December 23, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ 21ਵੀਂ ਸਦੀ ਵਿਚ ਕੈਮਿਸਟਰੀ ਵਿਸ਼ੇ ‘ਤੇ ਦੋ ਰੋਜ਼ਾ ਨੈਸ਼ਨਲ ਸਿੰਪੋਜ਼ੀਅਮ ਸ਼ੁਰੂ

ਅੰੰਮ੍ਰਿਤਸਰ, 23 ਦਸੰਬਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵੱਲੋਂ 21ਵੀਂ ਸਦੀ ਵਿਚ ਕੈਮਿਸਟਰੀ ਵਿਸ਼ੇ ‘ਤੇ ਦੋ ਰੋਜ਼ਾ ਨੈਸ਼ਨਲ ਸਿੰਪੋਜ਼ੀਅਮ ਅੱਜ ਇਥੇ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਸ਼ੁਰੂ ਹੋ ਗਿਆ। ਇਹ ਸਿੰਪੋਜ਼ੀਅਮ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਅਤੇ ਸੀ.ਐਸ.ਆਈ.ਆਰ. ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਸਿੰਪੋਜ਼ੀਅਮ ਦਾ ਉਦਘਾਟਨ ਸੀ.ਬੀ.ਐਮ.ਆਰ, ਲਖਨਊ ਦੇ ਪ੍ਰੋਫੈਸਰ ਸੀ.ਐਲ. ਖੇਤਰਪਾਲ ਨੇ ਕੀਤਾ ਜਦੋਂਕਿ ਇਸ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਕੀਤੀ। ਇਸ ਮੌਕੇ ਕੁੰਜੀਵਤ ਭਾਸ਼ਣ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦੇ ਡਾਇਰੈਕਟਰ, ਪ੍ਰੋ. ਪੀ. ਬਲਰਾਮ ਨੇ ਕੀਤਾ। ਸਿੰਪੋਜ਼ੀਅਮ ਦੇ ਕੋਆਰਡੀਨੇਟਰ ਅਤੇ ਵਿਭਾਗ ਦੇ ਮੁਖੀ, ਡਾ. ਸੁਬੋਧ ਕੁਮਾਰ ਨੇ ਜੀ ਆਇਆਂ ਆਖਿਆ ਅਤੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਵਿਭਾਗ ਦੇ ਪ੍ਰੋਫੈਸਰ ਡਾ. ਐਮ.ਐਸ. ਹੁੰਦਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਸਿੰਪੋਜ਼ੀਅਮ ਵਿਚ ਦੇਸ਼ ਦੇ ਵੱਖ-ਵੱ      ਖ ਰਾਜਾਂ ਤੋਂ 150 ਤੋਂ ਵੱਧ ਵਿਗਿਆਨੀ ਭਾਗ ਲੈ ਰਹੇ ਹਨ।
ਪ੍ਰੋ. ਖੇਤਰਪਾਲ ਨੇ ਇਸ ਮੌਕੇ ਬੋਲਦਿਆਂ ਖੋਜ ਦੇ ਅੰਤਰ-ਅਨੁਸ਼ਾਸਨੀ ਸੈਂਟਰਾਂ ਦੀ ਸਥਾਪਨਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਗਿਆਨ ਦੀਆਂ ਸ਼ਾਖਾਵਾਂ ਨੂੰ ਇਕ ਦੂਜੇ ਤੋਂ ਨਾ ਹੀ ਵੱਖ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਹੱਦਾਂ ਵਿਚ ਬੰਨ੍ਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਅੰਤਰ-ਅਨੁਸ਼ਾਸਨੀ ਖੋਜ ਕੇਂਦਰਾਂ  ਦੀ ਸਥਾਪਨਾ ਸਮੇਂ ਦੀ ਵੱਡੀ ਲੋੜ ਹੈ, ਜਿਸ ‘ਤੇ ਵਿਸ਼ੇਸ਼ ਕਰਕੇ ਧਿਆਨ ਦੇਣ ਦੀ ਲੋੜ ਹੈ।
ਆਪਣੇ ਮੁੱਖ ਭਾਸ਼ਣ ਵਿਚ ਪ੍ਰੋ. ਬਲਰਾਮ ਨੇ ਉੱਨਵੀਂ ਅਤੇ ਵੀਂਹਵੀਂ ਸਦੀ ਵਿਚ ਵਿਗਿਆਨ ਦੇ ਦਾਰਸ਼ਨਿਕ ਵਿਕਾਸ ਦੀ ਗੱਲ ਕਰਦਿਆਂ ਜ਼ੋਰ ਦਿੱਤਾ ਕਿ ਇਹ ਵਿਕਾਸ ਮੌਜੂਦਾ ਸਮੇਂ ਵਿਚ ਵਿਗਿਆਨ ਨੂੰ ਹੋਰ ਬੁਲੰਦੀਆਂ ਵੱਲ ਲੈ ਕੇ ਜਾਵੇਗਾ। ਉਨ੍ਹਾਂ ਕਿਹਾ ਕਿ ਮਨੁੱਖਤਾ ਦੇ ਵਿਕਾਸ ਲਈ ਕੁਦਰਤੀ ਸੋਮਿਆਂ ਤੋਂ ਮਿਲਣ ਵਾਲੇ ਧਰਤੀ ਦੇ ਵਸਨੀਕਾਂ ਨੂੰ ਭਵਿੱਖ ਵਿਚ ਹੋਰ ਸਹੂਲਤਾਂ ਦੇਣ ਲਈ ਸਹਾਈ ਹੋਵੇਗਾ।
ਵਾਈਸ-ਚਾਂਸਲਰ ਪ੍ਰੋ. ਬਰਾੜ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਵਿਗਿਆਨ ਦੀਆਂ ਨਿਆਂਮਤਾਂ ਤੋਂ ਮਨੁੱਖੀ ਜੀਵਨ ਜਾਂਚ ਨੂੰ ਹੋਏ ਲਾਭਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਿਗਿਆਨ ਤੋਂ ਹੋਰ ਲਾਭ ਲੈਣ ਲਈ ਮੁੱਢਲੇ ਵਿਗਿਆਨ ਨੂੰ ਨਹੀਂ ਅਣਗੌਲਿਆਂ ਕਰਨਾ ਚਾਹੀਦਾ । ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਵਿਗਿਆਨ ਵੱਲ ਆਕਰਸ਼ਤ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਿਆਰੀ ਖੋਜਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਯੂਨੀਵਰਸਿਟੀ ਵਿਚ ਸਮਾਜ ਦੀਆਂ ਲੋੜਾਂ ਨੂੰ ਧਿਆਨ ਵਿਚ ਰਖਦਿਆਂ ਹੋਰ ਕੋਰਸ ਸ਼ੁਰੂ ਕੀਤੇ ਜਾਣਗੇ।

Translate »