-ਜਸਵੰਤ ਸਿੰਘ ‘ਅਜੀਤ’
ਦਸਿਆ ਜਾਂਦਾ ਹੈ ਕਿ ਅਜਕਲ ਸਿੱਖ ਰਾਜਨੀਤੀ ਵਿੱਚ ਸਭ ਤੋਂ ਵੱਧ ਚਰਚਿਤ ਵਿਅਕਤੀ ਸ. ਪ੍ਰਕਾਸ਼ ਸਿੰਘ ਬਾਦਲ ਹੀ ਮੰਨੇ ਜਾ ਰਹੇ ਹਨ। ਹਾਲਾਂਕਿ ਜੇ ਪੰਜਾਬ ਦੀ ਰਾਜਨੀਤੀ ਦੇ ਬੀਤੇ ਦੌਰ ਦੇ ਇਤਿਹਾਸ ਤੇ ਨਜ਼ਰ ਮਾਰੀ ਜਾਏ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਬੀਤੀ ਲਗਭਗ ਅੱਧੀ ਸਦੀ ਤੋਂ ਹੀ ਚਰਚਾ ਵਿੱਚ ਹੀ ਰਹਿੰਦੇ ਚਲੇ ਆ ਰਹੇ ਹਨ। ਪ੍ਰੰਤੂ ਇਸ ਵਾਰ ਉਨ੍ਹਾਂ ਦਾ ਸਭ ਤੋਂ ਵੱਧ ਚਰਚਿਤ ਹੋਣਾ ਬੀਤੇ ਸਮੇਂ ਦੇ ਕਾਰਣਾਂ ਤੋਂ ਬਿਲਕੁਲ ਅੱਡ ਜਾਪਦਾ ਹੈ। ਪਹਿਲਾਂ ਉਨ੍ਹਾਂ ਦੀ ਚਰਚਾ ਅਕਾਲੀ ਅਤੇ ਪੰਜਾਬ ਦੀ ਰਾਜਸੱਤਾ ਨੂੰ ਲੈ ਕੇ ਹੁੰਦੀ ਰਹਿੰਦੀ ਸੀ, ਜਦਕਿ ਇਸ ਵਾਰ ਉਨ੍ਹਾਂ ਦੀ ਚਰਚਾ ਉਨ੍ਹਾਂ ਦੇ ਫਿਰ ਤੋਂ ਪੰਜਾਬ ਦਾ ਮੁੱਖ ਮੰਤ੍ਰੀ ਬਣਨ ਜਾਂ ਨਾ ਬਣਨ ਨੂੰ ਲੈ ਕੇ ਨਹੀਂ, ਸਗੋਂ ਇਸ ਗਲ ਨੂੰ ਲੈ ਕੇ ਹੋ ਰਹੀ ਹੈ ਕਿ ਉਹ ਇਸ ਵਾਰ ਵਿਧਾਨ ਸਭਾ ਦੀ ਚੋਣ ਲੜਨਗੇ ਜਾਂ ਨਹੀਂ?
ਇਹ ਚਰਚਾ ਉਸ ਸਮੇਂ ਸ਼ੁਰੂ ਹੋਈ ਜਦੋਂ ਅਨੰਦਪੁਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਖਾਲਸਾ ਵਿਰਾਸਤੀ ਯਾਦਗਾਰ ਦੇ ਉਦਘਾਟਨੀ ਸਮਾਗਮ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਨੂੰ ‘ਪੰਥ ਰਤਨ ਫਖਰ-ਏ-ਕੌਮ’ ਦੇ ਖਿਤਾਬ ਨਾਲ ਸਨਮਾਨਤ ਕਤੇ ਜਾਣ ਦਾ ਐਲਾਨ ਕੀਤਾ। ਇਸ ਚਰਚਾ ਨੇ ਉਸ ਸਮੇਂ ਜ਼ੋਰ ਪਕੜਿਆ, ਜਦੋਂ ਵਿਵਾਦਾਂ ਅਤੇ ਵਿਰੋਧਾਂ ਦੇ ਬਾਵਜੁਦ ਸ੍ਰੀ ਅਕਾਲ ਤਖ਼ਤ ਤੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕਰ ਸ. ਬਾਦਲ ਨੂੰ ਇਸ ਸਨਮਾਨ ਨਾਲ ਸਨਮਾਨਤ ਕਰ ਦਿੱਤਾ ਗਿਆ।
