ਰਿਫਰੈਸ਼ਰ ਕੋਰਸ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਿਖੇ ਸ਼ੁਰੂ ਹੋ ਗਿਆ। ਇਹ ਕੋਰਸ 10 ਜਨਵਰੀ ਤੱਕ ਚੱਲੇਗਾ।
ਇਸ ਕੋਰਸ ਦਾ ਉਦਘਾਟਨ ਡਾ. ਬੀ.ਆਰ.ਏ. ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ, ਜਲੰਧਰ ਦੇ ਡਾਇਰੈਕਟਰ ਤੇ ਪ੍ਰੋਫੈਸਰ, ਡਾ. ਐਸ. ਕੇ. ਦਾਸ ਨੇ ਕੀਤਾ। ਇਸ ਮੌਕੇ ਇਸ ਇੰਸਟੀਚਿਊਟ ਤੋਂ ਸ੍ਰੀ ਹਰਸ਼, ਮੁਖੀ, ਕੰਪਿਊਟਸ ਵਿਭਾਗ ਅਤੇ ਡਾ. ਲਲਿਤ ਅਵਸਥੀ, ਹਮੀਰਪੁਰ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਕੋਰਸ ਕੋ-ਆਰਡੀਨੇਟਰ ਡਾ. ਪਰਮਿੰਦਰ ਕੌਰ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਨੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ।
ਕੋਰਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਕੋਰਸ ਦਾ ਮੁਖ ਮੰਤਵ ਭਾਗ ਲੈਣ ਵਾਲਿਆਂ ਨੂੰ ਕੰਪਿਊਟਰ ਦੇ ਖੇਤਰ ਵਿਚ ਹੋ ਰਹੀਆਂ ਨਵੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਭਾਗ ਲੈਣ ਵਾਲਿਆਂ ਦੇ ਆਪਸੀ ਗੱਲ-ਬਾਤ ਨਾਲ ਉਨ੍ਹਾਂ ਨੂੰ ਵੱਧ ਤੋਂ ਵੱਧ ਸਿੱਖਣ ਨੂੰ ਮਿਲੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਗ ਲੈਣ ਵਾਲਿਆਂ ਨੂੰ ਕੋਰਸ ਦੌਰਾਨ ਜਾਣਕਾਰੀ ਦੇਣ ਲਈ ਉੱਘੇ ਅਧਿਆਪਕਾਂ ਨੂੰ ਬੁਲਾਇਆ ਗਿਆ ਹੈ, ਜੋ ਕਿ ਇਨ੍ਹਾਂ ਨੂੰ ਕੋਰਸ ਦੌਰਾਨ ਵੱਧ ਤੋਂ ਵੱਧ ਗਿਆਨ ਦੇਣਗੇ।
       ਡਾ. ਦਾਸ ਨੇ ਕੰਪਿਊਟਰ ਦੇ ਮਹੱਤਵ ਬਾਰੇ ਗੱਲ ਕਰਦਿਆਂ ਕਿਹਾ ਕਿ ਆਧੁਨਿਕ ਯੁੱਗ ਕੰਪਿਊਟਰ ਦਾ ਯੁੱਗ ਹੈ। ਪਰ ਕੰਪਿਊਟਰ ਦੀ ਸਹੀ ਸਿੱਖਿਆ ਲਈ ਇਸ ਦਾ ਡੂੰਘਾ ਗਿਆਨ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਪਾਰਟੀਸਿਪੈਂਟਸ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਸ ਕੋਰਸ ਤੋਂ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ ਜੋ ਕਿ ਉਨ੍ਹਾਂ ਨੂੰ ਪੜ੍ਹਾਉਣ ਵਿਚ ਸਹਾਇਕ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਰਸ ਵਿਚ ਭਾਗ ਲੈਣ ਵਾਲੇ ਕੰਪਿਊਟਰ ਦੇ ਖੇਤਰ ਵਿਚ ਹੋਰ ਯੋਗਦਾਨ ਪਾਉਣ।
ਡਾ. ਸਤੀਸ਼ ਵਰਮਾ, ਡਾਇਰੈਕਟਰ ਨੇ ਮੁੱਖ ਮਹਿਮਾਨ ਨੂੰ ਆਪਣੇ ਰੁਝੇਵੇਂ ਵਿਚੋਂ ਸਮਾਂ ਕੱਢ ਕੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਅਤੇ ਪਾਰਟੀਸਿਪੈਂਟਸ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਕੋਰਸ ਵਿਚ ਭਾਗ ਲੈਣ ਵਾਲਿਆਂ ਨੂੰ ਸਿਰਫ ਕਿਤਾਬੀ ਗਿਆਨ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ ਬਲਕਿ ਵੱਧ ਤੋਂ ਵੱਧ ਪ੍ਰੈਕਟੀਕਲੀ ਕੰਮ ਕਰਨਾ ਚਾਹੀਦਾ ਹੈ। ਅਕਾਦਮਿਕ ਸਟਾਫ ਕਾਲਜ ਵਿਖੇ ਪਾਰਟੀਸਿਪੈਂਟਸ ਲਈ ਕੰਪਿਊਟਰ ਲੈਬ ਅਤੇ ਲਾਇਬਰੇਰੀ ਵੀ ਉਪਲਬਧ ਹਨ, ਜਿਸਦਾ ਉਨ੍ਹਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣ ਲਈ ਵੀ ਅਪੀਲ ਕੀਤੀ।
       ਡਾ. ਹਰਸ਼ ਨੇ ਕਿਹਾ ਕੰਪਿਊਟਰ ਦੇ ਖੇਤਵ ਵਿਚ ਹਰ ਦਿਨ ਨਵੀਆਂ ਤੋਂ ਨਵੀਆਂ ਖੋਜਾਂ ਹੋ ਰਹੀਆਂ ਹਨ ਅਤੇ ਸਾਫਟਵੇਅਰ ਅਤੇ ਹਾਰਡਵੇਅਰ ਦਾ ਹੋਰ ਵਿਕਾਸ ਹੋ ਰਿਹਾ ਹੈ। ਇਸ ਦੇ ਗਿਆਨ ਲਈ ਆਪਣੀ ਗੱਲ-ਬਾਤ ਬਹੁਤ ਜ਼ਰੂਰ ਹੈ ਅਜਿਹੇ ਕੋਰਸਾਂ ਨਾਲ ਇਸ ਵਿਸ਼ੇ ਦੇ ਅਧਿਆਪਕ ਜੋ ਕਿ ਆਪਸ ਵਿਚ ਇਕੱਠੇ ਹੋਣਗੇ ਤਾਂ ਉਹ ਇਨ੍ਹਾਂ ਦੇ ਵਿਕਾਸ ਤੋਂ ਵੱਧ ਤੋਂ ਵੱਧ ਜਾਣੂ ਹੋਣਗੇ।
       ਸਮਾਰੋਹ ਦੇ ਅੰਤ ਵਿਚ ਡਾ. ਗੁਰਵਿੰਦਰ ਸਿੰਘ, ਮੁਖੀ ਕੰਪਿਊਟਰ ਸਾਇੰਸਜ਼ ਐਂਡ ਇੰਜੀਨੀਅਰਿੰਗ ਵਿਭਾਗ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਹੋਰ ਅਧਿਆਪਕ ਸਾਹਿਬਾਨ ਵੀ ਮੌਜੂਦ ਸਨ।

Translate »