December 22, 2011 admin

ਵੈਟਨਰੀ ਯੂਨੀਵਰਸਿਟੀ ਦੇ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ, ਵਿਖੇ ਪਸ਼ੂ ਭਲਾਈ ਅਤੇ ਸਿਖਲਾਈ ਕੈਂਪ

੨੨-ਦਸੰਬਰ, ੨੦੧੧:ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਿੰਡ ਬੂਹ (ਤਰਤਾਰਨ) ਵਿਖੇ ਸਥਾਪਿਤ ਕੀਤੇ ਜਾ ਰਹੇ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ ਵਿਖੇ ਪਸ਼ੂ ਭਲਾਈ ਅਤੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।ਜਿਸ ਵਿੱਚ ਪਸ਼ੂਆਂ ਦਾ ਇਲਾਜ ਕਰਨ ਤੋਂ ਇਲਾਵਾ ਪਸ਼ੂ ਪਾਲਕਾਂ ਨੂੰ ਵਿਗਿਆਨਕ ਢੰਗ ਨਾਲ ਪਸ਼ੂ ਪਾਲਣ ਦੇ ਨੁਕਤੇ ਦੱਸੇ ਗਏ।ਇਸ ਮੌਕੇ ਬੀਬਾ ਪ੍ਰਨੀਤ ਕੌਰ ਧਰਮ ਪਤਨੀ ਸ.ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਵੀ ਵਿਸ਼ੇਸ਼ ਤੌਰ ਤੇ ਪਧਾਰੇ। ਉਨ੍ਹਾਂ ਨੇ ਵੈਟਨਰੀ ਯੂਨੀਵਰਸਿਟੀ ਵੱਲੋਂ ਇਸ ਇਲਾਕੇ ਵਿੱਚ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਭਰਪੂਰ ਸ਼ਲਾਘਾ ਕੀਤੀ। ਕੈਂਪ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਪਾਸਾਰ ਸਿੱਖਿਆ ਡਾ. ਰਣਜੋਧਨ ਸਿੰਘ ਸਹੋਤਾ ਨੇ ਕਿਹਾ ਕਿ ਖੇਤੀ ਵਿੱਚ ਵਿਭਿੰਨਤਾ ਇਸ ਵੇਲੇ ਸਮੇਂ ਦੀ ਲੋੜ ਹੈ ਅਤੇ ਪਸ਼ੂ ਪਾਲਣ ਕਿੱਤੇ ਇਸ ਸਬੰਧੀ ਅਹਿਮ ਸਥਾਨ ਰੱਖਦੇ ਹਨ। ਇਸੇ ਲਈ ਇਹ ਕਿੱਤੇ ਲੋਕਾਂ ਵਿੱਚ ਬਹੁਤ ਹਰਮਨ ਪਿਆਰੇ ਹੋ ਰਹੇ ਹਨ ਅਤੇ ਕਿਸਾਨ ਇਨ੍ਹਾਂ ਨੂੰ ਵਪਾਰਕ ਪੱਧਰ ਤੇ ਸੰਪੂਰਨ ਕਿੱੱਤਿਆਂ ਦੇ ਤੌਰ ਤੇ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿੱਚ ਕਿੱਤਾ ਮੁਖੀ ਸਿਖਲਾਈਆਂ, ਪ੍ਰਦਰਸ਼ਨੀਆਂ, ਪਸ਼ੂ ਫਾਰਮ ਵਿੱਚ ਹੀ ਜਾਂਚ ਅਤੇ ਇਲਾਕੇ ਸਬੰਧੀ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕੀਤਾ ਜਾਵੇਗਾ। ਇਲਾਕੇ ਦੇ ਯੁਵਕਾਂ ਨੂੰ ਪਸ਼ੂ ਪਾਲਣ ਕਿੱਤਿਆਂ ਵਿੱਚ ਸਿੱਖਿਅਤ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਹਰ ਵਕਤ ਕਿਸਾਨਾਂ ਦੇ ਸਿੱਧੇ ਸੰਪਰਕ ਵਿੱਚ ਰਹਿੰਦੀ ਹੈ।
ਕੈਂਪ ਵਿੱਚ ਪਸ਼ੂ ਪਾਲਕਾਂ ਨੇ ਆਪਣੇ ਪਸ਼ੂਆਂ ਦੇ ਇਲਾਜ ਲਈ ਡਾਕਟਰਾਂ ਕੋਲੋਂੰ ਉਨ੍ਹਾਂ ਦੀ ਜਾਂਚ ਵੀ ਕਰਵਾਈ। ਲਗਭਗ ੧੫੦ ਪਸ਼ੂਆਂ ਦਾ ਇਲਾਜ ਕੀਤਾ ਗਿਆ। ਪਸ਼ੂਆਂ ਵਿੱਚ ਜਿਆਦਾ ਕੇਸ ਲੇਵੇ ਦੀ ਸੋਜ, ਪਸ਼ੂ ਦਾ ਫਿਰ ਜਾਣਾ, ਬੱਚੇਦਾਨੀ ਦੀ ਸੋਜ, ਚਿੱਚੜਾਂ ਆਦਿ ਦੀ ਸਮੱਸਿਆ ਦੇ ਸਨ। ਯੂਨੀਵਰਸਿਟੀ ਵੱਲੋਂ ਲਗਾਈ ਪ੍ਰਦਰਸ਼ਨੀ ਵਿੱਚ ਤੂੜੀ ਨੂੰ ਯੂਰੀਏ ਨਾਲ ਸੋਧਣ ਅਤੇ ਪਸ਼ੂ ਚਾਟ ਆਦਿ ਬਣਾਉਣ ਦੇ ਢੰਗ ਕਿਸਾਨਾਂ ਨੂੰ ਸਿਖਾਏ ਗਏ।
ਵੈਟਨਰੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਸਰਨਿਰਿੰਦਰ ਸਿੰਘ ਰੰਧਾਵਾ ਨੇ ਖੇਤਰੀ ਖੋਜ ਕੇਂਦਰ ਸਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਕੇਂਦਰ ਮਾਝਾ ਖੇਤਰ ਦੇ ਕਿਸਾਨਾਂ ਲਈ ਬਹੁਤ ਹੀ ਫਾਇਦੇਮੰਦ ਹੋਵੇਗਾ। ਕਿਸਾਨ ਇਸ ਕੇਂਦਰ ਤੋਂ ਯੂਨੀਵਰਸਿਟੀ ਦੀ ਹਰੇਕ ਸਹੂਲਤ, ਸਿਖਲਾਈ ਅਤੇ ਖੋਜ ਦਾ ਫਾਇਦਾ ਆਪਣੇ ਇਲਾਕੇ ਵਿੱਚ ਹੀ ਪ੍ਰਾਪਤ ਕਰ ਸਕਣਗੇ। ਇਹ ਕੇਂਦਰ ਇਲਾਕੇ ਦੇ ਪਸ਼ੂ ਪਾਲਣ ਕਿੱਤਿਆਂ ਦਾ ਮੁਹਾਂਦਰਾ ਬਦਲ ਦੇਵੇਗਾ।ਉਨ੍ਹਾਂ ਕਿਹਾ ਕਿ ਇਹ ਕੇਂਦਰ ਮੱਝਾਂ ਦੀ ਨੀਲੀ ਰਾਵੀ ਨਸਲ ਨੂੰ ਸੁਧਾਰਨ ਅਤੇ ਸੰਭਾਲਣ ਵਾਸਤੇ ਵਿਸ਼ੇਸ਼ ਉਪਰਾਲੇ ਕਰੇਗਾ। ਆਲੇ ਦੁਆਲੇ ਦੇ ਪੰਜ ਪਿੰਡਾਂ ਦੇ ੧੨੫ ਪਰਿਵਾਰਾਂ ਨੂੰ ਚੁਣਿਆ ਜਾਏਗਾ। ਉਨ੍ਹਾਂ ਦਾ ਸਮਾਜਿਕ ਆਰਥਿਕ ਪੱਧਰ ਦਾ ਸਰਵੇ ਕਰਨ ਤੋਂ ਬਾਅਦ ਉਨ੍ਹਾਂ ਦੇ ਭਵਿੱਖੀ ਕਾਰਜਾਂ ਲਈ ਯੂਨੀਵਰਸਿਟੀ ਆਪਣੀਆਂ ਵਿਗਿਆਨਕ ਤਕਨੀਕਾਂ ਅਤੇ ਕਾਰਜਸ਼ੈਲੀ ਉਨ੍ਹਾਂ ਨੂੰ ਦੇਵੇਗੀ। ਇਲਾਕੇ ਵਿੱਚ ਗਾਂਵਾਂ, ਮੱਝਾਂ, ਭੇਡਾਂ ਅਤੇ ਬੱਕਰੀਆਂ ਦੀ ਸਿਹਤ ਸੁਧਾਰ ਵਾਸਤੇ ਕੰਮ ਕੀਤਾ ਜਾਏਗਾ। ਕਿਸਾਨਾਂ ਨੂੰ ਚਾਰਿਆਂ ਦਾ ਅਚਾਰ, ਹੇਅ ਬਣਾਉਣ ਦੇ ਨਾਲ ਨਾਲ ਸੰਤੁਲਿਤ ਅਤੇ ਮਿਸ਼ਰਿਤ ਪਸ਼ੂ ਖੁਰਾਕ ਬਣਾਉਣ ਸਬੰਧੀ ਵੀ ਜਾਗਰੂਕ ਕੀਤਾ ਜਾਏਗਾ। ਦਰਿਆਈ ਪਾਣੀ ਦੀ ਮੱਛੀ ਵਿੱਚ ਵਾਧਾ ਕਰਨ ਅਤੇ ਪਸ਼ੂਆਂ ਦੇ ਪ੍ਰਜਨਣ ਪ੍ਰਬੰਧ ਨੂੰ ਬਿਹਤਰ ਕਰਨ ਲਈ ਮਾਹਿਰਾਂ ਦੇ ਉਪਰਾਲੇ ਲਾਗੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਨੂੰ ਆਸ ਹੈ ਕਿ ਅਸੀਂ ਪੰਜ ਸਾਲਾਂ ਵਿੱਚ ਇਨ੍ਹਾਂ ਅਪਣਾਏ ਹੋਏ ਪਿੰਡਾਂ ਵਿੱਚ ਉੱਤਪਾਦਨ ਦਾ ਪੱਧਰ ੫੦ ਤੋਂ ੧੦੦ ਪ੍ਰਤੀਸ਼ਤ ਤੱਕ ਵਧਾ ਸਕਾਂਗੇ।
ਯੂਨੀਵਰਸਿਟੀ ਦੇ ਵੈਟਨਰੀ ਸਾਇੰਸ ਕਾਲਜ ਦੇ ਡੀਨ ਡਾ. ਹਰਪਾਲ ਸਿੰਘ ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ  ਨਵੀ ਤਕਨਾਲੋਜੀ ਅਤੇ  ਜਾਣਕਾਰੀਆਂ ਕਿਸਾਨਾਂ ਤੱਕ ਪਹੁੰਚਾਈਆਂ ਜਾਣਗੀਆਂ। ਇਸ ਨਾਲ ਜਿੱਥੇ ਉਨ੍ਹਾਂ ਦੇ ਪਸ਼ੂਆਂ ਦੀ ਸਿਹਤ ਸੁਧਾਰ ਵਿੱਚ ਸੁਧਾਰ ਹੋਵੇਗਾ ਉੱਥੇ ਆਰਥਿਕ ਪੱਧਰ ਵੀ ਉੱਚਾ ਹੋਏਗਾ। ਇਹ ਯੋਜਨਾ ਯੂਨੀਵਰਸਿਟੀ ਨੂੰ ਵੀ ਭਵਿੱਖੀ ਖੋਜ ਅਤੇ ਪਾਸਾਰ ਨੀਤੀ ਬਣਾਉਣ ਵਿੱਚ ਮਦਦ ਦੇਵੇਗੀ।
ਇਸ ਮੌਕੇ ਲਗਾਈ ਗਈ ਪ੍ਰਦਰਸ਼ਨੀ ਵਿੱਚ ਪਸ਼ੂ ਪਾਲਕਾਂ ਨੂੰ ਪਸ਼ੂ ਆਹਾਰ, ਬਿਮਾਰੀਆਂ ਅਤੇ ਇਲਾਜ ਸਬੰਧੀ ਨੁਕਤੇ ਮਾਹਿਰਾਂ ਨੇ ਬੜੇ ਸੁੱਚਜੇ ਢੰਗ ਨਾਲ ਦੱਸੇ। ਪਸ਼ੂ ਚਾਰਿਆਂ ਵਿੱਚ ਜ਼ਹਿਰਬਾਦ ਦੀ ਜਾਂਚ ਲਈ ਪੱਠਿਆਂ ਦੇ ਨਮੂਨੇ ਲਏ ਗਏ ਅਤੇ ਡਾ. ਐਮ. ਪੀ. ਗੁਪਤਾ ਨੇ ਉਨ੍ਹਾਂ ਦੀ ਜਾਂਚ ਕਰਕੇ ਕਿਸਾਨਾਂ ਨੂੰ ਨਾਈਟਰੇਟ ਜ਼ਹਿਰਾਂ ਸਬੰਧੀ ਜਾਗਰੂਕ ਕੀਤਾ। ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦੇ ਡੀਨ ਡਾ. ਸਤਿੰਦਰ ਪਾਲ ਸਿੰਘ ਸੰਘਾ ਅਤੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਹਰੀਸ਼ ਕੁਮਾਰ ਵਰਮਾ ਨੇ ਕਿਸਾਨਾਂ ਨਾਲ ਖੁੱਲਾ ਵਿਚਾਰ ਵਟਾਂਦਰਾ ਵੀ ਕੀਤਾ ਤਾਂ ਜੋ ਇਲਾਕੇ ਦੀਆਂ ਲੋੜਾਂ ਨੂੰ ਸਮਝਿਆ ਜਾ ਸਕੇ।ਕੈਂਪ ਦੌਰਾਨ ਮਾਹਿਰਾਂ ਵੱਲੋਂ ਪਸ਼ੂਆਂ ਦੀ ਸੰਭਾਲ, ਖੁਰਾਕ, ਰਹਿਣ ਸਹਿਣ ਦੇ ਪ੍ਰਬੰਧਨ ਸਬੰਧੀ ਲੈਕਚਰ ਵੀ ਦਿੱਤੇ ਗਏ।
  ਪਿੰਡ ਦੀ ਪੰਚਾਇਤ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੇ ਮੰਗ ਕੀਤੀ ਕਿ ਅਜਿਹੇ ਪਸ਼ੂ ਭਲਾਈ ਕੈਂਪ ਛੇਤੀ ਲਗਦੇ ਰਹਿਣ ਤਾਂ ਜੋ ਪਸ਼ੂ ਪਾਲਣ ਕਿੱਤਿਆਂ ਨੂੰ ਹੋਰ ਪ੍ਰਫੁਲਿਤ ਕੀਤਾ ਜਾ ਸਕੇ। ਯੂਨੀਵਰਸਿਟੀ ਅਧਿਕਾਰੀਆਂ ਨੇ ਇਹ ਭਰੋਸਾ ਦਿਵਾਇਆ ਕਿ ਯੂਨੀਵਰਸਿਟੀ ਮਾਹਿਰਾਂ ਨੂੰ ਨਿਰੰਤਰ ਇਲਾਕੇ ਵਿੱਚ ਸਹੂਲਤਾਂ ਦੇਣ ਲਈ ਭੇਜਦੀ ਰਹੇਗੀ।ਲਗਭਗ ੫੦੦ ਕਿਸਾਨਾਂ ਨੇ ਸਮਾਗਮ ਵਿੱਚ ਹਿੱਸਾ ਲਿਆ।

Translate »