ਇਸੇ ਚਰਚਾ ਦੌਰਾਨ ਇੱਕ ਪਾਸੇ ਤਾਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਸ. ਪ੍ਰਕਾਸ਼ ਸਿੰਘ ਬਾਦਲ ਸੱਤਾ ਤੋਂ ਬਾਹਰ ਰਹਿ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਦਾ ਮਾਰਗ ਦਰਸ਼ਨ ਕਰਨ ਦੀ ਜ਼ਿਮੇਂਦਾਰੀ ਨਿਭਾਣਗੇ ਅਤੇ ਸ. ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸੱਤਾ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਸੰਭਾਲ ਲੈਣਗੇ। ਉਥੇ ਹੀ ਦੂਸਰੇ ਪਾਸੇ ਧਾਰਮਕ ਚਿੰਤਕਾਂ ਵਲੋਂ ਇਹ ਕਿਹਾ ਜਾਣ ਲਗਾ ਹੈ ਕਿ ਸ੍ਰੀ ਅਕਾਲ ਤਖ਼ਤ ਤੋਂ ‘ਪੰਥ ਰਤਨ ਫਖਰ-ਏ-ਕੌਮ’ ਦੇ ਖਿਤਾਬ ਨਾਲ ਸਨਮਾਨਤ ਹੋਣ ਤੋਂ ਬਾਅਦ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਆਪ ਹੀ ਸ੍ਰੀ ਅਕਾਲ ਤਖ਼ਤ ਤੋਂ ਮਿਲੇ ਇਸ ਖ਼ਿਤਾਬ ਦਾ ਸਨਮਾਨ ਕਾਇਮ ਰਖਦਿਆਂ, ਭਵਿਖ ਵਿੱਚ ਕੋਈ ਵੀ ਚੋਣ ਨਾ ਲੜਨ ਦਾ ਐਲਾਨ ਕਰ ਅਕਾਲੀ ਰਾਜਨੀਤੀ ਤੋਂ ਸੰਨਿਆਸ ਲੈ ਲੈਣ। ਇਹ ਸਨਮਾਨ ਮਿਲਣ ਤੋਂ ਬਾਅਦ ਉਨ੍ਹਾਂ ਦਾ ਕੋਈ ਵੀ ਚੋਣ ਲੜਨਾ ਨਾ ਤਾਂ ਉਨ੍ਹਾਂ ਦੇ ਆਪਣੇ ਹਿਤ ਵਿੱਚ ਹੋਵੇਗਾ ਅਤੇ ਨਾ ਹੀ ਪੰਥਕ ਜਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹੀ ਹਿਤ ਵਿੱਚ। ਇਨ੍ਹਾਂ ਧਾਰਮਕ ਚਿੰਤਕਾਂ ਅਨੁਸਾਰ ਇਸ ਤਰ੍ਹਾਂ ਉਨ੍ਹਾਂ ਦੀ ਅਕਾਲੀ ਰਾਜਨੀਤੀ ਵਿਚੋਂ ਸਨਮਾਨਪੂਰਣ ਵਿਦਾਇਗੀ ਹੋ ਜਾਇਗੀ। ਇਨ੍ਹਾਂ ਚਿੰਤਕਾਂ ਦਾ ਇਹ ਵੀ ਮੰਨਣਾ ਹੈ ਕਿ ਅਕਾਲੀ ਰਾਜਨੀਤੀ ਵਿਚੋਂ ਹੁਣ ਤਕ ਜਿਸ ਤਰ੍ਹਾਂ ਅਪਮਾਨਜਨਕ ਵਿਦਾਇਗੀ ਹੁੰਦੀ ਚਲੀ ਆ ਰਹੀ ਹੈ, ਉਸਤੋਂ ਸ. ਬਾਦਲ ਬਚ ਜਾਣਗੇ। ਇਸਦਾ ਕਾਰਣ ਇਨ੍ਹਾਂ ਚਿੰਤਕਾਂ ਦੇ ਅਨੁਸਾਰ ਇਹ ਵੀ ਹੈ ਕਿ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਰੋਧੀਆਂ ਵਲੋਂ ਉਨ੍ਹਾਂ ਪੁਰ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਾਏ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਤੇ ਇਨ੍ਹਾਂ ਦੋਸ਼ਾਂ, ਭਾਵੇਂ ਉਹ ਸੱਚੇ ਹੋਣ ਜਾਂ ਨਾ ਹੋਣ, ਦੇ ਚਲਦਿਆਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਨੂੰ ਮਿਲੇ ਸਨਮਾਨ ‘ਪੰਥ ਰਤਨ ਫਖਰ-ਏ-ਕੌਮ’ ਦੀ ਜੋ ਫਜੀਹਤ ਹੋਵੇਗੀ, ਉਸਦਾ ਅਨੁਮਾਨ ਸਹਿਜੇ ਹੀ ਨਹੀਂ ਲਾਇਆ ਜਾ ਸਕਦਾ। ਜਿਸ ਨਾਲ ਉਨ੍ਹਾਂ ਨੂੰ ਇਹ ਸਨਮਾਨ ਦਿੰਦਿਆਂ, ਉਨ੍ਹਾਂ ਦਾ ਜੋ ਗੁਣਗਾਨ ਕੀਤਾ ਗਿਆ, ਉਹ ਮਿੱਟੀ ਵਿੱਚ ਰੁਲ ਜਾਇਗਾ। ਇਸ ਕਾਰਣ ਸ. ਬਾਦਲ ਦੇ ਲਈ ਇਹੀ ਚੰਗਾ ਹੋਵੇਗਾ ਕਿ ਉਹ ਆਪ ਹੀ ਆਪਣੇ ਨੂੰ ਮਿਲੇ ਇਸ ਸਨਮਾਨ ਦੀ ਲਾਜ ਰਖਣ ਦੇ ਉਦੇਸ਼ ਨਾਲ ਪਹਿਲਾਂ ਹੀ ਚੋਣ ਲੜਨ ਤੋਂ ਕਿਨਾਰਾ ਕਰ ਲੈਣ।
ਕੀਰਤਨ ਦਰਬਾਰ ਬਨਾਮ ਰਾਜਨੀਤੀ : ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਸੀਨੀਅਰ ਮੀਤ ਪ੍ਰਧਾਨ ਸ. ਕੁਲਦੀਪ ਸਿੰਘ ਸਾਹਨੀ ਦੇ ਜਤਨਾਂ ਅਤੇ ਗੁਰੂ ਨਾਨਕ ਸੇਵਕ ਜੱਥੇ ਵਲੋਂ ਅਰਜਨ ਨਗਰ ਸਿੰਘ ਸਭਾ ਦੇ ਮੁਖੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਅਰਜਨ ਨਗਰ ਵਿਖੇ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪ੍ਰਮੁਖ ਰਾਗੀ ਜਥਿਆਂ ਨੇ ਗੁਰਬਾਣੀ ਦੇ ਕੀਰਤਨ ਰਾਹੀਂ ਧਾਰਮਕ ਵਾਤਾਵਰਣ ਦਾ ਸਿਰਜਨ ਕੀਤਾ। ਇਸ ਮੌਕੇ ਤੇ ਬਾਦਲ ਅਕਾਲੀ ਦਲ ਦੇ ਪ੍ਰਦੇਸ਼ ਮੁਖੀਆਂ ਨੇ ਸੰਗਤਾਂ ਨੂੰ ਨੇੜ ਭਵਿਖ ਹੋਣ ਜਾ ਰਹੇ ਗੁਰਦੁਆਰਾ ਚੋਣਾਂ ਵਿੱਚ ਧਾਰਮਕ ਜੀਵਨ ਵਾਲੇ ਉਮੀਦਵਾਰਾਂ ਨੂੰ ਹੀ ਜੇਤੂ ਬਣਾਉਣ ਲਈ ਪ੍ਰੇਰਿਤ ਕੀਤਾ। ਇਸਦੇ ਨਾਲ ਹੀ ਉਨ੍ਹਾਂ ਗੁਰਦੁਆਰਾ ਕਮੇਟੀ ਵਿੱਚ ਕਥਤ ਭ੍ਰਿਸ਼ਟਾਚਾਰ ਵਧਣ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਬੰਧ-ਅਧੀਨ ਵਿਦਿਅਕ ਸੰਸਥਾਵਾਂ ਦੇ ਪੱਧਰ ਦੇ ਡਿਗਦਿਆਂ ਜਾਣ ਤੇ ਚਿੰਤਾ ਪ੍ਰਗਟ ਕਰਦਿਆਂ ਗੁਰਦੁਆਰਾ ਪ੍ਰਬੰਧ ਵਿੱਚ ਬਦਲਾਉ ਲਿਆਣ ਦਾ ਉਨ੍ਹਾਂ ਨੂੰ ਸਦਾ ਦਿੱਤਾ।
ਗਲ ਗੁਰਦੁਆਰਾ ਗਿਅਨ ਗੋਦੜੀ ਦੀ : ਬੀਤੇ ਕਾਫੀ ਸਮੇਂ ਤੋਂ ਕੁਝ ਸਿੱਖ ਸੰਸਥਾਵਾਂ ਵਲੋਂ ਹਰਿਦੁਆਰ (ਉਤਰਾਖੰਡ) ਵਿਖੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛਹੁ ਪ੍ਰਾਪਤ ਧਰਤੀ ਤੇ ਸਥਿਤ ‘ਗੁਰਦੁਆਰਾ ਗਿਆਨ ਗੋਦੜੀ’, ਜਿਸ ਬਾਰੇ ਦਸਿਆ ਜਾਂਦਾ ਹੈ ਕਿ ੧੯੮੪ ਦੇ ਘਲੂਘਾਰੇ ਦੌਰਾਨ ਗਿਰਾ ਦਿੱਤਾ ਗਿਆ ਸੀ ਅਤੇ ਉਸ ਜਗ੍ਹਾ ਸਮੇਂ ਦੀ ਸਰਕਾਰ ਦੀ ਸ਼ਹਿ ਤੇ ਗੈਰ-ਸਮਾਜਕ ਤੱਤਾਂ ਨੇ ਕਬਜ਼ਾ ਕਰ ਲਿਆ ਸੀ, ਨੂੰ ਸਿੱਖਾਂ ਦੇ ਹਵਾਲੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਵਿਢਿਆ ਗਿਆ ਹੋਇਆ ਹੈ। ਬੀਤੇ ਦਿਨੀਂ ਸੰਤ ਬਲਜੀਤ ਸਿੰਘ ਦਾਦੂਵਾਲ ਵਾਲਿਆਂ ਨੇ ਆਪਣੇ ਅਰੰਭੇ ਸੰਘਰਸ਼ ਅਧੀਨ ਦਿੱਲੀ ਵਿਖੇ ਵਿਸ਼ਾਲ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਮਹਤਵਪੂਰਣ ਆਪਣਾ ਪੂਰਾ ਯੋਗਦਾਨ ਪਾਇਆ ਗਿਆ। ਇਨ੍ਹਾਂ ਜਥੇਬੰਦੀਆਂ (ਦਿੱਲੀ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ) ਦੇ ਮੁਖੀਆਂ ਅਤੇ ਵਰਕਰਾਂ ਨੇ ਪ੍ਰਦਰਸ਼ਨ ਵਿੱਚ ਵੀ ਵੱਧ-ਚੜ੍ਹ ਕੇ ਆਪਣੀ ਸ਼ਮੂਲੀਅਤ ਦਰਜ ਕਰਵਾਈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤ੍ਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਇਸ ਉਦੇਸ਼ ਦੀ ਪ੍ਰਾਪਤੀ ਲਈ ਸੰਤ ਬਲਜੀਤ ਸਿੰਘ ਦਾਦੂਵਾਲ ਵਲੋਂ ਜੋ ਵੀ ਪ੍ਰੋਗਰਾਮ ਉਲੀਕੇ ਜਾਣਗੇ, ਉਨ੍ਹਾਂ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ ਅਤੇ ਵਰਕਰ ਵੱਧ-ਚੜ੍ਹ ਕੇ ਸ਼ਾਮਲ ਹੋਣਗੇ।
ਦਸਿਆ ਜਾਂਦਾ ਹੈ ਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੇਂਦਰੀ ਲੀਡਰਸ਼ਿਪ ਅਤੇ ਉਸਦੀ ਦਿੱਲੀ ਇਕਾਈ ਦੇ ਮੁਖੀਆਂ ਵਿਚੋਂ ਕਿਸੇ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਤਿਹਾਸਕ ਯਾਦਗਾਰ ਗੁਰਦੁਆਰਾ ਗਿਆਨ ਗੋਦੜੀ ਨੂੰ ਸਰਕਾਰੀ ਪੰਜੇ ਵਿਚੋਂ ਆਜ਼ਾਦ ਕਰਵਾਉਣ ਦੇ ਉਦੇਸ਼ ਨਾਲ ਦਿੱਲੀ ਵਿੱਚ ਹੋਏ ਪ੍ਰਦਰਸ਼ਨ ਵਿੱਚ ਨਾ ਤਾਂ ਕੋਈ ਸਹਿਯੋਗ ਕੀਤਾ ਅਤੇ ਨਾ ਹੀ ਉਸ ਵਿੱਚ ਆਪਣੀ ਹਾਜ਼ਰੀ ਹੀ ਦਰਜ ਕਰਵਾਈ। ਇਸਦਾ ਕਾਰਣ ਸ਼ਾਇਦ ਇਹ ਮੰਨਿਆ ਜਾ ਰਿਹਾ ਹੈ ਕਿ ਉਤਰਾਖੰਡ ਵਿੱਚ ਬਾਦਲ ਅਕਾਲੀ ਦਲ ਦੀ ਸਹਿਯੋਗੀ ਪਾਰਟੀ, ਭਾਜਪਾ ਦੀ ਹਕੂਮਤ ਕਾਇਮ ਹੈ। ਇਸ ਲਈ ਬਾਦਲ ਅਕਾਲੀ ਦਲ ਦੇ ਮੁਖੀ ਇਸ ਪ੍ਰਦਰਸ਼ਨ ਵਿੱਚ ਹਿਸਾ ਲੈ ਜਾਂ ਇਸ ਸੰਘਰਸ਼ ਦਾ ਹਿਸਾ ਬਣ ਸਹਿਯੋਗੀ ਪਾਰਟੀ ਨੂੰ ਨਾਰਾਜ਼ ਕਰਨਾ ਨਹੀਂ ਚਾਹੁੰਦੇ।
ਸਿੱਖੀ ਵਿੱਚ ਸਹਿਜਧਾਰੀ ਪਰੰਪਰਾ : ਬੀਤੇ ਦਿਨੀਂ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਹਿਜਧਾਰੀਆਂ ਦੇ ਮਤਾਧਿਕਾਰ ਨੂੰ ਮੁੜ ਬਹਾਲ ਕਰ ਦਿਤੇ ਜਾਣ ਸੰਬੰਧੀ ਦਿਤੇ ਗਏ ਫੈਸਲੇ ਨੂੰ ਲੈਕੇ ਇੱਕ ਵਾਰ ਫਿਰ ਸਹਿਜਧਾਰੀ ਪਰੰਪਰਾ ਦੇ ਸੰਬੰਧ ਵਿੱਚ ਗੰਭੀਰ ਚਰਚਾ ਛਿੜ ਪਈ ਹੈ। ਇਥੇ ਇਹ ਗਲ ਵਰਨਣਯੋਗ ਹੈ ਕਿ ਇਹ ਚਰਚਾ ਬੀਤੇ ਕਾਫੀ ਸਮੇਂ ਤਕ ਸਿੱਖਾਂ ਵਿਚ ਹੁੰਦੀ ਚਲੀ ਆਉਂਦੀ ਰਹੀ। ਇਥੋਂ ਤਕ ਕਿਹਾ ਜਾਣ ਲਗ ਪਿਆ ਸੀ ਕਿ ਸਿੱਖੀ ਵਿੱਚ ਸਹਿਜਧਾਰੀ ਨਾਂ ਦੀ ਕੋਈ ਪਰੰਪਰਾ ਹੈ ਹੀ ਨਹੀਂ। ਪ੍ਰੰਤੂ ਕੁਝ ਸਿੱਖ ਵਿਦਵਾਨਾਂ ਅਨੁਸਾਰ ਜੇ ਸਿੱਖ ਇਤਿਹਾਸ ਨੂੰ ਗੰਭੀਰਤਾ ਦੇ ਨਾਲ ਘੋਖਿਆ ਜਾਏ ਤਾਂ ਇਹ ਗਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਸਹਿਜਧਾਰੀ ਪਰੰਪਰਾ ਦਾ ਉਭਾਰ ਉਸ ਸਮੇਂ ਤੋਂ ਮੰਨਿਆ ਜਾਂਦਾ ਹੈ, ਜਦੋਂ ਇਕ ਪਾਸੇ ਸਿੱਖ ਆਪਣੀ ਹੋਂਦ ਅਤੇ ਸਿੱਖੀ ਦੇ ਆਦਰਸ਼ਾਂ ਪੁਰ ਪਹਿਰਾ ਦਿੰਦਿਆਂ ਗ਼ਰੀਬ-ਮਜ਼ਲੂਮ ਦੀ ਰੱਖਿਆ ਲਈ ਜਬਰ ਤੇ ਜ਼ੁਲਮ ਦੇ ਵਿਰੁਧ ਸੰਘਰਸ਼ ਕਰ ਰਹੇ ਸਨ ਅਤੇ ਦੂਜੇ ਪਾਸੇ ਜ਼ਾਲਮਾਂ ਵਲੋਂ ਉਨ੍ਹਾਂ ਦਾ ਖੁਰਾ-ਖੋਜ ਮਿਟਾਣ ਲਈ ਸ਼ਿਕਾਰ ਮੁਹਿੰਮਾਂ ਚਲਾਈਆਂ ਜਾ ਰਹੀਆਂ ਸਨ ਤੇ ਉਨ੍ਹਾਂ ਦੇ ਸਿਰਾਂ ਦੇ ਮੁਲ ਮੁਕੱਰਰ ਕੀਤੇ ਜਾ ਰਹੇ ਸਨ। ਉਸ ਸਮੇਂ ਗੁਰੂ-ਘਰ ਅਤੇ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਅਤੇ ਵਿਸ਼ਵਾਸ ਰਖਣ ਵਾਲੇ ਕੁਝ ਹਿੰਦੂ ਪਰਿਵਾਰ ਜ਼ਾਲਮ ਹਾਕਮਾਂ ਦੀਆਂ ਨਜ਼ਰਾਂ ਬਚਾ, ਉਨ੍ਹਾਂ ਤਕ ਵਸ ਲਗਦਿਆਂ ਮਦਦ ਤਾਂ ਪਹੁੰਚਾਂਦੇ ਹੀ ਸਨ, ਇਸਦੇ ਨਾਲ ਹੀ ਸ਼ਹੀਦ ਹੋਣ ਵਾਲੇ ਸਿੱਖਾਂ ਦੀ ਨਫ਼ਰੀ ਨੂੰ ਪੂਰਿਆਂ ਕਰਨ ਲਈ ਆਪਣਾ ਇਕ ਪੁਤਰ ਵੀ ਸਿੱਖਾਂ ਨੂੰ ਸੌਂਪ ਦਿੱਤਾ ਕਰਦੇ ਸਨ। ਜਦੋਂ ਇਨ੍ਹਾਂ ਪਰਿਵਾਰਾਂ ਦੇ ਮੁੱਖੀਆਂ ਪਾਸੋਂ ਉਨ੍ਹਾਂ ਦੇ ਬੱਚਿਆਂ ਬਾਰੇ ਪੁਛਿਆ ਜਾਂਦਾ ਤਾਂ ਉਹ ਦਸਦੇ ਸਨ ਕਿ ਉਨ੍ਹਾਂ ਦੇ ਚਾਰ ਪੁਤਰ ਸਨ, ਪਰ ਇਕ ਸਿੱਖ ਬਣ ਗਿਆ ਹੈ, ਤੇ ਹੁਣ ਤਿੰਨ ਰਹਿ ਗਏ ਹਨ। ਉਨ੍ਹਾਂ ਦੇ ਇਸ ਕਥਨ ਵਿਚ ਬਹੁਤ ਡੂੰਘਾ ਭਾਵ ਛੁਪਿਆ ਹੋਇਆ ਹੁੰਦਾ ਸੀ। ਉਹ ਇਹ ਕਿ ਉਸ ਸਮੇਂ ਇਹ ਮੰਨਿਆ ਜਾਂਦਾ ਸੀ ਕਿ ਜੋ ਬੱਚਾ ਸਿੱਖ ਬਣ ਗਿਆ, ਉਹ ਸਿੱਖੀ ਦੇ ਆਦਰਸ਼ਾਂ ਪੁਰ ਪਹਿਰਾ ਦਿੰਦਿਆਂ ਸ਼ਹੀਦ ਹੋ ਹੀ ਜਾਇਗਾ। ਇਹ ਜਾਣਦਿਆਂ ਹੋਇਆਂ ਵੀ ਉਹ ਆਪਣਾ ਇਕ ਬੱਚਾ ਸਿੱਖਾਂ ਨੂੰ ਸੌਂਪ ਦਿਤਾ ਕਰਦੇ ਸਨ। ਉਨ੍ਹਾਂ ਦਿਨਾਂ ਤੋਂ ਹੀ ਗੁਰੂ ਘਰ ਅਤੇ ਗੁਰੂ ਸਾਹਿਬਾਨ ਪ੍ਰਤੀ ਵਿਸ਼ਵਾਸ ਅਤੇ ਸ਼ਰਧਾ ਰਖਣ ਵਾਲੇ ਹਿੰਦੂ ਪਰਿਵਾਰਾਂ, ਜਿਨ੍ਹਾਂ ਨੂੰ ਸਹਿਜਧਾਰੀ ਕਹਿ ਕੇ ਸਨਮਾਨਤ ਕੀਤਾ ਜਾਂਦਾ ਸੀ, ਵਿਚ ਪਹਿਲੇ ਪੁੱਤਰ ਨੂੰ ਸਿੱਖ ਬਣਾਏ ਜਾਣ ਦੀ ਪਰੰਪਰਾ ਅਰੰਭ ਹੋਈ ਮੰਨੀ ਜਾਂਦੀ ਹੈ।
…ਅਤੇ ਅੰਤ ਵਿੱਚ : ਜੋ ਪਰਿਵਾਰ ਪੋਠੋਹਾਰ ਅਤੇ ਸਿੰਧ ਦੀ ਧਰਤੀ ਨਾਲ ਸਬੰਧ ਰਖਦੇ ਹਨ, ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਗ਼ੈਰ-ਕੇਸਾਧਾਰੀਅ ਵੱਡੀ ਗਿਣਤੀ ਵਿਚ ਗੁਰਦੁਆਰਿਆਂ ਵਿਚ ਆਇਆ ਕਰਦੇ ਸਨ, ਜੋ ਸ੍ਰੀ ਗੁਰੂ ਗ੍ਰੰਥ ਸਹਿਬ ਪ੍ਰਤੀ ਸ਼ਰਧਾ ਅਤੇ ਦਸਾਂ ਗੁਰੂ ਸਾਹਿਬਾਨ ਦੀ ਸਿੱਖਿਆ ਪ੍ਰਤੀ ਦ੍ਰਿੜ੍ਹ ਵਿਸ਼ਵਾਸ ਰਖਦੇ ਸਨ। ਉਹ ਆਪਣੇ ਸਾਰੇ ਪਰਿਵਾਰਕ ਕਾਰਜ ਗੁਰੂ ਸਾਹਿਬਾਨ ਦਾ ਓਟ-ਆਸਰਾ ਲੈ ਕੇ ਸਿੱਖ ਰਹੁ-ਰੀਤਾਂ ਅਤੇ ਮਰਿਆਦਾ ਅਨੁਸਾਰ ਹੀ ਕਰਦੇ ਸਨ। ਅਜਿਹੇ ਕਈ ਪਰਿਵਾਰ ਅੱਜ ਵੀ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿਸਿਆਂ ਵਿਚ ਵੱਸੇ ਹੋਏ ਹਨ। ਇਹ ਸਹਿਜਧਾਰੀ ਅਖਵਾਉਂਦੇ ਸਨ, ਕਿਉਂਕਿ ਇਹ ਕੇਸ ਨਹੀਂ ਸਨ ਰਖਦੇ। ਇਨ੍ਹਾਂ ਦੇ ਪਰਿਵਾਰਾਂ ਵਿਚ ਪਹਿਲੇ ਬੱਚੇ ਨੂੰ ਸਿੱਖ, ਅਰਥਾਤ ਕੇਸਾਧਾਰੀ ਬਣਾਇਆ ਜਾਂਦਾ ਸੀ।
ੰੋਬਲਿe : + ੯੧ ੯੮ ੬੮ ੯੧ ੭੭ ੩੧