ਅੰਮ੍ਰਿਤਸਰ, 23 ਦਸੰਬਰ – ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਐਸ.ਐਸ.ਬੀ. ਗਲੋਬਲ ਸਕੂਲ, ਤਰਨ ਤਾਰਨ ਰੋਡ ਵਿਖੇ ਪਾਣੀ ਦੀ ਸੰਭਾਲ ਅਤੇ ਪੌਦਿਆਂ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਲੈਕਚਰ ਦਾ ਆਯੋਜਨ ਕੀਤਾ। ਮੰਚ ਦੇ ਪ੍ਰੈਸ ਸਕੱਤਰ ਲਖਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਇਸ ਲੈਕਚਰ ਦੇ ਮੁੱਖ ਵਕਤਾ ਮੰਚ ਦੇ ਪ੍ਰਧਾਨ ਪ੍ਰਿੰ: ਅੰਮ੍ਰਿਤ ਲਾਲ ਮੰਨਣ ਅਤੇ ਮੀਤ ਪ੍ਰਧਾਨ ਦਲਜੀਤ ਸਿੰਘ ਕੋਹਲੀ ਸਨ। ਪੌਦਿਆਂ ਦੇ ਮਹੱਤਵ ਬਾਰੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਮੰਨਣ ਨੇ ਕਿਹਾ ਕਿ ਪੌਦੇ ਮਨੁੱਖਤਾ ਦੇ ਵਿਕਾਸ ਲਈ ਅਤਿ ਲੋੜੀਂਦੇ ਹਨ। ਪੌਦਿਆਂ ਦੀ ਹੌਂਦ ਕਾਰਣ ਵਾਤਾਵਰਣ ਸਾਫ ਸੁਥਰਾ, ਸ਼ੀਤਲ ਅਤੇ ਤਾਜਗੀ ਭਰਪੂਰ ਰਹਿੰਦਾ ਹੈ। ਲਗਾਤਾਰ ਪੌਦਿਆਂ ਦੇ ਘਟਣ ਨਾਲ ਹਵਾ ਦਾ ਪ੍ਰਦੂਸ਼ਣ ਵੱਧ ਰਿਹਾ ਹੈ। ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਮੌਜੂਦ ਪੌਦਿਆਂ ਦੀ ਸਾਂਭ ਸੰਭਾਲ ਵੱਲ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ। ਪਾਣੀ ਦੇ ਮਹੱਤਵ ਬਾਰੇ ਬੋਲਦਿਆਂ ਦਲਜੀਤ ਸਿੰਘ ਕੋਹਲੀ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਜਮੀਨ ਹੇਠਲੇ ਪਾਣੀ ਦਾ ਤਲ ਕਾਫੀ ਉੱਚਾ ਸੀ। 15-20 ਫੁੱਟ ਬੌਰ ਕਰਨ ਨਾਲ ਹੀ ਹੈਂਡ ਪੰਪ ਦਾ ਪਾਣੀ ਮਿਲ ਜਾਂਦਾ ਸੀ। ਪਾਣੀ ਦੀ ਲਗਾਤਾਰ ਦੁਰਵਰਤੋਂ ਕਾਰਨ ਇਸਦਾ ਤਲ ਹਰ ਸਾਲ ਨੀਵਾਂ ਹੁੰਦਾ ਜਾ ਰਿਹਾ ਹੈ। ਬਦਕਿਸਮਤੀ ਦੀ ਗੱਲ ਹੈ ਕਿ ਜਮੀਨ ਹੇਠਲੇ ਪਾਣੀ ਦੇ ਤਲ ਨੂੰ ਉੱਚਾ ਕਰਨ ਲਈ ਪਹਿਲਾਂ ਜੋ ਛੱਪੜ, ਤਲਾਬ ਪਿੰਡਾਂ ਵਿੱਚ ਹੁੰਦੇ ਸਨ, ਕਾਫੀ ਸਹਾਇਤਾ ਕਰਦੇ ਸਨ ਉਨ•ਾਂ ਸਭ ਦੀ ਜਗ•ਾ ਰਿਹਾਇਸ਼ੀ ਅਬਾਦੀਆਂ ਬਣ ਰਹੀਆਂ ਹਨ। ਇਸ ਰੁਝਾਨ ਨੂੰ ਰੋਕਣ ਦੀ ਲੋੜ ਹੈ। ਘਰਾਂ ਵਿੱਚ ਮੌਜੂਦ ਟੈਂਕੀਆਂ ਭਰ ਜਾਣ ਤੋਂ ਬਾਅਦ ਪਾਣੀ ਅਕਸਰ ਬਾਹਰ ਵਗਦਾ ਰਹਿੰਦਾ ਹੈ। ਇਸੇ ਤਰ•ਾਂ ਘਰਾਂ ਵਿੱਚ ਭਾਂਡੇ ਜਾਂ ਕੱਪੜੇ ਧੌਣ ਸਮੇਂ ਵੀ ਪਾਣੀ ਦੀ ਟੂਟੀ ਲਗਾਤਾਰ ਖੁੱਲੀ ਛੱਡੀ ਜਾਂਦੀ ਹੈ ਅਤੇ ਪਾਣੀ ਫਜੂਲ ਵਗਦਾ ਰਹਿੰਦਾ ਹੈ। ਸਮੇਂ ਦੀ ਲੋੜ ਹੈ ਕਿ ਹਰ ਇੱਕ ਨਾਗਰਿਕ ਪਾਣੀ ਦੀ ਸੁਚੱਜੀ ਵਰਤੋਂ ਕਰੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਪਾਣੀ ਦੀ ਘਾਟ ਕਾਰਨ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਿਆ ਜਾ ਸਕੇ। ਸਕੂਲ ਦੇ ਵਾਇਸ ਪ੍ਰਿੰਸੀਪਲ ਜਸਜੀਤ ਕੌਰ ਅਤੇ ਸਕੂਲ ਦੇ ਮੈਨੇਜਰ ਸਾਹਿਬ ਨੇ ਵੀ ਯਕੀਨ ਦਿਵਾਇਆ ਕਿ ਉਹ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਪਾਣੀ ਅਤੇ ਪੌਦਿਆਂ ਦੀ ਸੰਭਾਲ ਲਈ ਵੱਧ ਤੋਂ ਵੱਧ ਜਾਗਰੂਕ ਕਰਨਗੇ। ਇਸ ਮੌਕੇ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਗੁਰਮੀਤ ਸਿੰਘ ਭੱਟੀ, ਸਕੂਲ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।